ਇਟਲੀ ਨੇ ਸੈਲਾਨੀਆਂ ਨੂੰ ਲੈ ਕੇ ਕੀਤਾ ਵੱਡਾ ਫੈਸਲਾ, 16 ਮਈ ਤੋਂ ਏਕਾਂਤਵਾਸ ਸਬੰਧੀ ਇਹ ਹੋਣਗੇ ਨਿਯਮ

Saturday, May 15, 2021 - 01:53 PM (IST)

ਰੋਮ/ਇਟਲੀ (ਦਲਵੀਰ ਕੈਂਥ)-ਦੁਨੀਆ ਦਾ ਹਰ ਮੁਲਕ ਕੋਵਿਡ-19 ਤੋਂ ਨਿਜਾਤ ਪਾਉਣ ਲਈ ਦਿਨ-ਰਾਤ ਨਵੇਂ ਤੋਂ ਨਵੇਂ ਤਾਣੇ ਬੁਣ ਰਿਹਾ ਹੈ ਪਰ ਕੋਵਿਡ ਵਰਗਾ ਦੈਂਤ ਕਿਸੇ ਦੇ ਵੀ ਕਾਬੂ ਆਉਂਦਾ ਨਜ਼ਰੀਂ ਨਹੀਂ ਆਉਂਦਾ। ਕਈ ਦੇਸ਼ਾਂ ’ਚ ਭਾਵੇਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਐਂਟੀ ਕੋਂਵਿਡ ਵੈਕਸੀਨ ਦਾ ਟੀਕਾਕਰਨ ਬਹੁਤ ਹੀ ਜ਼ੋਰਾਂ-ਸ਼ੋਰਾਂ ’ਤੇ ਕੀਤਾ ਜਾ ਰਿਹਾ ਹੈ।ਇਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਜਿੱਥੇ ਸਰੀਰਕ ਤੌਰ ’ਤੇ ਅੰਦਰ ਤੱਕ ਝੰਜੋੜਿਆ ਹੈ, ਉੱਥੇ ਹੀ ਆਰਥਿਕਤਾ ਪੱਖੋਂ ਵੀ ਹਿਲਾ ਕੇ ਰੱਖ ਦਿੱਤਾ ਹੈ। ਗੱਲ ਜੇਕਰ ਇਟਲੀ ਦੇਸ਼ ਦੀ ਕੀਤੀ ਜਾਵੇ ਤਾਂ ਇਥੇ ਭਾਵੇਂ ਪਿਛਲੇ ਦਿਨਾਂ ਤੋਂ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਘੱਟ ਹੋ ਰਿਹਾ ਹੈ ਪਰ ਹਾਲੇ ਵੀ ਆਏ ਦਿਨ ਕੋਰੋਨਾ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ ਅਤੇ ਇਸ ਮਹਾਮਾਰੀ ਕਾਰਨ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਰਹੇ ਹਨ।

ਦੂਜੇ ਪਾਸੇ ਉਨ੍ਹਾਂ ਦੇਸ਼ਾਂ ਨੂੰ ਕੋਵਿਡ ਸੰਬੰਧੀ ਬਣਾਏ ਹੁਣ ਆਪਣੇ ਸਖ਼ਤ ਕਾਨੂੰਨ ’ਚ ਨਰਮੀ ਲਿਆਉਣੀ ਪੈ ਰਹੀ ਹੈ, ਜਿਨ੍ਹਾਂ ਦਾ ਕਾਰੋਬਾਰ ਵਿਦੇਸ਼ੀਆਂ ਦੀ ਆਮਦ ਨਾਲ ਹੀ ਚੱਲਦਾ ਹੈ। ਪਿਛਲੇ ਸਾਲ ਕੋਵਿਡ-19 ਕਾਰਨ ਜਿਨ੍ਹਾਂ ਦੇਸ਼ਾਂ ’ਚ ਤਾਲਾਬੰਦੀ ਰਹੀ, ਉੱਥੇ ਕਰੋੜਾਂ ਯੂਰੋ ਦਾ ਨੁਕਸਾਨ ਹੋਇਆ। ਨੁਕਸਾਨ ਝੱਲਣ ਵਾਲੇ ਦੇਸ਼ਾਂ ’ਚ ਇਟਲੀ ਦਾ ਵੀ ਉਚੇਚਾ ਜ਼ਿਕਰ ਆਉਂਦਾ ਹੈ ਪਰ ਇਸ ਸਾਲ ਇਟਲੀ ਸਰਕਾਰ ਅਜਿਹਾ ਘਾਟਾ ਨਹੀਂ ਝੱਲਣਾ ਚਾਹੁੰਦੀ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਇੱਕ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ’ਚ ਦੂਜੇ ਯੂਰਪੀਅਨ ਦੇਸ਼ਾਂ ਸਮੇਤ ਇੰਗਲੈਂਡ ਤੇ ਇਜ਼ਰਾਈਲ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਨੂੰ ਹੁਣ ਇਕਾਂਤਵਾਸ ਨਹੀਂ ਹੋਣਾ ਪਵੇਗਾ। ਇਟਲੀ ਦੇ ਰਾਸ਼ਟਰੀ ਮੀਡੀਏ ਅਨੁਸਾਰ ਇਟਲੀ ਦੇ ਸਿਹਤ ਮੰਤਰੀ ਰੌਬੇਰਤੋ ਸੰਪਰੈਂਜਾ ਨੇ ਇਕ ਨਵੇਂ ਆਰਡੀਨੈਂਸ ’ਤੇ ਮੋਹਰ ਲਗਾ ਦਿੱਤੀ ਹੈ ਕਿ 16 ਮਈ ਤੋਂ ਯੂਰਪੀਅਨ ਦੇਸ਼ਾਂ ਸਮੇਤ ਇੰਗਲੈਂਡ ਤੇ ਇਜ਼ਰਾਈਲ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਇਕਾਂਤਵਾਸ ਨਹੀਂ ਹੋਣਾ ਪਵੇਗਾ, ਜਦਕਿ ਪਹਿਲਾਂ ਇਨ੍ਹਾਂ ਦੇਸ਼ਾਂ ਤੋਂ ਵੀ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਇਕਾਂਤਵਾਸ ਹੋਣਾ ਲਾਜ਼ਮੀ ਸੀ ਪਰ ਹੁਣ ਨਹੀਂ ਹੋਣਾ ਪਵੇਗਾ।

ਸਰਕਾਰ ਵਲੋਂ ਇਹ ਐਲਾਨ ਸ਼ਰਤਾਂ ਅਨੁਸਾਰ ਹੀ ਕੀਤਾ ਗਿਆ ਹੈ, ਜਿਸ ਅਨੁਸਾਰ ਜਿਹੜੇ ਯਾਤਰੀ ਇਟਲੀ ਸੈਰ-ਸਪਾਟੇ ਲਈ ਆਉਣਗੇ, ਉਨ੍ਹਾਂ ਨੂੰ ਐਂਟੀ ਕੋਵਿਡ-19 ਵੈਕਸੀਨ ਦਾ ਟੀਕਾ ਲੱਗਿਆ ਹੋਣਾ ਲਾਜ਼ਮੀ ਹੋਵੇਗਾ ਅਤੇ ਉਨ੍ਹਾਂ ਦੇ ਦੇਸ਼ਾਂ ਵੱਲੋਂ ਐਂਟੀ-ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਪ੍ਰਮਾਣ ਪੱਤਰ ਕੋਲ ਹੋਣਾ ਬਹੁਤ ਜ਼ਰੂਰੀ ਹੈ।ਉਸ ਦੇ ਨਾਲ ਹੀ ਇਟਲੀ ਦਾਖਲ ਹੋਣ ਤੋਂ 48 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਵੀ ਹੋਣੀ ਚਾਹੀਦੀ ਹੈ ਭਾਵ ਜੇਕਰ ਕੋਈ ਯਾਤਰੀ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਤੋਂ ਬਿਨਾਂ ਇਟਲੀ ਦਾਖਲ ਹੋ ਜਾਂਦਾ ਹੈ ਤਾਂ ਉਸ ਦਾ ਖਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਪੈ ਸਕਦਾ ਹੈ।ਇਸ ਲਈ ਸਰਕਾਰ ਨੇ ਸਖ਼ਤ ਸ਼ਰਤਾਂ ਨਾਲ ਸੈਲਾਨੀਆਂ ਦੀ ਇਟਲੀ ’ਚ ਆਮਦ ਵਧਾਉਣ ਹਿੱਤ ਹੀ ਕਾਨੂੰਨ ’ਚ ਨਰਮੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਟਲੀ ਦੇ ਸੈਰ-ਸਪਾਟਾ ਮੰਤਰੀ ਮਾਸੀਮੋ ਗਰਾਵਾਲੀਆ ਵਲੋਂ 15 ਮਈ ਤੋਂ ਗ੍ਰੀਨ ਪਾਸ ਸਕੀਮ ਜ਼ਰੀਏ ਇਟਲੀ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲੀ ਸਕੀਮ ਦਾ ਵੀ ਐਲਾਨ ਕੀਤਾ ਗਿਆ ਸੀ, ਜਿਸ ਨਾਲ ਹੁਣ ਸੈਲਾਨੀਆਂ ਨੂੰ ਇੰਝ  ਲੱਗਣ ਲੱਗ ਪਿਆ ਹੈ ਕਿ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਉਨ੍ਹਾਂ ਲਈ ਵੱਖਰੇ ਨਜ਼ਾਰੇ ਪੇਸ਼ ਕਰਨਗੀਆਂ ।
 


Manoj

Content Editor

Related News