ਇਟਲੀ ਪੁਲਸ ਵੱਲੋਂ 13 ਲੋਕਾਂ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ

Friday, Jan 25, 2019 - 06:00 PM (IST)

ਇਟਲੀ ਪੁਲਸ ਵੱਲੋਂ 13 ਲੋਕਾਂ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ

ਰੋਮ/ਇਟਲੀ (ਕੈਂਥ)-ਇਟਲੀ 'ਚ ਗੈਰ-ਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਪੁਲਸ ਹੁਣ ਲੰਬੇ ਹੱਥੀਂ ਲੈ ਰਹੀ ਹੈ ਤੇ ਜਿਹੜਾ ਵੀ ਵਿਅਕਤੀ ਅਪਰਾਧਕ ਬਿਰਤੀ ਵਾਲਾ ਪੁਲਸ ਨੂੰ ਨਜ਼ਰੀ ਆਉਂਦਾ ਹੈ ਉਹ ਸੀਖਾਂ ਪਿੱਛੇ ਸੁੱਟੇ ਜਾ ਰਹੇ ਹਨ। ਇਟਲੀ ਪੁਲਸ ਗੈਰ-ਕਾਨੂੰਨੀ ਕੰਮਾਂ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਸੰਜੀਦਾ ਹੈ, ਜਿਸ ਤਹਿਤ ਹਾਲ ਹੀ ਵਿੱਚ ਇਟਲੀ ਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਬਤੇਰਬੋ ਦੀ ਐਂਟੀ ਮਾਫ਼ੀਆ ਪੁਲਸ ਨੇ ਇੱਕ ਵਿਸ਼ੇਸ਼ ਅਪ੍ਰੇਸ਼ਨ ਦੌਰਾਨ 13 ਲੋਕਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿੱਤੇ ਹਨ, ਜਿਹੜੇ ਕਿ ਜੂਆ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਲੋਕਾਂ ਨੂੰ ਹਥਿਆਰ ਦਿਖਾਕੇ ਲੁੱਟਦੇ, ਲੋਕਾਂ ਨਾਲ ਧੋਖਾਧੜੀ ਅਤੇ ਕਈ ਹੋਰ ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਹਨ।

ਪੁਲਸ ਅਨੁਸਾਰ ਇਹ ਲੋਕ ਇਲਾਕੇ ਵਿੱਚ ਇੱਕ ਅਜਿਹੇ ਜੁਰਮੀ ਚੱਕਰ ਦਾ ਹਿੱਸਾ ਹਨ, ਜਿਹੜਾ ਕਿ ਕਥਿਤ ਰੂਪ ਵਿੱਚ ਨਾਈਟ ਕਲੱਬਾਂ, ਸੋਨੇ ਦੇ ਸਟੋਰਾਂ ਅਤੇ ਲੋਕਾਂ ਨੂੰ ਧਮਕਾਉਣ 'ਤੇ ਹਿੰਸਕ ਕਾਰਵਾਈਆਂ ਦੁਆਰਾ ਫਿਰੌਤੀ ਵਸੂਲਦਾ ਸੀ। ਇਹ ਚੱਕਰ ਲੋਕਾਂ ਤੋਂ ਗੈਰ-ਕਾਨੂੰਨੀ ਕਰਜ਼ੇ ਨੂੰ ਵੀ ਇੱਕਠਾ ਕਰਦਾ ਸੀ। ਪੁਲਸ ਦਾ ਸ਼ੱਕ ਹੈ ਕਿ ਇਸ ਜੁਰਮੀ ਚੱਕਰ ਦਾ ਸਬੰਧ ਇਟਲੀ ਦੇ ਕਲਾਬਰੀਆ ਇਲਾਕੇ ਦੇ ਮਸ਼ਹੂਰ ਮਾਫੀਆ ਗਰੁੱਪ ਨਦਰੰਗੇਤਾ ਨਾਲ ਹੋ ਸਕਦਾ ਹੈ। ਇਸ ਤਰ੍ਹਾਂ ਹੀ ਪੁਲਸ ਨੇ ਇੱਕ ਹੋਰ ਕਾਰਵਾਈ ਵਿੱਚ ਮਾਫ਼ੀਆ ਗਰੁੱਪ ਕੈਸਾਮਨਿਕਾ ਕਬੀਲੇ ਤੋਂ 24 ਲੱਖ ਯੂਰੋ ਦੀ ਜਾਇਦਾਦ ਜ਼ਬਤ ਕੀਤੀ ਹੈ। ਸ਼ੱਕ ਹੈ ਕਿ ਇਹ ਜਾਇਦਾਦ ਡਰੱਗ ਸਮਗਲਿੰਗ ਦੁਆਰਾ ਬਣਾਈ ਗਈ ਹੈ। ਸੂਤਰਾਂ ਅਨੁਸਾਰ ਇਹ ਕਬੀਲਾ ਜੂਏਬਾਜੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਬੰਦ ਲੁਟੇਰਿਆਂ ਅਤੇ ਚੋਰਾਂ ਆਦਿ ਸਮੇਤ ਗੈਰ-ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਿਲ ਹਨ।


author

Sunny Mehra

Content Editor

Related News