ਇਟਲੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਸਖ਼ਤ ਸਜ਼ਾ ਤੇ ਜ਼ੁਰਮਾਨਾ

03/10/2020 7:07:28 PM

ਇਟਲੀ, (ਸਾਬੀ ਚੀਨੀਆ) : ਇਟਲੀ ਸਰਕਾਰ ਨੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤ ਸੁਰੱਖਿਆ ਕਾਨੂੰਨ ਲਾਗੂ ਕੀਤੇ ਹਨ। ਇਸ ਦੌਰਾਨ ਜਿਹੜਾ ਵੀ ਨਾਗਰਿਕ ਇੰਨਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਨੂੰ ਜੇਲ੍ਹ ਦੀ ਸਜ਼ਾ ਅਤੇ ਜ਼ੁਰਮਾਨਾ ਕੀਤਾ ਜਾਵੇਗਾ। ਜਾਰੀ ਕਾਨੂੰਨ ਮੁਤਾਬਕ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਸਥਾਨਕ ਪੁਲਸ ਨੂੰ ਦੱਸੇ ਬਗੈਰ ਆਪਣਾ ਰਿਹਾਇਸ਼ੀ ਇਲਾਕਾ ਛੱਡਣ ਵਾਲੇ ਨੂੰ ਵੀ ਜੁਰਮਾਨਾ ਅਤੇ ਸਜ਼ਾ ਮਿਲੇਗੀ। ਸਾਰੇ ਰੈਸਟੋਰੈਂਟ ਅਤੇ ਹੋਰ ਕਾਰੋਬਾਰ ਸ਼ਾਮੀ 6 ਵਜੇ ਤੋਂ ਬਾਅਦ ਬੰਦ ਕਰਨੇ ਲਾਜ਼ਮੀ ਹਨ ਅਤੇ ਵਿਆਹ, ਪਾਰਟੀ ਜਾ ਇਕੱਠ ਵਾਲਾ ਪ੍ਰੋਗਰਾਮ ਕਰਨ ਵਾਲੇ ਲਈ ਜੁਰਮਾਨਾ ਲਾਜ਼ਮੀ ਹੈ, ਇਥੋ ਤੱਕ ਕਿ ਉਸ ਕਾਰੋਬਾਰ ਦਾ ਲਾਇਸੈਂਸ ਵੀ ਖਤਮ ਕੀਤਾ ਜਾਵੇਗਾ। ਕਿਸੇ ਵੀ ਸ਼ਾਪਿੰਗ ਮਾਲ ਵਿਚ 15 ਤੋ 20 ਆਦਮੀਆਂ ਤੋਂ ਵੱਧ ਦਾਖਲ ਨਹੀ ਹੋ ਸਕਣਗੇ ਤੇ ਹਰ ਵਿਅਕਤੀ ਨੂੰ ਦੂਜੇ ਤੋਂ 1 ਮੀਟਰ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਬਲੋਨੀਆ ਦੇ ਇਕ ਰੈਸਟੋਰੈਂਟ ਮਾਲਕ ਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਵੱਡਾ ਜੁਰਮਾਨਾ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਉਤਰੀ ਇਟਲੀ ਦੇ ਇਕ ਭਾਰਤੀ ਨੂੰ ਰਿਹਾਇਸ਼ੀ ਇਲਾਕਾ ਛੱਡਣ ਦੇ ਵਿਰੋਧ ਵਜੋਂ ਜ਼ੁਰਮਾਨਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਜੂਸੇਪੇ ਕੌਂਤੇ ਨੇ ਦੇਸ਼ ਵਾਸੀਆਂ ਦੇ ਨਾ ਸੰਦੇਸ਼ ਜਾਰੀ ਕਰਦੇ ਹੋਏ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਜਿੰਨੇ ਵੀ ਫੈਸਲੇ ਕੀਤੇ ਗਏ ਹਨ, ਲੋਕ ਉਨ੍ਹਾਂ ਦਾ ਸਵਾਗਤ ਤੇ ਪਾਲਣ ਕਰਨ ਕਿਉਂਕਿ ਇਹ ਸਭ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਕੇ ਕੀਤਾ ਗਿਆ ਹੈ। ਇਸ ਦੌਰਾਨ ਨਵੇਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਪੁਲਸ ਤੇ ਡਾਕਟਰੀ ਟੀਮਾਂ ਦੇਸ਼ ਲਈ ਆਪਣੀ ਡਿਊਟੀ ਪੂਰੀ ਨਾਲ ਨਿਭਾ ਰਹੀਆਂ ਹਨ। ਸਬੰਧਤ ਇਲਾਕਿਆਂ ਦੀ ਪੁਲਸ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ 3 ਅਪ੍ਰੈਲ ਤੱਕ ਇਕੱਠ ਨਾ ਕਰਨ ਲਈ ਆਖਿਆ ਗਿਆ ਹੈ, ਅਜਿਹਾ ਨਾ ਕਰਨ ਦੀ ਸੂਰਤ 'ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਵਲੋਂ ਨਾਗਰਿਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਾਹਰ ਜਾਣ ਵੇਲੇ ਮੂੰਹ ਤੇ ਮਾਸਕ ਤੇ ਹੱਥਾਂ 'ਤੇ ਪਲਾਸਟਿਕ ਦੇ ਦਸਤਾਨੇ ਜ਼ਰੂਰ ਪਾਓ ਤੇ ਕੰਮਕਾਜੀ ਖੇਤਰਾਂ 'ਚੋਂ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ ।


Related News