ਇਟਲੀ ''ਚ ਗਣਤੰਤਰ ਦਿਵਸ ਮੌਕੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਕਾਨੂੰਨ ਦੀਆਂ ਉਡਾਈਆਂ ਧੱਜੀਆਂ

06/04/2020 10:39:08 PM

ਰੋਮ, (ਕੈਂਥ)- ਇਟਲੀ ਦੇ ਰੀਪਬਲਿਕ ਡੇਅ ਮੌਕੇ ਇਟਲੀ ਦੀਆਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਰੋਮ ਵਿੱਚ ਇੱਕ ਪ੍ਰਦਰਸ਼ਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਜਾਨਾਂ ਦੀ ਪਰਵਾਹ ਨਹੀਂ ਬਲਕਿ ਉਨ੍ਹਾਂ ਨੂੰ ਸਿਰਫ ਆਪਣੇ ਰਾਜਨੀਤਕ ਮਕਸਦ ਪੂਰੇ ਕਰਨ ਦੀ ਚਾਹਤ ਹੈ। 

ਰੀਪਬਲਿਕ ਡੇਅ ਮੌਕੇ ਉਨ੍ਹਾਂ ਨੇ ਨਾਂ ਤੇ ਸਮਾਜਿਕ ਦੂਰੀ ਵਿੱਚ ਆਪਣੀ ਰੁਚੀ ਦਿਖਾਈ ਅਤੇ ਨਾ ਹੀ ਉਨ੍ਹਾਂ ਨੇ ਕੋਈ ਮਾਸਕ ਪਹਿਨੇ ਸਨ। ਇਸ ਦੇ ਨਾਲ ਉਨ੍ਹਾਂ ਨੇ ਬਹੁਤ ਵੱਡਾ ਇਕੱਠ ਕੀਤਾ ਜੋ ਕਿ ਕਾਨੂੰਨੀ ਰੂਪ ਵਿੱਚ ਵੀ ਗਲਤ ਸੀ। ਜੇਕਰ ਕਾਨੂੰਨੀ ਰੂਪ 'ਤੇ ਨਾ ਵੀ ਜਾਈਏ ਪਰ ਨੈਤਿਕ ਰੂਪ ਵਿੱਚ ਵੀ ਇੰਨੇ ਲੋਕਾਂ ਦੀ ਮੌਤ ਹੋਣ ਦੇ ਬਾਅਦ ਤੇ ਖਾਸ ਕਰਕੇ ਜਦੋਂ ਕਿ ਰੀਪਬਲਿਕ ਡੇਅ 'ਤੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ, ਓਧਰ ਇਹ ਰਾਜਨੀਤਕ ਵਿਰੋਧੀ ਪਾਰਟੀਆਂ ਦੇ ਮਤੇਉ ਸਾਲਵੀਨੀ ਅਤੇ ਜਾਰਜ ਮਾਲੋਨੀ ਆਪਣੇ ਸਮਰਥਕਾਂ ਨੂੰ ਇਕੱਠੇ ਕਰਕੇ ਇੱਕ ਤਰ੍ਹਾਂ ਨਾਲ ਮਰਨ ਵਾਲਿਆਂ ਦੀ ਬੇਇੱਜ਼ਤੀ ਕਰ ਰਹੇ ਸਨ। ਉਨ੍ਹਾਂ ਡਾਕਟਰਾਂ ਅਤੇ ਨਰਸਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਦੀਆਂ ਸ਼ਹਾਦਤਾਂ ਨਾਲ ਵੀ ਇੱਕ ਕਿਸਮ ਦਾ ਖਿਲਵਾੜ ਸੀ ਜਿੱਥੇ ਇਸ ਵਿਰੋਧ ਵਿੱਚ ਸ਼ਾਮਲ ਹੋ ਕੇ ਲੋਕਾਂ ਨੇ ਮੌਜੂਦਾ ਸਰਕਾਰ ਨੂੰ ਆਪਣੀ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਉਲਟਾ ਅਸਰ ਇਹ ਹੋਇਆ ਕਿ ਸੋਸ਼ਲ ਮੀਡੀਆ ਅਤੇ ਸਾਰੀ ਇਟਲੀ ਵਿੱਚ ਇਹ ਗਲਤ ਸੰਦੇਸ਼ ਗਿਆ ਕਿ ਰਾਜਨੀਤੀ ਵਾਲੇ ਲੋਕ ਇੰਨੀ ਵੱਡੀ ਗ਼ਲਤੀ ਕਿਵੇਂ ਕਰ ਸਕਦੇ ਹਨ। 

ਇਟਲੀ ਅਤੇ ਹੋਰ ਦੇਸ਼ਾਂ ਵਿੱਚ ਇਹ ਗੱਲ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਟਲੀ 'ਚ ਸਥਿਤੀ ਅਜੇ ਪੂਰੀ ਤਰ੍ਹਾਂ ਸੰਭਲੀ ਨਹੀਂ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਉਪਰੋਕਤ ਪ੍ਰਦਰਸ਼ਨ ਕਰ ਦਿੱਤਾ ਗਿਆ ਸੋ ਇਹ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਕਾਨੂੰਨੀ ਰੂਪ ਵਿੱਚ ਇਨ੍ਹਾਂ ਦੋਹਾਂ ਪਾਰਟੀ ਪ੍ਰਤੀਨਿਧੀਆਂ ਖਿਲਾਫ ਕੀ ਕਾਰਵਾਈ ਕਰਦੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰਦਰਸ਼ਨ ਦੌਰਾਨ ਪੁਲਸ ਕਰਮੀਆਂ ਨਾਲ ਵੀ ਕਈ ਲੋਕਾਂ ਦੀ ਮੁੱਠਭੇੜ ਹੋਈ ਅਤੇ ਕੁਝ ਲੋਕਾਂ ਵਲੋਂ ਇੱਥੋਂ ਦੇ ਰਾਸ਼ਟਰਪਤੀ ਵਿਰੁੱਧ ਵੀ ਗਾਲੀ-ਗਲੋਚ ਅਤੇ ਕੂੜ ਪ੍ਰਚਾਰ ਕੀਤਾ ਗਿਆ। ਕੁਝ ਵੀ ਹੋਵੇ ਇਹ ਕਹਿਣਾ ਬਣਦਾ ਹੈ ਕਿ ਰਾਜਨੀਤਿਕ ਲੋਕਾਂ ਨੂੰ ਸਿਰਫ ਆਪਣੇ ਸਿਆਸੀ ਲਾਹਾਂ ਨਾਲ ਹੀ ਭਾਅ ਹੁੰਦਾ ਹੈ ਲੋਕਾਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ।


Lalita Mam

Content Editor

Related News