ਇਟਲੀ ਸਰਕਾਰ ਦਾ ਨਵਾਂ ਫਰਮਾਨ, ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਲੋਕਾਂ ਲਈ ਵਧਾਈ ਪਾਬੰਦੀ ਮਿਆਦ

06/21/2021 2:09:10 PM

ਰੋਮ (ਦਲਵੀਰ ਕੈਂਥ): ਇਟਲੀ ਨੂੰ ਕੋਵਿਡ-19 ਮੁਕਤ ਕਰਨ ਲਈ ਸਰਕਾਰ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ। ਸਰਕਾਰ ਹਰ ਉਸ ਗਲਤੀ ਨੂੰ ਦੁਬਾਰਾ ਨਹੀ ਕਰਨਾ ਚਾਹੁੰਦੀ ਜਿਸ ਨਾਲ ਦੇਸ਼ ਵਿਚ ਮੁੜ ਹਾਲਾਤ ਵਿਗੜਨ। ਇਸ ਲਈ ਇਟਲੀ ਦੇ ਸਿਹਤ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਡੈਲਟਾ ਕੋਰੋਨਾ ਵਾਇਰਸ ਵੇਰੀਐਂਟ ਦੇ ਫੈਲਣ ਦੀਆਂ ਚਿੰਤਾਵਾਂ ਦੇ ਵਿਚਕਾਰ ਯੂਕੇ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਵੱਖਰੇ ਸਵੈਬ ਟੈਸਟ ਦੀਆਂ ਜਰੂਰਤਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ, ਜਿਸ ਵਿਚ ਇਟਲੀ ਦਾਖਲ ਹੋਣ 'ਤੇ ਯਾਤਰੀਆਂ ਨੂੰ 5 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ।

ਇਟਲੀ ਦੇ ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆ ਲਈ ਅਲੱਗ ਆਰਡੀਨੈਂਸ ਉੱਤੇ ਦਸਤਖ਼ਤ ਕੀਤੇ ਹਨ। ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਨੇ ਇੱਕ ਫੇਸਬੁੱਕ ਪੋਸਟ 'ਤੇ ਇਹ ਐਲਾਨ ਕੀਤਾ ਅਤੇ ਕਿਹਾ ਕਿ ਇਹ ਹੁਕਮ ਸੋਮਵਾਰ ਤੋਂ ਲਾਗੂ ਹੋ ਜਾਣਗੇ। ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਵੱਲੋਂ ਆਦੇਸ਼ ਵਿੱਚ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋਂ ਆਉਣ ਵਾਲੇ ਯਾਤਰੀਆਂ 'ਤੇ ਵੀ ਮੌਜੂਦਾ ਪਾਬੰਦੀ ਵਧਾ ਦਿੱਤੀ ਗਈ ਹੈ ਜੋ ਹੁਣ 30 ਜੁਲਾਈ 2021 ਤੱਕ ਕਰ ਦਿੱਤੀ ਗਈ ਹੈ ਜਦਕਿ ਭਾਰਤ, ਬੰਗਲਾ ਦੇਸ਼ ਤੇ ਸ਼੍ਰੀਲੰਕਾ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈ ਪਾਬੰਦੀ 21 ਜੂਨ 2021 ਤੱਕ ਪਹਿਲਾ ਤੋਂ ਹੀ ਲਗਾਈ ਹੋਈ ਸੀ। 

ਸਪਰੈਂਜਾ ਨੇ ਅੱਗੇ ਕਿਹਾ ਕਿ ਯੂਰਪੀਅਨ ਯੂਨੀਅਨ, ਅਮਰੀਕਾ, ਕੈਨੇਡਾ ਅਤੇ ਜਾਪਾਨ ਤੋਂ ਗ੍ਰੀਨ ਪਾਸ ਨਾਲ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਇਟਲੀ ਵਿਚ ਦਾਖਲੇ ਲਈ ਕਿਸੇ ਵੀ ਕਿਸਮ ਦੀ ਕੋਈ ਰੋਕ ਨਹੀ ਹੋਵੇਗੀ।ਸਰਕਾਰ ਦੇ ਇਸ ਸਖ਼ਤ ਰਵੱਈਏ ਨਾਲ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਵਿੱਚ ਹੁਣ ਰੋਣਕ ਮੇਲਾ ਜਲਦ ਹੀ ਪਰਤੇਗਾ ਪਰ ਇਸ ਦੇ ਨਾਲ ਹੀ ਉਹਨਾਂ ਸਾਰੇ ਪ੍ਰਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਸਹੇੜਣੀ ਪੈ ਰਹੀ ਹੈ ਜਿਹੜੇ ਇਸ ਵੇਲੇ ਭਾਰਤ ,ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਵਿੱਚ ਫਸੇ ਬੈਠੇ ਆਪਣਾ ਕੰਮ-ਕਾਰ ਉਜੜਦਾ ਦੇਖ ਰਹੇ ਹਨ। ਇਸ ਪੱਖ ਲਈ ਇਟਲੀ ਤੇ ਭਾਰਤ ਸਰਕਾਰ ਸਰਕਾਰ ਨੂੰ ਜਲਦ ਵਿਚਾਰਨ ਦੀ ਲੋੜ ਹੈ ਕਿਉਂਕਿ ਹਜ਼ਾਰਾ ਲੋਕਾਂ ਦੇ ਭੱਵਿਖ ਦਾ ਮਾਮਲਾ ਹੈ। 

ਪੜ੍ਹੋ ਇਹ ਅਹਿਮ ਖਬਰ - ਸਿਰਫ ਸਾਢੇ 4 ਮਹੀਨੇ 'ਚ ਪੈਦਾ ਹੋਏ ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ, ਬਣਿਆ ਵਰਲਡ ਰਿਕਾਰਡ

ਬੇਵੱਸੀ ਦੇ ਆਲਮ ਦਾ ਫ਼ਾਇਦਾ ਚੁੱਕ ਕੁਝ ਟ੍ਰੈਵਲ ਏਜੰਸੀਆਂ ਇਹਨਾਂ ਫਸੇ ਲੋਕਾਂ ਨੂੰ ਹੋਰ ਦੇਸ਼ਾਂ ਰਾਹੀਂ 14 ਦਿਨ ਦਾ ਇਕਾਂਤਵਾਸ ਭੁਗਤਾ ਕੇ ਇਟਲੀ ਪਹੁੰਚਾਉਣ ਲਈ 150000 ਰੁਪੲੈ ਤੋਂ ਉੱਪਰ ਟਿਕਟ ਦਾ ਹੋਕਾ ਦੇ ਰਹੀਆਂ ਹਨ ਪਰ ਸਵਾਲ ਇਹ ਉਠਦਾ ਹੈ ਕਿ ਪਿਛਲੇ 3-4  ਮਹੀਨਿਆਂ ਤੋਂ ਪਰਿਵਾਰਾਂ ਸਮੇਤ ਭਾਰਤ ਫਸੇ ਲੋਕ ਇਹਨਾਂ ਪੈਸਾ ਕਿੱਥੋਂ ਲਿਆਉਣ।ਜਿਹੜਾ ਬੰਦਾ ਆਪਣੇ ਦੋ ਬੱਚਿਆਂ ਨਾਲ ਭਾਰਤ ਗਿਆ ਉਹ ਇਟਲੀ ਵਾਲੇ ਘਰ ਦਾ ਉਂਝ ਹੀ ਕਿਰਾਇਆ ਦੇ ਹੰਭ ਚੁੱਕਾ, ਹੁਣ ਵਾਪਸ ਇਟਲੀ ਜਾਣ ਲਈ ਉਹ ਲੱਖਾਂ ਰੁਪੲੈ ਕਿੱਥੋਂ ਮੰਗੇ।ਅਜਿਹੇ ਮਾਹੌਲ ਵਿੱਚ ਭਾਰਤ ਫਸੇ ਲੋਕਾਂ ਨੇ ਇਟਲੀ ਤੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਖਾਸਕਰ ਭਾਰਤੀ ਅੰਬੈਂਸੀ ਰੋਮ ਨੂੰ ਕਿ ਉਹ  ਲਦ ਕੋਈ ਹੱਲ ਕਰੇ ਤਾਂ ਜੋ ਇਹ ਲੋਕ ਆਪਣੇ ਭੱਵਿਖ 'ਤੇ ਮੰਡਰਾ ਰਹੇ ਖ਼ਤਰੇ ਤੋਂ ਬਚ ਸਕਣ। 

ਇੱਥੇ ਇਸ ਗੱਲ ਦੀ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਭਾਰਤ ਵਿੱਚ ਫਸੇ ਇਹਨਾਂ ਭਾਰਤੀ ਲੋਕਾਂ ਲਈ ਇਟਲੀ ਦੇ ਸਾਰੇ ਭਾਰਤੀ ਸਿਆਸੀ ਤੇ ਗ਼ੈਰ ਸਿਆਸੀ ਆਗੂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕੁਝ ਸਹਾਇਤਾ ਕਰਨ ਲਈ ਸਰਕਾਰੇ ਦਰਬਾਰੇ ਸੰਪਰਕ ਕਰਨਗੇ ਜਾਂ ਫਿਰ ਇੰਜ ਹੀ ਤਮਾਸ਼ਾ ਦੇਖਣਗੇ ਪਰ ਇੱਕ ਗੱਲ ਤੈਅ ਹੈ ਕਿ ਭਾਰਤ ਵਿੱਚ ਫਸੇ ਭਾਰਤੀ ਲੋਕਾਂ ਨੂੰ ਇਸ ਵਾਰ ਦੀ ਭਾਰਤ ਫੇਰੀ ਜਿੱਥੇ ਸਦਾ ਯਾਦ ਰਹੇਗੀ ਉੱਥੇ ਕਈ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਵੇਗੀ।
 


Vandana

Content Editor

Related News