ਇਟਲੀ ਵਾਸੀਆਂ ਨੂੰ ਬੀਮਾਰੀਆਂ ਵੱਲ ਧੱਕ ਰਿਹੈ ਦੁਸ਼ਿਤ ਵਾਤਾਵਰਣ

01/18/2020 5:13:29 PM

ਰੋਮ(ਕੈਂਥ)- ਮਨੁੱਖੀ ਜ਼ਿੰਦਗੀ ਅਨਮੋਲ ਹੈ ਇਸ ਨੂੰ ਲੰਬਾ ਤੇ ਤੰਦਰੁਸਤ ਕਰਨ ਲਈ ਦੁਨੀਆ ਭਰ ਦੇ ਜ਼ਿੰਮੇਵਾਰ ਲੋਕ ਅਨੇਕਾਂ ਤਰ੍ਹਾਂ ਦੇ ਨਾਲ ਢੰਗ ਤਰੀਕੇ ਵਰਤ ਰਹੇ ਹਨ, ਜਿਸ ਵਿਚ ਵਾਤਾਵਰਣ ਦੀ ਸ਼ੁੱਧਤਾ ਵੀ ਇਕ ਹੈ। ਪੂਰੀ ਦੁਨੀਆ ਮੰਨਦੀ ਹੈ ਕਿ ਡੀਜ਼ਲ ਅਤੇ ਪੈਟਰੋਲ ਵਹੀਕਲ ਮਨੁੱਖੀ ਜ਼ਿੰਦਗੀ ਨੂੰ ਖਤਮ ਕਰਨ ਲਈ ‘ਸਲੋਅ ਪੁਆਈਜ਼ਨ’ ਦਾ ਕੰਮ ਕਰ ਰਹੇ ਹਨ। ਹਰ ਮੁਲਕ ਦੀ ਸਰਕਾਰ ਵਾਤਾਵਰਣ ਨੂੰ ਸਾਫ ਕਰਨ ਲਈ ਉਨ੍ਹਾਂ ਵਹੀਕਲਾਂ ਨੂੰ ਖਤਮ ਕਰਨ ਲਈ ਯੋਜਨਾਵਾਂ ਬਣਾ ਰਹੀ ਹੈ ਜਿਹੜੇ ਵਹੀਕਲ ਵਾਤਾਵਰਣ ਨੂੰ ਅਸ਼ੁੱਧ ਕਰਦੇ ਹੋਏ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਯੂਰਪੀਅਨ ਦੇਸ਼ ਇਸ ਕਾਰਵਾਈ ਉੱਪਰ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਟਲੀ ਵੀ ਇਨ੍ਹਾਂ ਵਿਚੋਂ ਇਕ ਹੈ।

ਇਟਲੀ ਦੇ ਕਈ ਸ਼ਹਿਰਾਂ ਵਿਚ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਦਿੱਤੇ ਨੰਬਰਾਂ ਵਿਚ ਯੂਰੋ 4 (ਡੀਜ਼ਲ ਵਹੀਕਲ) ਗੱਡੀਆਂ ਮੁਕੰਮਲ ਬੰਦ ਕਰ ਦਿੱਤੀਆਂ ਹਨ ਤੇ ਜਲਦ ਹੀ ਇਸ ਤੋਂ ਅਗਲੇ ਨੰਬਰਾਂ ਵਾਲੇ ਵਹੀਕਲ ਵੀ ਬੰਦ ਹੋਣ ਜਾ ਰਹੇ ਹਨ। ਅਸੀਂ ਇੱਥੇ ਆਪਣੇ ਪਾਠਕਾਂ ਨੂੰ ਜਾਣਕਾਰੀ ਦੇਣੀ ਜ਼ਰੂਰੀ ਸਮਝਦੇ ਹਾਂ ਕਿ ਪਹਿਲਾਂ ਖਰਾਬ ਮੌਸਮ ਨੇ ਲੋਕਾਂ ਦੀ ਮੱਤ ਮਾਰੀ ਰੱਖੀ ਤੇ ਹੁਣ ਦੂਸ਼ਿਤ ਵਾਤਾਵਰਣ ਇਟਲੀ ਵਾਸੀਆਂ ਨੂੰ ਬੀਮਾਰੀਆਂ ਵੱਲ ਧੱਕ ਰਿਹਾ ਹੈ, ਜਿਸ ਤੋਂ ਬਚਣ ਲਈ ਇਟਲੀ ਦੇ ਕਈ ਸ਼ਹਿਰਾਂ ਵਿਚ ਹਰ ਤਰ੍ਹਾਂ ਦੀਆਂ ਡੀਜ਼ਲ ਗੱਡੀਆਂ ਦੇ ਆਣ-ਜਾਣ ਉਪਰ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਸ਼ਹਿਰਾਂ ਵਿਚ ਰੋਮ, ਮਿਲਾਨ, ਵਨੈਸੀਆ, ਤੋਰੀਨੋ, ਫਿਰੈਂਸੇ, ਮੋਦਨਾ ਤੋਂ ਇਲਾਵਾ ਕਈ ਹੋਰ ਸ਼ਹਿਰ ਵੀ ਸ਼ਾਮਿਲ ਹਨ। ਰਾਜਧਾਨੀ ਰੋਮ ਵਿਚ ਵੀ ਮੇਅਰ ਮੈਡਮ ਰਾਜੀ ਨੇ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਦੇਖਦਿਆ ਰੋਮ ਸ਼ਹਿਰ ਵਿਚ ਸਾਰੇ ਪਬਲਿਕ ਡੀਜ਼ਲ ਵਹੀਕਲਾਂ ਉਪਰ ਸਵੇਰੇ ਤੋਂ ਲੈ ਕੇ ਰਾਤ ਤੱਕ ਪਾਬੰਦੀ ਲਗਾ ਦਿੱਤੀ ਹੈ। ਮੇਅਰ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਵਾਤਾਵਰਣ ਦੀ ਅਸ਼ੁੱਧਤਾ ਵਧੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ। ਰੋਮ ਨਗਰ ਕੌਂਸਲ ਵਲੋਂ ਲੋਕਾਂ ਦੇ ਸਵੱਸਥ ਨੂੰ ਚੰਗਾ ਰੱਖਣ ਹਿੱਤ ਡੀਜ਼ਲ ਗੱਡੀਆਂ ਉੱਪਰ ਲਾਈ ਅਸਥਾਈ ਪਾਬੰਦੀ ਦੀ ਭਾਰਤੀ ਮੂਲ ਦੇ ਦਰਬਾਰਾ ਸਿੰਘ ਸਿੱਧੂ ਨੇ ਭਰਪੂਰ ਪ੍ਰਸ਼ੰਸਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਦਰਬਾਰਾ ਸਿੰਘ ਸਿੱਧੂ ਲਾਸੀਓ ਸੂਬੇ ਦੇ ਭਾਰਤੀ ਮੂਲ ਦੇ ਪਹਿਲੇ ਟੈਕਸੀ ਡਰਾਈਵਰ ਹਨ, ਜਿਹੜੇ ਕਿ ਸਿੱਖੀ ਸਰੂਪ ਵਿਚ ਹੁੰਦਿਆਂ ਟੈਕਸੀ ਚਲਾਉਂਦੇ ਹਨ। ਪ੍ਰੈੱਸ ਨਾਲ ਉਪਰੋਤਕ ਕਾਰਵਾਈ ਸਬੰਧੀ ਵਿਚਾਰ ਸਾਂਝੇ ਕਰਦਿਆਂ ਸਿੱਧੂ ਨੇ ਕਿਹਾ ਕਿ ਰੋਮ ਨਗਰ ਕੌਂਸਲ ਦਾ ਇਹ ਫੈਸਲਾ ਮਨੁੱਖਤਾ ਦੇ ਭਲੇ ਲਈ ਹੈ ਜਿਸ ਲਈ ਸਾਨੂੰ ਸਾਰਿਆ ਨੂੰ ਅੱਗੇ ਆਉਣਾ ਚਾਹੀਦਾ ਹੈ। ਇਟਲੀ ਦੇ ਹਰ ਨਾਗਰਿਕ ਦੀ ਇਹ ਨਿੱਜੀ ਜ਼ਿੰਮੇਵਾਰੀ ਹੈ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਸੰਜੀਦਾ ਰਹੇ। ਮੇਅਰ ਦੇ ਇਸ ਫੈਸਲੇ ਨਾਲ ਰੋਮ ਵਿਚ 8 ਹਜ਼ਾਰ ਦੇ ਕਰੀਬ ਚਲ ਰਹੀਆਂ ਟੈਕਸੀਆਂ ਦੇ ਕੰਮ ਵਿਚ ਵੀ ਵਾਧਾ ਹੋਇਆ ਹੈ। ਪਬਲਿਕ ਡੀਜ਼ਲ ਵਹੀਕਲਾਂ ਦੀ ਰੋਮ ਅਤੇ ਇਟਲੀ ਦੇ ਕਈ ਹੋਰ ਸ਼ਹਿਰਾਂ ਵਿਚ ਇਕਦਮ ਪਾਬੰਦੀ ਲੱਗਣ ਕਾਰਨ ਇਟਲੀ ਵਾਸੀਆਂ ਦਾ ਜਨਜੀਵਨ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ।


Baljit Singh

Content Editor

Related News