ਰੋਜ਼ੀ-ਰੋਟੀ ਲਈ ਇਟਲੀ ਜਾ ਰਹੇ ਪੰਜਾਬੀ, ਪਰ ਇਟਲੀ ਦੇ ਨੌਜਵਾਨ ਚੰਗੇ ਭਵਿੱਖ ਲਈ ਆਪ ਛੱਡ ਰਹੇ ਨੇ ਦੇਸ਼
Friday, Dec 29, 2023 - 05:30 AM (IST)
ਰੋਮ (ਦਲਵੀਰ ਕੈਂਥ): ਇਟਲੀ ਬੇਸ਼ੱਕ ਭਾਰਤੀ ਖਾਸਕਰ ਪੰਜਾਬੀ ਲੋਕਾਂ ਦਾ ਮਹਿਬੂਬ ਦੇਸ਼ ਹੈ ਪਰ ਇਟਲੀ ਦੀ ਜਵਾਨੀ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਕਾਰਨ ਇਟਲੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੈ ਜਿਸਦੇ ਚੱਲਦਿਆਂ ਪਿਛਲੇ 2 ਦਹਾਕਿਆਂ ਦੌਰਾਨ 30 ਲੱਖ ਤੋਂ ਵਧੇਰੇ ਨੌਜਵਾਨ ਇਟਲੀ ਤੋਂ ਕਿਨਾਰਾ ਕਰ ਚੁੱਕੇ ਹਨ। ਇਸ ਗੱਲ ਦਾ ਖ਼ੁਲਾਸਾ ਇਟਲੀ ਦੀ ਮੁੱਖ ਅੰਕੜਾ ਏਜੰਸੀ ਇਸਤਤ ਨੇ ਕਰਦਿਆਂ ਕਿਹਾ ਇਸ ਸਮੇਂ ਇਟਲੀ ਵਿਚ 10 ਮਿਲੀਅਨ ਤੋਂ ਵਧੇਰੇ ਨੌਜਵਾਨ ਹਨ ਜਿਨ੍ਹਾਂ ਨੇ ਇਟਲੀ ਦੀ ਵਾਗਡੋਰ ਸੰਭਾਲਣੀ ਹੈ ਪਰ ਸੰਨ 2003 ਤੋਂ ਇਸ ਗਿਣਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਹੜੀ ਕਿ ਹੁਣ 23 ਫੀਸਦੀ ਨੂੰ ਵੀ ਪਾਰ ਕਰ ਚੁੱਕੀ ਹੈ। ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਕਿ 18 ਤੋਂ 34 ਸਾਲ ਦੇ ਨੌਜਵਾਨਾਂ ਦੀ ਸਭ ਤੋਂ ਘੱਟ ਗਿਣਤੀ ਹੈ ਇਹ ਅੰਕੜਾ 17.5 % ਸੰਨ 2021 ਦਾ ਹੈ ਜਿਹੜਾ ਕਿ ਔਸਤ ਨਾਲੋਂ 19. 6% ਘੱਟ ਹੈ। ਇਸ ਵਕਤ ਜਦੋਂ ਕਿ ਇਟਲੀ ਦੀ ਜਵਾਨੀ ਇਟਲੀ ਵਿਚ ਆਪਣਾ ਭਵਿੱਖ ਸੁਰੱਖਿਅਤ ਨਹੀਂ ਸਮਝ ਰਹੀ ਅਜਿਹੀ ਸਥਿਤੀ ਵਿਚ ਏਸ਼ੀਅਨ ਤੇ ਕਈ ਹੋਰ ਦੇਸ਼ਾਂ ਦੇ ਲੋਕ ਇਟਲੀ ਆਪਣਾ ਬਿਹਤਰ ਭਵਿੱਖ ਬਣਾਉਣ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਧੜਾ-ਧੜ ਆਉਂਦੇ ਹੀ ਜਾ ਰਹੇ ਹਨ ਜਾਂ ਫਿਰ ਕਿਸੇ ਹੋਰ ਦੇਸ਼ ਜਾਣ ਨੂੰ ਵੀ ਇਟਲੀ ਦਾ ਦਰਵਾਜ਼ਾ ਹੀ ਵਰਤ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ
ਇਟਾਲੀਅਨ ਨੌਜਵਾਨ ਦੇਸ਼ ਛੱਡ ਰਹੇ ਹਨ ਇਹ ਇਕ ਵੱਡਾ ਮੁੱਦਾ ਹੈ। ਇਸਤਤ ਦੇ ਵਿਸ਼ਲੇਸ਼ਣ ਅਨੁਸਾਰ ਦੱਖਣੀ ਇਟਲੀ ਅਜਿਹਾ ਖੇਤਰ ਹੈ ਜਿੱਥੇ ਕਿ ਨੌਜਵਾਨ ਵਰਗ ਦੀ ਗਿਣਤੀ ਆਮ ਨਾਲੋਂ ਕਾਫ਼ੀ ਘੱਟ ਹੈ ਸੰਨ 2002 ਤੋਂ ਇੱਥੇ 28 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਪੜ੍ਹਾਈ ਨੂੰ ਲੈ ਕੇ ਬੱਚੇ ਸੰਤੁਸਟ ਨਹੀਂ ਕਿਉਂਕਿ ਯੂਨੀਵਰਸਿਟੀ ਵਿਚ ਕੋਰਸ ਜ਼ਿਆਦਾ ਵਧੀਆ ਨਹੀਂ ਸਮਝੇ ਜਾ ਰਹੇ। ਬਹੁਤੇ ਕਾਲਜ ਵੀ ਫ਼ੰਡਾਂ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਹਨ। ਇਟਲੀ ਦੇ ਸਚੀਲੀਆ ਸੂਬੇ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਕਤਾਨੀਆ ਵਿਖੇ ਸਥਿਤ ਹੈ ਇਹ ਦੇਸ਼ ਦੀ ਸਭ ਤੋਂ ਪ੍ਰਸਿੱਧ ਯੂਨੀਵਰਸੀਆ ਵਿਚੋਂ ਇਕ ਹੈ। ਦੱਖਣੀ ਇਟਲੀ ਵਿਚ ਚੰਗੇ ਮੌਕਿਆਂ ਅਤੇ ਕੰਮ ਕਰਨ ਦੀਆਂ ਸਥਿਤੀਆਂ ਦੀ ਘਾਟ ਕਾਰਨ ਇੱਥੇ ਦੇਸ਼ ਦੇ ਦੂਜੇ ਖੇਤਰਾਂ ਨਾਲੋਂ ਨੌਜਵਾਨਾਂ ਵਿਚ 41.6% ਨਿਰਾਸ਼ਾਜਨਕ ਰੁਜਗਾਰ ਦਰ ਹੈ। ਦੱਖਣੀ ਇਟਲੀ ਦੇ 30 ਤੋਂ 39 ਸਾਲ ਦੀ ਉਮਰ ਦੇ ਨੌਜਵਾਨ ਆਪਣੇ ਮਾਪਿਆਂ ਨਾਲ ਹੀ ਜਿ਼ਆਦਾਕਰ ਰਹਿੰਦੇ ਹਨ। ਇਨ੍ਹਾਂ ਵਿਚ 5 ਵਿਚੋਂ 1 ਨੌਜਵਾਨ ਆਪਣੇ ਭੱਵਿਖ ਕਾਰਨ ਚਿੰਤਕ ਹੈ ਤੇ ਬਹੁਤੇ ਨੌਜਵਾਨ ਆਪਣਾ ਭੱਵਿਖ ਧੁੰਦਲਾ ਦੇਖ ਇੱਥੋਂ ਹੋਰ ਦੇਸ਼ਾਂ ਵੱਲ ਕੂਚ ਕਰ ਗਏ ਹਨ ਕਈ ਕਰਨ ਲਈ ਮਜ਼ਬੂਰ ਹਨ। ਇਸ ਇਲਾਕੇ ਵਿਚ ਵਿਕਾਸ, ਅਧਿਐਨ ਤੇ ਰੁਜ਼ਗਾਰ ਦੇ ਮੌਕੇ ਦੇਣ ਵਿਚ ਸੰਬਧਤ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਅਸਫ਼ਲ ਹੈ।
ਇਹ ਖ਼ਬਰ ਵੀ ਪੜ੍ਹੋ - ਅਬੂਧਾਬੀ ’ਚ ਹਿੰਦੂ ਮੰਦਰ ਬਣ ਕੇ ਤਿਆਰ, 24 ਫਰਵਰੀ ਨੂੰ ਪੀ. ਐੱਮ. ਮੋਦੀ ਕਰਨਗੇ ਉਦਘਾਟਨ
ਇੱਥੇ ਇਹ ਵੀ ਚਿੰਤਾ ਦਾ ਵੱਡਾ ਵਿਸ਼ਾ ਹੈ ਕਿ ਇਟਲੀ ਜਿੱਥੋਂ ਨੌਜਵਾਨ ਵਰਗ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਹੈ ਉੱਥੇ ਹੀ ਨੌਜਵਾਨ ਵਰਗ ਵਿਚ ਵਿਆਹ ਕਰਵਾਉਣ ਦਾ ਰੁਝਾਨ ਵੀ ਪਿਛਲੇ 2-3 ਦਹਾਕਿਆ ਤੋਂ ਨਾਂਹ ਦੇ ਬਰਾਬਰ ਹੋਣ ਕਾਰਨ ਬੱਚਿਆਂ ਦੀ ਜਨਮ ਦਰ ਵੀ ਨਿਰੰਤਰ ਗਿਰਾਵਟ ਹੋਣ ਕਾਰਨ ਸੂਬਾ ਸਰਕਾਰਾਂ ਨੂੰ ਭੱਵਿਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਕਈ ਨਗਰ ਪਾਲਿਕਾਵਾਂ ਨੇ ਨਗਰ ਵਿਚ ਪੱਕੇ ਬਾਸਿੰਦੇ ਬਣਨ ਲਈ ਆਕਰਸ਼ਕ ਮੁਹਿੰਮਾਂ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਨੌਜਵਾਨ ਵਰਗ ਦਾ ਦਿਲ ਹਾਲੇ ਤੱਕ ਨਹੀਂ ਠਹਿਰਦਾ ਕਿ ਉਹ ਇਟਲੀ ਰਹਿ ਕੇ ਹੀ ਜ਼ਿੰਦਗੀ ਬਤੀਤ ਕਰਨ ਜਿਵੇਂ ਕਿ ਇਸ ਵਕਤ ਪੰਜਾਬੀ ਨੌਜਵਾਨਾਂ ਦਾ ਨਹੀਂ ਠਹਿਰ ਰਿਹਾ ਕਿ ਉਹ ਪੰਜਾਬ ਹੀ ਮਾਪਿਆਂ ਨਾਲ ਰਹਿਣ ਤੇ ਭਵਿੱਖ ਬਿਹਤਰ ਦੇ ਚੱਕਰਾਂ ਵਿਚ ਗੈਰ ਕਾਨੂੰਨੀ ਢੰਗ ਤਰੀਕੇ ਅਪਨਾਉਂਦੇ ਅਨੇਕਾਂ ਨੌਜਵਾਨਾਂ ਜਿੱਥੇ ਆਪ ਦੁਨੀਆਂ ਤੋਂ ਬੇਵਕਤੀ ਚਲੇ ਗਏ ਉੱਥੇ ਮਾਪਿਆਂ ਨੂੰ ਬੁਢਾਪੇ ਵਿਚ ਧੱਕੇ-ਧੋਲੇ ਖਾਣ ਲਈ ਛੱਡ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8