ਇਟਲੀ : ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਨਵੀਂ ਇਮਾਰਤ ਦੀ ਮਲਕੀਅਤ ਦਾ ਮਸਲਿਆ ਉਲਝਿਆ

08/17/2022 6:15:45 PM

ਰੋਮ (ਦਲਵੀਰ ਕੈਂਥ) ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਦੀ ਮਲਕੀਅਤ ਨੂੰ ਲੈਕੇ ਚੱਲ ਰਿਹਾ ਵਿਵਾਦ ਦਿਨੋ-ਦਿਨ ਉਲਝਦਾ ਜਾ ਰਿਹਾ ਹੈ, ਜਿਸ ਨੂੰ ਸੁਲਝਾਉਣ ਲਈ ਪੁਨਤੀਨੀਆ ਦੀ ਸਿੱਖ ਸੰਗਤ ਨੇ ਇਟਲੀ ਦੀ ਸਿੱਖ ਜੱਥੇਬੰਦੀ  ਯੂਨੀਅਨ ਸਿੱਖ ਇਟਲੀ ਕਮੇਟੀ ਨੂੰ ਗੁਹਾਰ ਲਗਾਈ ਸੀ ਕਿ ਉਹ ਇਸ ਪੇਚੀਦਾ ਮਾਮਲੇ ਦਾ ਕੋਈ ਹੱਲ ਸਕੇ। ਜਿਸ ਬਾਬਤ ਬੀਤੇ ਦਿਨ  ਯੂਨੀਅਨ ਸਿੱਖ ਇਟਲੀ ਦੇ ਸਿੰਘ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਪੁਨਤੀਨੀਆ ਪਹੁੰਚੇ ਪਰ ਅੱਗੋ ਉਹਨਾਂ ਦਾ ਸਵਾਗਤ ਸਥਾਨਕ ਪੁਲਸ ਨੇ ਕੀਤਾ ਤੇ ਇਹ ਸੁਨੇਹਾ ਗੁਰਦੁਆਰੇ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਵੱਲੋਂ ਵੀ ਦੇ ਦਿੱਤਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਦੇ ਹਨ ਪਰ ਸੰਗਤ ਹਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਇੱਕਠ ਰੂਪ ਵਿੱਚ ਮੀਟਿੰਗ ਨਹੀ।

ਭਾਈ ਬਾਜਵਾ ਨੇ ਦੁੱਖੀ ਮਨ ਨਾਲ ਦੱਸਿਆ ਕਿ ਉਹਨਾਂ ਦੀ ਸੰਸਥਾ ਜਿਸ ਦਾ ਪਹਿਲਾ ਨਾਮ ਨੈਸਨਲ ਧਰਮ ਪ੍ਰਚਾਰ ਕਮੇਟੀ ਸੀ ਹੁਣ ਇਸ ਦੀ ਰੂਪਰੇਖਾ ਬਦਲ ਯੂਨੀਅਨ ਸਿੱਖ ਇਟਲੀ (ਰਜਿ:) ਕਰ ਦਿੱਤੀ ਹੈ ਜਿਸ ਨੂੰ ਇਟਲੀ ਦੀਆਂ 50 ਤੋ ਵਧੇਰੇ ਗੁਰਦੁਆਰਾ ਸਾਹਿਬ  ਪ੍ਰਬੰਧਕ ਕਮੇਟੀਆਂ ਦਾ ਸਮਰਥਨ ਪ੍ਰਾਪਤ ਹੈ ਤੇ ਯੂ ਐਸ ਆਈ ਵੱਲੋਂ ਹੀ ਪੁਨਤੀਨੀਆ ਗੁਰਦੁਆਰਾ ਸਾਹਿਬ ਗਏ ਸਨ ਪਰ ਇਟਲੀ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਿਸ ਵਿੱਚ ਕਿਸੇ ਸਿੱਖ ਜੱਥੇਬੰਦੀ ਨੂੰ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਵਿਚਾਰ-ਵਟਾਂਦਰੇ ਕਰਨ ਤੋਂ ਮੌਜੂਦਾ ਪ੍ਰਬੰਧਕਾਂ ਨੇ ਰੋਕਿਆ।ਉਹਨਾਂ ਦੀ ਜੱਥੇਬੰਦੀ ਨੇ ਇਸ ਮਾਮਲੇ ਬਾਬਤ ਫਿਰ ਇੱਕ ਹੋਟਲ ਵਿੱਚ ਜਾਕੇ ਵਿਚਾਰ-ਵਟਾਂਦਰਾ ਕੀਤਾ।

ਭਾਈ ਬਾਜਵਾ ਨੇ ਪ੍ਰੈੱਸ ਰਾਹੀ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਉਹ ਇਸ ਮਸਲੇ ਵੱਲ ਜਰੂਰ ਧਿਆਨ ਦੇਣ ਤੇ ਦਲਜੀਤ ਸਿੰਘ ਨੂੰ ਵੀ ਇਹ ਸੁਨੇਹਾ ਲਗਾਇਆ ਕਿ ਉਹ ਜੇਕਰ ਉਹਨਾਂ ਨਾਲ ਬੈਠਕੇ ਗੱਲਬਾਤ ਨਹੀਂ ਕਰਦੇ ਤਾਂ ਉਹਨਾਂ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਵੇਗਾ।ਦੂਜੇ ਪਾਸੇ ਦਲਜੀਤ ਸਿੰਘ ਸੋਢੀ ਨੇ ਪ੍ਰੈੱਸ ਨਾਲ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਕੰਮ ਕਾਰਨ ਗੁਰਦੁਆਰਾ ਸਾਹਿਬ ਮੌਜੂਦ ਨਹੀਂ ਸਨ ਤੇ ਉਹਨਾਂ ਦੀ ਗੈਰ-ਹਾਜ਼ਰੀ ਵਿੱਚ ਕੋਈ ਅਜਿਹੀ ਅਣਸੁਖਾਵੀਂ ਘਟਨਾ ਨਾ ਘਟੇ ਜਿਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਇਸ ਦੇ ਮੱਦੇ ਨਜ਼ਰ ਹੀ ਪ੍ਰਸ਼ਾਸ਼ਨ ਨੂੰ ਕਿਹਾ ਸੀ ਉਹ ਕੋਈ ਵੀ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਇੱਕਠ ਨਾ ਹੋਣ ਦੇਵੇ।ਦਲਜੀਤ ਸਿੰਘ ਨੇ ਇਹ ਵੀ ਕਿਹਾ ਕਿ ਉਸ ਨੇ ਨਿਰਧਾਰਤ ਦਿਨ ਨੂੰ ਬਾਹਰ ਹੋਣ ਬਾਰੇ ਨੈਸ਼ਨਲ ਕਮੇਟੀ ਦੇ ਸਿੰਘਾਂ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਇਸ ਬਾਵਜੂਦ ਉਹ ਆਏ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਦੁੱਖਦਾਇਕ ਖ਼ਬਰ, 26 ਸਾਲਾ ਪੰਜਾਬੀ ਨੌਜਵਾਨ ਦੀ ਫਰੇਜ਼ਰ ਨਦੀ 'ਚੋਂ ਮਿਲੀ ਲਾਸ਼ 

ਗੁਰਦੁਆਰਾ ਸਾਹਿਬ ਦੀ ਮਲਕੀਤ ਸਬੰਧੀ ਉਹਨਾਂ ਕਿਹਾ ਕਿ ਗੁਰਦੁਆਰੇ ਦੀ ਨਵੀਂ ਖਰੀਦੀ ਇਮਾਰਤ ਵਿੱਚ ਉਸ ਨੇ ਨਿੱਜੀ ਤੌਰ ਤੇ 3 ਲੱਖ 20 ਹਜ਼ਾਰ ਦੀ ਗਾਰੰਟੀ ਦਿੱਤੀ ਹੈ ਜਿਸ ਕਾਰਨ ਗੁਰਦੁਆਰੇ ਦੀ ਜਾਇਦਾਤ ਉਸ ਦੇ ਨਾਮ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਉਹ 7 ਮੈਂਬਰੀ ਕਮੇਟੀ ਦੇ ਨਾਮ ਕਰ ਰਹੇ ਹਨ ਜਿਸ ਵਿੱਚ ਉਹ ਵੀ ਸ਼ਾਮਲ ਹੈ।ਉਸ ਦੀ ਸਭ ਸੰਗਤ ਨੂੰ ਅਪੀਲ ਹੈ ਕਿ ਇਸ ਕਾਰਜ ਵਿੱਚ ਉਹਨਾਂ ਨੂੰ ਸੰਗਤ ਸਹਿਯੋਗ ਕਰੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਰਹਿੰਦੇ 3 ਲੱਖ 20 ਹਜ਼ਾਰ ਯੂਰੋ ਸਬੰਧੀ ਭਾਈ ਬਾਜਵਾ ਨੇ ਪ੍ਰੈੱਸ ਨੂੰ ਕਿਹਾ ਕਿ ਇਹ ਰਾਸ਼ੀ ਯੂਨੀਅਨ ਸਿੱਖ ਇਟਲੀ ਵੱਲੋਂ ਦੇਣ ਨੂੰ ਤਿਆਰ ਹਨ ਬਸ਼ਰਤੇ ਦਲਜੀਤ ਸਿੰਘ ਗੁਰਦੁਆਰੇ ਦੀ ਜਾਇਦਾਦ ਗੁਰਦੁਆਰਾ ਸਾਹਿਬ ਦੇ ਨਾਮ ਕਰ ਦਵੇ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਕਿਆ ਨਿਬੇੜੀ ਜਾਂਦੀ ਹੈ ਪਰ ਇਸ ਸਾਰੇ ਘਟਨਾ ਚੱਕਰ ਨਾਲ ਬੇਸੱਕ ਗੁਰਦਆਰਾ ਸਾਹਿਬ ਦੇ ਪੁਰਾਣੇ ਜਾਂ ਨਵੇਂ ਪ੍ਰਬੰਧਕਾਂ ਨੂੰ ਕੋਈ ਨਿੱਜੀ ਨੁਕਸਾਨ ਨਹੀਂ ਹੋ ਰਿਹਾ ਪਰ ਆਮ ਸੰਗਤ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਪੈ ਰਿਹਾ ਹੈ।

ਸੰਗਤ ਦੀਆਂ ਨਿਰਾਸ਼ਾ ਭਰੀਆਂ ਅੱਖਾਂ ਅੰਦਰੋਂ ਅੰਦਰੀ ਜਿੱਥੇ ਹੋ ਰਹੀ ਗੁਰੂ ਸਾਹਿਬ ਦੀ ਇਸ ਖਿੱਚ-ਧੂਹ ਨਾਲ ਬੇਅਦਬੀ ਲਈ ਖੂਨ ਭਰੇ ਅੱਥਰੂ ਰੋ ਰਹੀਆਂ ਹਨ ਉੱਥੇ ਹੀ ਕਸੂਰਵਾਰ ਪ੍ਰਬੰਧਕਾਂ ਨੂੰ ਸਵਾਲ ਵੀ ਪੁੱਛ ਰਹੀਆਂ ਹਨ ਕਿ ਆਪਣੀ ਚੌਧਰ ਪੁਗਾਉਣ ਲਈ ਗੁਰੂ ਦੇ ਫਲਸਫ਼ੇ ਨੂੰ ਕਿਉਂ ਭੁੱਲ ਰਹੇ ਹਨ।ਕਿਸੇ ਸ਼ਾਇਰ ਦੀਆਂ ਲਿਖੀਆਂ ਇਹ ਸਤਰਾਂ ਇਟਲੀ ਵਿੱਚ ਇਸ ਸਮੇਂ ਸੋਲਾਂ ਆਨੇ ਸਹੀ ਸਾਬਤ ਹੋ ਰਹੀਆਂ ਹਨ "ਖਬਰੇ ਕਿਉਂ ਬਾਜਾਂ ਵਾਲਿੜਿਆਂ ਤੇਰੇ ਸਿੱਖ ਇੱਦਾਂ ਕਰਦੇ ਨੇ ਜਿਹੜੇ ਜੁਲਮ ਦੀ ਖਾਤਿਰ ਲੜਦੇ ਸੀ ਹੁਣ ਆਪਸ ਦੇ ਵਿੱਚ ਲੜਦੇ ਹਨ।


Vandana

Content Editor

Related News