ਨੈਸ਼ਨਲ ਧਰਮ ਪ੍ਰਚਾਰ ਕਮੇਟੀ ਵੱਲੋਂ ਆਸਟਰੀਆ ਦੀਆਂ ਸੰਗਤਾਂ ਨੂੰ ਧਰਮ ਰਜਿਸਟਰਡ ਹੋਣ ‘ਤੇ ਵਧਾਈ
Saturday, Jan 02, 2021 - 02:41 PM (IST)
ਰੋਮ, (ਕੈਂਥ)- ਨੈਸ਼ਨਲ ਧਰਮ ਪ੍ਰਚਾਰ ਕਮੇਟੀ(ਰਜਿ:) ਇਟਲੀ, ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਅਤੇ ਸਮੂਹ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਇਟਲੀ ਦੇ ਗੁਆਂਢੀ ਦੇਸ਼ ਅਸਟਰੀਆ ਵਿੱਚ ਸਿੱਖ ਧਰਮ ਦੀ ਸਰਕਾਰੀ ਤੌਰ ਤੇ ਮਨਜੂਰੀ ਮਿਲਣ ‘ਤੇ ਆਸਟਰੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਇਸ ਸ਼ੁਭ ਕਾਰਜ ਲਈ ਵਧਾਈਆਂ ਦਿੱਤੀਆਂ ਗਈਆਂ ਹਨ। ਖਾਸ ਤੌਰ ਤੇ ਜਿਨ੍ਹਾਂ ਨੌਜਵਾਨਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ, ਉਨ੍ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।
ਯੂਰਪ ਦੇ ਪ੍ਰਮੁੱਖ ਦੇਸ਼ ਆਸਟਰੀਆ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਹੋਣੀ ਸਿੱਖ ਕੌਂਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਇਸ ਦੇ ਨਾਲ ਸਿੱਖ ਧਰਮ ਨੂੰ ਯੂਰਪ ਦੇ ਵਿਚ ਵਧਣ-ਫੁੱਲਣ ਲਈ ਹੋਰ ਵੀ ਸਹਾਇਤਾ ਮਿਲੇਗੀ।ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਨੂੰ ਅਪਨਾਉਣ ਅਤੇ ਸਿੱਖ ਧਰਮ ਵਿਚ ਪ੍ਰਪੱਕ ਰਹਿਣ ਲਈ ਮਦਦ ਮਿਲੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਲ ਹੋਰ ਲੋਕਾਂ ਨੂੰ ਵੀ ਜੋੜਿਆ ਜਾ ਸਕੇਗਾ ਅਤੇ ਸਿੱਖੀ ਦਾ ਪ੍ਰਚਾਰ, ਪ੍ਰਸਾਰ ਪਹਿਲਾਂ ਤੋਂ ਵੀ ਜ਼ਿਆਦਾ ਹੋਵੇਗਾ।
ਇਹ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੋਵੇਗਾ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਭਾਈ ਸਤਵਿੰਦਰ ਸਿੰਘ ਮੁੱਖ ਸੇਵਾਦਾਰ ਨੈਸ਼ਨਲ ਧਰਮ ਪ੍ਰਚਾਰ ਕਮੇਟੀ (ਰਜਿ:)ਇਟਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਲੀ ਵਿਚ ਸ਼ੁਰੂ ਤੋਂ ਹੀ ਧਰਮ ਦੀ ਰਜਿਸਟ੍ਰੇਸ਼ਨ, ਧਰਮ ਦੇ ਪ੍ਰਚਾਰ, ਪ੍ਰਸਾਰ ਵਾਸਤੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਵੱਲੋਂ ਹਮੇਸ਼ਾਂ ਤੋਂ ਹੀ ਮਹੱਤਵਪੂਰਨ ਉਸਾਰੂ ਰੋਲ ਨਿਭਾਇਆ ਹੈ। ਬੀਤੇ ਕੁਝ ਮਹੀਨਿਆਂ ਤੋਂ ਸਿੱਖ ਧਰਮ ਦੀ ਸਰਕਾਰੀ ਤੌਰ ਤੇ ਮਨਜੂਰੀ ਵਾਸਤੇ ਗਤੀਵਿਧੀਆਂ ਹੋਰ ਤੇਜ ਕਰਦਿਆਂ ਸਮੂਹ ਜਥੇਬੰਦੀਆਂ ਨਾਲ ਏਕਤਾ ਲਈ ਪਹਿਲ ਕੀਤੀ ਗਈ ਹੈ ਤੇ ਤਾਲਾਬੰਦੀ ਖੁਲਦਿਆਂ ਹੀ ਮਨਿਸਟਰੀ ਨਾਲ ਮੁਲਾਕਾਤ ਕਰਕੇ ਆਖਰੀ ਸਥਿਤੀ ਕੀ ਹੈ, ਇਸ ਬਾਰੇ ਸਾਰੀਆਂ ਹੀ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਸਮੂਹ ਇਟਲੀ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ, ਸਮੂਹ ਸਿੱਖ ਜਥੇਬੰਦੀਆਂ ਨੂੰ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਨਾਲ ਸੰਪਰਕ ਕਰਨ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹ ਸੰਗਤਾਂ ਆਪਣੇ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨਾਂ ਨਾਲ ਸੰਪਰਕ ਕਰਨ ਤਾਂ ਜੋ ਜਲਦ ਧਰਮ ਰਜਿਸਟਰਡ ਕਰਵਾਉਣ ਸੰਬਧੀ ਕਾਰਵਾਈ ਨੇਪਰੇ ਚਾੜ੍ਹੀ ਜਾ ਸਕੇ। ਜਿਸ ਤਰ੍ਹਾਂ ਹੁਣ ਤੱਕ ਸਿੱਖ ਸੰਗਤਾਂ ਜਮਹੂਰੀ ਸੰਵਿਧਾਨਕ ਢੰਗਾਂ ਨਾਲ, ਸ਼ਾਂਤੀ ਅਤੇ ਖੁਸ਼ੀ ਨਾਲ ਇਟਲੀ ਵਿੱਚ ਜੀਵਨ ਬਸਰ ਕਰ ਰਹੀਆਂ ਹਨ ਅਤੇ ਇਟਲੀ ਦੀ ਤਰੱਕੀ ਵਿੱਚ ਹਿੱਸਾ ਪਾ ਰਹੀਆਂ ਹਨ।
ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ ਇਸੇ ਵਿਚ ਹੀ ਸਾਡੇ ਸਾਰਿਆਂ ਦੇ ਭਵਿੱਖ ਦੀ ਭਲਾਈ ਹੈ। ਭਾਈ ਸਤਵਿੰਦਰ ਸਿੰਘ ਨੇ ਇਟਲੀ ਦੀ ਸੰਗਤ ਨੂੰ ਸੰਬੋਧਿਤ ਕਰਦੇ ਕਿਹਾ ਕਿ ਆਓ ਸਾਰੇ ਰਲ-ਮਿਲ ਕੇ ਸਿੱਖ ਧਰਮ ਦੀ ਇਟਲੀ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਬਣਦੀ ਕਾਨੂੰਨੀ ਕਾਰਵਾਈ ਪੂਰੀ ਕਰੀਏ। ਇਸ ਵਿੱਚ ਸਾਰੇ ਹੀ ਆਪਣਾ ਯੋਗਦਾਨ ਪਾਈਏ ਇਹ ਕਿਸੇ ਇਕੱਲੇ ਦਾ ਕੰਮ ਨਹੀਂ ਹੈ। ਇਟਲੀ ਦੀ ਸਮੂਹ ਸਿੱਖ ਸੰਗਤ ਵਧਾਈ ਦੀ ਪਾਤਰ ਹੈ ਜੋ ਸ਼ਾਂਤੀਪੂਰਵਕ ਜਮਹੂਰੀ ਢੰਗ ਨਾਲ ਤਰੱਕੀ ਕਰ ਰਹੀ ਹੈ।
ਨੌਜਵਾਨ ਆਏ ਦਿਨ ਨਵੇਂ ਨਵੇਂ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ।ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਜੋ ਕਿ ਦਿੱਲੀ ਵਿਖੇ ਚੱਲ ਰਿਹਾ ਹੈ, ਉਸ ਸੰਬੰਧੀ ਮੌਜੂਦਾ ਸਮੇਂ ਦੀ ਜਾਣਕਾਰੀ ਹਮੇਸ਼ਾਂ ਹੀ ਕਿਸਾਨ ਆਗੂਆਂ ਅਤੇ ਸਮਾਜ ਸੇਵੀਆਂ ਨਾਲ ਗੱਲਬਾਤ ਕਰਕੇ ਲਈ ਜਾ ਰਹੀ ਹੈ। ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਹਮੇਸ਼ਾਂ ਤੋਂ ਹੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹੈ। ਦਿੱਲੀ ਵਿਖੇ ਨਿਰੰਤਰ ਸੇਵਾਵਾਂ ਜਾਰੀ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੁਸ਼ਕਲ ਦੀ ਘੜੀ ਉਪਰ ਕਿਸਾਨਾਂ ਦੀ ਮਦਦ ਕਰਨੀ ਬਹੁਤ ਹੀ ਜਰੂਰੀ ਹੈ ਪਰ ਸਾਵਧਾਨ ਹੋ ਕੇ ਦਾਨ ਸਹੀ ਇਨਸਾਨ ਜਾਂ ਸੰਸਥਾ ਨੂੰ ਹੀ ਦਿੱਤਾ ਜਾਵੇ।
ਸਮਾਨ ਦਿੱਲੀ ਵਿਖੇ ਜੋ ਕਿਸਾਨ ਸਟੋਰ ਬਣੇ ਹੋਏ ਹਨ ਉੱਥੇ ਪਹੁੰਚਦਾ ਕੀਤਾ ਜਾਵੇ ਤਾਂ ਜੋ ਸਮਾਨ ਸਹੀ ਲੋੜਵੰਦ ਕਿਸਾਨਾਂ ਤੱਕ ਪਹੁੰਚ ਸਕੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਸਾਰੇ ਹੀ ਆਪਣੀ ਯਥਾਰਥ ਸ਼ਕਤੀ ਮੁਤਾਬਕ ਇਸ ਸੰਘਰਸ਼ ਵਿਚ ਹਿੱਸਾ ਪਾਓ। ਇਟਲੀ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਵਿੱਚ ਦੋਵੇਂ ਵੇਲੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜੋ ਕਿ ਫਤਹਿ ਹੋਣ ਤੱਕ ਹੁੰਦੀ ਰਹੇਗੀ।