ਕੋਰੋਨਾ ਕਾਰਣ ਇਟਲੀ ਨੇ ਇਨ੍ਹਾਂ 3 ਖੇਤਰਾਂ ''ਚ ਲਾਈਆਂ ਪਾਬੰਦੀਆਂ, ਆਕਲੈਂਡ ''ਚ 7 ਦਿਨਾਂ ਲਈ ਲਾਕਡਾਊਨ

03/01/2021 1:49:33 AM

ਰੋਮ - ਇਟਲੀ ਦੀ ਸਰਕਾਰ ਨੇ ਪਿਛਲੇ ਸਾਲ ਦੇ ਖਤਰਨਾਕ ਹਾਲਾਤ ਤੋਂ ਸਬਕ ਲੈਂਦੇ ਹੋਏ ਸਖਤ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਨਫੈਕਸ਼ਨ ਨੂੰ ਨਵੇਂ ਖੇਤਰਾਂ ਵਿਚ ਫੈਲਣ ਤੋਂ ਰੋਕਿਆ ਜਾ ਸਕੇ। ਇਸ ਲਈ 3 ਖੇਤਰਾਂ ਵਿਚ ਸਖਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਖੇਤਰਾਂ ਨੂੰ ਉਰੇਂਜ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ 2 ਖੇਤਰਾਂ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ। ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਜੇ ਕਿਸੇ ਨੂੰ ਬਾਹਰ ਨਿਕਲਣਾ ਹੀ ਹੈ ਤਾਂ ਉਸ ਨੂੰ ਲੋਕਲ ਐਡਮਿਨੀਸਟ੍ਰੇਸ਼ਨ ਤੋਂ ਮਨਜ਼ੂਰੀ ਲੈਣੀ ਹੋਵੇਗੀ।

ਆਕਲੈਂਡ 'ਚ 7 ਦਿਨ ਦਾ ਲਾਕਡਾਊਨ ਪੀਰੀਅਡ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਲਾਕਡਾਊਨ ਦਾ ਐਲਾਨ ਕੀਤਾ ਹੈ। 2 ਹਫਤੇ ਪਹਿਲਾਂ ਵੀ ਇਥੇ 3 ਦਿਨ ਦਾ ਲਾਕਡਾਊਨ ਲਾਇਆ ਗਿਆ ਸੀ। ਉਦੋਂ ਇਥੇ ਇਕੋਂ ਹੀ ਪਰਿਵਾਰ ਦੇ 3 ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।

ਅਮਰੀਕਾ 'ਚ ਫਿਰ 80 ਹਜ਼ਾਰ ਕੇਸ
ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ ਰੋਜ਼ ਮਿਲਣ ਵਾਲੇ ਮਰੀਜ਼ਾਂ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਚੱਲ ਰਹੇ ਬ੍ਰਾਜ਼ੀਲ ਦੇ ਕਰੀਬ ਆ ਗਿਆ ਹੈ। ਬੀਤੇ 24 ਘੰਟਿਆਂ ਵਿਚ ਅਮਰੀਕਾ ਵਿਚ ਕਰੀਬ 80 ਹਜ਼ਾਰ ਨਵੇਂ ਮਾਮਲੇ ਮਿਲੇ ਹਨ। ਬ੍ਰਾਜ਼ੀਲ ਵਿਚ ਇਹ ਗਿਣਤੀ ਕਰੀਬ 63 ਹਜ਼ਾਰ ਰਹੀ। ਬ੍ਰਾਜ਼ੀਲ ਵਿਚ 18 ਫਰਵਰੀ ਨੂੰ ਕੁੱਲ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਸੀ। ਹੁਣ ਇਥੇ 1.4 ਕਰੋੜ ਮਰੀਜ਼ ਹਨ ਭਾਵ ਪਿਛਲੇ 9 ਦਿਨਾਂ ਵਿਚ ਇਥੇ 4 ਲੱਖ ਮਰੀਜ਼ ਵਧ ਗਏ।

ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਪਿਛਲੇ 2 ਹਫਤਿਆਂ ਵਿਚ ਨਵੇਂ ਮਰੀਜ਼ 32 ਫੀਸਦੀ ਤੱਕ ਘੱਟ ਹੋਏ ਹਨ। ਇਸ ਦਾ ਕਾਰਣ ਤੇਜ਼ੀ ਨਾਲ ਕੀਤੀ ਜਾ ਰਹੀ ਵੈਕਸੀਨੇਸ਼ਨ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕਾ ਵੈਕਸੀਨੇਸ਼ਨ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਇਥੇ 6.8 ਕਰੋੜ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਬ੍ਰਾਜ਼ੀਲ ਵਿਚ ਸਿਰਫ 78 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ। ਇਸ ਦੇਸ਼ ਦੀ ਆਬਾਦੀ 21 ਕਰੋੜ ਹੈ।
 


Khushdeep Jassi

Content Editor

Related News