ਇਟਲੀ : ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਖੁੱਲ੍ਹੇ ਦਿਲ ਨਾਲ ਵੀਜ਼ੇ

Friday, Jul 12, 2019 - 10:20 AM (IST)

ਇਟਲੀ : ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਖੁੱਲ੍ਹੇ ਦਿਲ ਨਾਲ ਵੀਜ਼ੇ

ਮਿਲਾਨ/ਇਟਲੀ (ਸਾਬੀ ਚੀਨੀਆ)— ਪਾਕਿਸਤਾਨ ਵਿਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਇਟਲੀ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੀ ਮਿਲਾਨ ਅੰਬੈਸੀ ਪੂਰੀ ਖੁੱਲ੍ਹੇ ਦਿਲ ਨਾਲ ਵੀਜ਼ੇ ਦੇ ਕੇ ਸਿੱਖਾਂ ਨਾਲ ਆਪਣੀ ਭਾਈਚਾਰਕ ਸਾਂਝ ਨਿਭਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਦੀ ਮਿਲਾਨ ਅੰਬੈਸੀ ਦੇ ਕੌਂਸਲਰ ਜਰਨਲ ਡਾਕਟਰ ਮਨਜੂਰਾ ਚੌਧਰੀ ਨੇ 'ਇੰਡੀਅਨ ਸਿੱਖ ਕਮਿਨਊਟੀ' ਦੇ ਵਿਸ਼ੇਸ਼ ਵਫਦ ਨਾਲ ਗੱਲਬਾਤ ਕਰਦਿਆਂ ਕੀਤਾ।

ਦੱਸਣਯੋਗ ਹੈ ਕਿ ਇੰਡੀਅਨ ਸਿੱਖ ਕਮਿਨਉਟੀ ਇਟਲੀ ਦਾ ਵਫਦ ਸ. ਸੁਖਦੇਵ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿ ਸਰਕਾਰ ਦਾ ਧੰਨਵਾਦ ਕਰਨ ਲਈ ਜਰਨਲ ਕੌਂਸਲਰ ਮਿਲਾਨ ਨੂੰ ਮਿਲਣ ਪੁੱਜਿਆ ਸੀ । ਜਿੱਥੇ ਗੱਲਬਾਤ ਕਰਦਿਆ ਡਾਕਟਰ ਚੌਧਰੀ ਨੇ ਸਿੱਖ ਆਗੂਆਂ ਸ. ਸੁਖਦੇਵ ਸਿੰਘ ਕੰਗ, ਹਰਜਿੰਦਰ ਸਿੰਘ ਵਾਇਸ ਪ੍ਰਧਾਨ ਸੱਚਖੰਡ ਈਸ਼ਰ ਦਰਬਾਰ ਬ੍ਰੇਸ਼ੀਆ, ਕੌਮੀ ਬੁਲਾਰੇ ਮੇਜਰ ਸਿੰਘ ਮਾਨ, ਨੱਛਤਰ ਸਿੰਘ ਤੇ ਜਰਨੈਲ ਸਿੰਘ ਨੂੰ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਬਹੁਤ ਜਲਦ ਇਸ ਰਸਤੇ ਨੂੰ ਸਿੱਖ ਗੁਰਧਾਮਾਂ ਦੇ ਦਰਸ਼ਨ ਲਈ ਖੋਲ੍ਹ ਦਿੱਤਾ ਜਾਵੇਗਾ।

ਡਾਕਟਰ ਚੌਧਰੀ ਨੇ ਵਿਸ਼ਵਾਸ਼ ਦਿਵਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੰਨੇ ਵੀ ਸਿੱਖ ਇਟਲੀ ਤੋਂ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਹੋਣਗੇ ਪਾਕਿ ਸਰਕਾਰ ਸਭ ਨੂੰ ਵੀਜ਼ੇ ਜਾਰੀ ਕਰੇਗੀ। ਇਸ ਮੌਕੇ ਸਿੱਖ ਆਗੂਆਂ ਵਲੋ ਜਰਨਲ ਕੌਂਸਲਰ ਮਨਜੂਰਾ ਚੌਧਰੀ ਨੂੰ ਇਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।


author

Vandana

Content Editor

Related News