ਇਟਲੀ ਪੁਲਸ ਵਲੋਂ ਦੋ ਭਾਰਤੀ ਨਸ਼ਿਆਂ ਦੀ ਤਸਕਰੀ ਕਾਰਨ ਕੀਤੇ ਸੀਖਾਂ ਪਿੱਛੇ

05/26/2017 6:21:05 PM

ਰੋਮ/ਇਟਲੀ (ਕੈਂਥ)— ਇਟਲੀ ਪੁਲਸ ਵਲੋਂ ਕਾਤਾਨਜਾਰੋ ਦੇ ਖੇਤਰ ਦਾਵੋਲੀ 'ਚ ਨਸ਼ਿਅੰ ਦੇ ਵਪਾਰ ਦੇ ਦੋਸ਼ ਤਹਿਤ ਦੋ ਭਾਰਤੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਾਵੋਲੀ ਸ਼ਹਿਰ ਦੇ ਸਮੁੰਦਰੀ ਇਲਾਕੇ ਦੇ ਸੁਰੱਖਿਆ ਦਸਤੇ ਨੇ ਸਮੁੰਦਰੀ ਕੰਢੇ ਦੀ ਨਿਗਰਾਨੀ ਅਧੀਨ ਦੋ ਵਿਅਕਤੀਆਂ ਨੂੰ ਨੋਟਿਸ ਭੇਜਿਆ, ਜਿਹੜੇ ਕਿ ਇਕ ਦਿਸ਼ਾ 'ਚ ਚੱਲ ਰਹੇ ਸਨ। ਸੁਰੱਖਿਆ ਦਸਤੇ ਨੇ ਇਨ੍ਹਾਂ 'ਤੇ ਆਪਣੀ ਲਗਾਤਾਰ ਨਿਗਰਾਨੀ ਰੱਖੀ। ਕੁਝ ਸਮੇਂ ਬਾਅਦ ਸਿੱਧੇ ਚਲਦੇ ਹੋਏ ਇਨ੍ਹਾਂ ਨੇ ਕਿਸੇ ਨਿਰਧਾਰਤ ਜਗ੍ਹਾ 'ਤੇ ਇਕ ਕਾਲੇ ਰੰਗ ਦੇ ਪਲਾਸਟਿਕ ਦੇ ਲਿਫਾਫੇ ਨੂੰ ਚੁੱਕ ਲਿਆ, ਜੋ ਕਿ ਕਿਸੇ ਚੀਜ਼ ਨਾਲ ਭਰਿਆ ਹੋਇਆ ਸੀ ਅਤੇ ਉਥੋਂ ਅੱਗੇ ਚੱਲ ਪਏ।
ਅੱਗੇ ਜਾ ਕੇ ਸੁਰੱਖਿਆ ਦਸਤੇ ਦੀ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਇਨ੍ਹਾਂ ਵਿਅਕਤੀਆਂ ਨੂੰ ਜਾਂਚ-ਪੜਤਾਲ ਲਈ ਰੋਕ ਲਿਆ। ਜਦੋਂ ਇਨ੍ਹਾਂ ਕੋਲ ਮੌਜੂਦ ਕਾਲੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਇਸ 'ਚੋਂ 33 ਅਫੀਮ ਦੇ ਬਲਬ ਪ੍ਰਾਪਤ ਹੋਏ, ਜਿਨ੍ਹਾਂ ਦਾ ਭਾਰ 60 ਗ੍ਰਾਮ ਦੇ ਕਰੀਬ ਸੀ ਅਤੇ 48 ਗੋਲੀਆਂ ਸਪਾਸਮੋ ਪ੍ਰੋਕਸੀਵਨ ਪਲੱਸ ਦੀਆਂ ਬਰਾਮਦ ਹੋਈਆਂ, ਜੋ ਕਿ ਦਰਦ ਨਾਸ਼ਕ ਬਹੁਤ ਤੇਜ਼ ਨਸ਼ੇ ਵਾਲੀ ਦਵਾਈ ਹੈ ਅਤੇ ਇਸ ਨੂੰ ਭਾਰਤੀਆਂ ਵਲੋਂ ਨਸ਼ੇ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦਵਾਈ ਦਾ ਸੇਵਨ ਕਰਨ 'ਤੇ ਯੂਰਪ 'ਚ ਪੂਰੀ ਤਰ੍ਹਾਂ ਮਨਾਹੀ ਹੈ।
ਇਨ੍ਹਾਂ ਦੋਹਾਂ ਭਾਰਚਤੀਆਂ ਦੀ ਪਛਾਣ ਜਸਪਾਲ ਸਿੰਘ 40 ਸਾਲਾ ਅਤੇ ਸੁਰਿੰਦਰ ਸਿੰਘ 32 ਸਾਲਾ ਦੇ ਤੌਰ 'ਤੇ ਹੋਈ ਹੈ। ਇਨ੍ਹਾਂ ਦੋਹਾਂ ਕੋਲੋਂ ਮਿਲੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਕੇ ਲੈਬਾਟਰੀ ਚੈੱਕ ਲਈ ਭੇਜਿਆ ਗਿਆ। ਨਸ਼ੀਲੇ ਪਦਾਰਥ ਰੱਖਣ ਅਤੇ ਵਪਾਰ ਕਰਨ ਦੇ ਦੋਸ਼ ਤਹਿਤ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਤਾਨਜ਼ਾਰੋ ਦੀ ਅਦਾਲਤ ਵਲੋਂ ਇਨ੍ਹਾਂ ਦੀ ਅਗਲੀ ਸਜ਼ਾ ਤੈਅ ਕੀਤੀ ਜਾਵੇਗੀ।


Related News