ਇਟਲੀ : ਪੰਜਾਬਣ ਧੀ ਨੇ ਚਮਕਾਇਆ ਮਾਪਿਆ ਦਾ ਨਾਂ

07/12/2020 8:49:54 AM

ਮਿਲਾਨ , (ਸਾਬੀ ਚੀਨੀਆ)- ਇਟਲੀ ਰਹਿੰਦੇ ਭਾਰਤੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟ ਕੇ ਨਿਰੰਤਰ ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਮੋਧਨਾ ਸ਼ਹਿਰ ਦੇ ਲੀਚੇਓ ਸਾਇਟੀਫਿਕ ਟਾਸੋਨੀ ਇੰਸਟੀਚਿਉਟ ਵਿਖੇ 5 ਸਾਲ ਦੇ ਕੋਰਸ ਦੀ ਸਮਾਪਤੀ ਮੌਕੇ ਆਏ ਨਤੀਜਿਆਂ ਵਿਚ ਰੋਪੜ ਜਿਲ੍ਹੇ ਦੇ ਪਿੰਡ ਕਕਰਾਲੀ ਨਾਲ਼ ਸਬੰਧਤ ਮਨਜੋਤ ਕੌਰ ਸੋਹੀ (ਸਪੁੱਤਰੀ ਕੁਲਜੀਤ ਸਿੰਘ ਕਾਸਤਲਫਰਾਂਕੋ (ਇਟਲੀ) ਨੇ ਇਮਤਿਹਾਨ ਵਿਚੋਂ 100 ਫੀਸਦੀ ਨੰਬਰ ਹਾਸਲ ਕੀਤੇ ਹਨ।

ਮਨਜੋਤ ਕੌਰ ਹੁਣ ਯੂਨੀਵਰਸਟੀ ਆਫ ਲੰਡਨ ਤੋਂ ਅਗਲੀ ਪੜ੍ਹਾਈ ਕਰੇਗੀ ਅਤੇ ਬਿਜ਼ਨਸ ਵਿਚ ਡਿਗਰੀ ਹਾਸਲ ਕਰਕੇ ਇਸ ਖੇਤਰ ਵਿਚ ਅੱਗੇ ਵਧੇਗੀ। ਇਹ ਪਰਿਵਾਰ ਲੰਬੇ ਸਮੇਂ ਤੋਂ ਇਟਲੀ ਦੇ ਮੋਧਨਾ ਨੇੜਲੇ ਸ਼ਹਿਰ ਕਾਸਤਲਫਰਾਂਕੋ ਈਮੀਲੀਆ ਵਿਖੇ ਰਹਿ ਰਿਹਾ ਹੈ। ਲੜਕੀ ਮਨਜੋਤ ਕੌਰ ਦੀ ਇਸ ਵਿੱਦਿਅਕ ਪ੍ਰਾਪਤੀ ਨਾਲ਼ ਪਰਿਵਾਰ ਦੇ ਨਾਲ਼-ਨਾਲ਼ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ।

ਇੰਸਟੀਚਊਟ ਦੇ ਪ੍ਰੋਫੈਸਰਾਂ ਨੇ ਵੀ ਮਨਜੋਤ ਕੌਰ ਦੇ ਵਿੱਦਿਅਕ ਗੁਣਾਂ ਦੀ ਉਚੇਚੇ ਤੌਰ 'ਤੇ ਸਿਫਤ ਕਰਦਿਆਂ ਉਸ ਦੀ ਹੌਂਸਲਾ ਅਫਜਾਈ ਕੀਤੀ ਹੈ। ਦੱਸਣਯੋਗ ਹੈ ਕਿ ਇਟਲੀ 'ਚ ਇਸ ਸਾਲ ਆਏ ਨਤੀਜਿਆਂ ਵਿਚ ਭਾਰਤੀ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕਰਕੇ ਭਾਰਤੀ ਵਿਦਿਆਰਥੀਆਂ ਦੇ ਸਮੁੱਚੇ ਤੌਰ 'ਤੇ ਹੁਸ਼ਿਆਰ ਹੋਣ ਦਾ ਪ੍ਰਮਾਣ ਦਿੱਤਾ ਹੈ।


Lalita Mam

Content Editor

Related News