ਛੇੜਖਾਨੀ ਰੋਕਣ ਲਈ ਬਣਾਇਆ ਗਿਆ ਐਪ, ਇੰਝ ਕਰਦੈ ਕੰਮ

05/21/2019 5:12:45 PM

ਟੋਕੀਓ (ਬਿਊਰੋ)— ਜਾਪਾਨ ਵਿਚ ਟੋਕੀਓ ਪੁਲਸ ਨੇ ਛੇੜਛਾੜ ਕਰਨ ਵਾਲਿਆਂ ਨੂੰ ਡਰਾਉਣ ਲਈ ਇਕ ਸਮਾਰਟਫੋਨ ਐਪ ਬਣਾਇਆ ਜੋ ਕਿ ਦੇਸ਼ ਵਿਚ ਹਿੱਟ ਹੋ ਗਿਆ। ਇੱਥੇ ਔਰਤਾਂ ਲੰਬੇਂ ਸਮੇਂ ਤੱਕ ਭੀੜ-ਭੜੱਕੇ ਵਾਲੀਆਂ ਟਰੇਨਾਂ ਵਿਚ ਛੇੜਖਾਨੀ ਦੀ ਸ਼ਿਕਾਰ ਹੁੰਦੀਆਂ ਸਨ ਪਰ ਕੁਝ ਨਹੀਂ ਸੀ ਕਰ ਪਾਉਂਦੀਆਂ। ਭਾਵੇਂਕਿ ਹੁਣ ਉਨ੍ਹਾਂ ਕੋਲ 'ਐਂਟੀ ਗ੍ਰੋਪਰ ਐਪ' ਹੈ। ਛੇੜਖਾਨੀ ਦੇ ਸ਼ਿਕਾਰ ਹੋਣ 'ਤੇ ਲੋਕ ਡੀਜੀ ਪੁਲਸ ਐਪ ਨੂੰ ਸਰਗਰਮ ਕਰ ਸਕਦੇ ਹਨ ਜੋ ਜਾਂ ਤਾਂ ਇਕ ਆਵਾਜ਼ ਵਿਚ ਬੋਲਦਾ ਹੈ 'ਸਟੌਪ ਇਟ' (ਇਸ ਨੂੰ ਬੰਦ ਕਰੋ) ਜਾਂ ਫਿਰ ਮੋਬਾਈਲ ਦੀ ਪੂਰੀ ਸਕਰੀਨ 'ਤੇ ਐੱਸ.ਓ.ਐੱਸ. ਸੰਦੇਸ਼ ਦਿਖਾਉਂਦਾ ਹੈ। 

ਇਸ ਸੰਦੇਸ਼ ਵਿਚ ਲਿਖਿਆ ਹੁੰਦਾ ਹੈ,''ਇੱਥੇ ਇਕ ਛੇੜਖਾਨੀ ਕਰਨ ਵਾਲਾ ਹੈ, ਕ੍ਰਿਪਾ ਕਰ ਕੇ ਮੇਰੀ ਮਦਦ ਕਰੋ।'' ਇਸ ਮੈਸੇਜ ਨੂੰ ਪੀੜਤਾ ਆਪਣੇ ਫੋਨ ਜ਼ਰੀਏ ਹੋਰ ਯਾਤਰੀਆਂ ਨੂੰ ਦਿਖਾ ਸਕਦੀ ਹੈ। ਪੁਲਸ ਅਧਿਕਾਰੀ ਕੇਇਕੋ ਟਾਏਮਾਈਨ ਨੇ ਕਿਹਾ,''ਇਸ ਐਪ ਨੂੰ 2.37 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ। ਕਿਸੇ ਪਬਲਿਕ ਸਰਵਿਸ ਐਪ ਲਈ ਇਹ ਨਿਸ਼ਚਿਤ ਰੂਪ ਨਾਲ ਵੱਡਾ ਅੰਕੜਾ ਹੈ।'' ਟਾਏਮਾਈਨ ਨੇ ਦੱਸਿਆ ਕਿ ਐਪ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਹਰ ਮਹੀਨੇ ਲੱਗਭਗ 10,000 ਯੂਜ਼ਰਸ ਇਸ ਐਪ ਨੂੰ ਡਾਊਨਲੋਡ ਕਰ ਰਹੇ ਹਨ। 

ਉਨ੍ਹਾਂ ਨੇ ਦੱਸਿਆ ਕਿ ਪੀੜਤ ਲੋਕ ਅਕਸਰ ਮਦਦ ਲਈ ਕਿਸੇ ਨੂੰ ਬੁਲਾਉਣ ਤੋਂ ਡਰਦੇ ਹਨ ਪਰ ਐੱਸ.ਓ.ਐੱਸ. ਸੰਦੇਸ਼ ਮੋਡ ਦੀ ਵਰਤੋਂ ਕਰਕੇ ਉਹ ਹੋਰ ਯਾਤਰੀਆਂ ਨੂੰ ਚੁੱਪ ਰਹਿੰਦੇ ਹੋਏ ਵੀ ਛੇੜਖਾਨੀ ਕਰਨ ਵਾਲੇ ਦੇ ਬਾਰੇ ਵਿਚ ਜਾਣਕਾਰੀ ਦੇ ਸਕਦੇ ਹਨ। ਟੋਕੀਓ ਮੈਟਰੋਪਾਲੀਟਨ ਪੁਲਸ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2017 ਵਿਚ ਟੋਕੀਓ ਟਰੇਨਾਂ ਅਤੇ ਸਬਵੇਅ ਤੇ ਲੱਗਭਗ 900 ਛੇੜਖਾਨੀ ਅਤੇ ਹੋਰ ਦੁਰਵਿਵਹਾਰ ਕਰਨ ਦੇ ਮਾਮਲੇ ਸਾਹਮਣੇ ਆਏ ਸਨ ਪਰ ਅਸਲੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ ਕਿਉਂਕਿ ਅਕਸਰ ਇਸ ਦੇ ਸ਼ਿਕਾਰ ਲੋਕ ਸਾਹਮਣੇ ਆਉਣ ਤੋਂ ਬਚਦੇ ਹਨ। ਇੱਥੇ ਦੱਸ ਦਈਏ ਕਿ ਜਾਪਾਨ ਵਿਚ ਇਸ ਤਰ੍ਹਾਂ ਦੇ ਜ਼ੁਰਮ ਕਰਨ ਵਾਲੇ ਅਪਰਾਧੀ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਜਾਂ 5,500 ਡਾਲਰ (3.83 ਲੱਖ ਰੁਪਏ) ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਹਿੰਸਾ ਕਰਨ ਜਾਂ ਧਮਕੀ ਦੇਣ 'ਤੇ ਸੰਭਾਵਿਤ ਜੇਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਤੱਕ ਕੀਤਾ ਜਾ ਸਕਦਾ ਹੈ।


Vandana

Content Editor

Related News