ਇਟਲੀ ਦੇ ਇਸ ਸ਼ਹਿਰ ਨੇ ਲਾਈ ''ਗੂਗਲ ਮੈਪ'' ''ਤੇ ਪਾਬੰਦੀ, ਜਾਣੋ ਪੂਰਾ ਮਾਮਲਾ

10/15/2019 8:37:42 AM

ਰੋਮ, (ਕੈਂਥ)— ਅਜੋਕੇ ਯੁੱਗ 'ਚ ਜਿੱਥੇ ਦੁਨੀਆ ਦੇ ਬਹੁਤੇ ਲੋਕ ਗੂਗਲ ਦੀ ਸਹਾਇਤਾ ਨਾਲ ਹੀ ਬਹੁਤੇ ਕੰਮ ਕਰਨਾ ਪਸੰਦ ਕਰਦੇ ਹਨ, ਜਿਸ ਸੰਬਧੀ ਉਨ੍ਹਾਂ ਨੂੰ ਕੋਈ ਢੁੱਕਵੀਂ ਜਾਣਕਾਰੀ ਨਹੀਂ ਹੁੰਦੀ। ਇਟਲੀ ਦੇ ਸੂਬੇ ਸਰਦੀਨੀਆ ਵਿਖੇ 'ਗੂਗਲ ਮੈਪ' ਦੀ ਗਲਤ ਜਾਣਕਾਰੀ ਸੈਲਾਨੀਆਂ ਲਈ ਮੁਸੀਬਤ ਦਾ ਸਬੱਬ ਬਣ ਰਹੀ ਹੈ । ਸੂਬਾ ਸਰਦੀਨੀਆ ਅਧੀਨ ਆਉਂਦੇ ਜ਼ਿਲ੍ਹਾ ਓਲੀਆਸਟਰਾ ਦੇ ਸ਼ਹਿਰ ਬੋਨਈ ਦੇ ਮੇਅਰ ਸਲਵਾਤੋਰੇ ਕੋਰੀਅਸ ਨੇ ਇਸ ਜਾਣਕਾਰੀ ਨੂੰ ਜਨਤਕ ਕਰਦਿਆਂ ਕਿਹਾ ਕਿ ਸਰਦੇਨੀਆ ਇਲਾਕੇ ਵਿੱਚ ਆਉਣ ਵਾਲੇ ਸੈਲਾਨੀ ਕਿਰਪਾ ਕਰਕੇ ਗੂਗਲ ਮੈਪ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਦੀ ਗਲਤ ਜਾਣਕਾਰੀ ਕਾਰਨ ਇਸ ਇਲਾਕੇ ਵਿੱਚ ਅਨੇਕਾਂ ਸੈਲਾਨੀ ਭਟਕ ਗਏ, ਜਿਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਦੇ ਲੱਭਿਆ ਗਿਆ।

ਸੂਬੇ ਸਰਦੀਨੀਆਂ ਦਾ ਸ਼ਹਿਰ ਬੋਨਈ ਉੱਤਰ-ਪੂਰਬੀ ਇਲਾਕੇ ਦੇ ਉਜਾੜ ਵਿੱਚ ਹੈ, ਜਿਸ ਦੇ ਸਮੁੰਦਰੀ ਕਿਨਾਰੇ ਚਿੱਟੇ ਰੇਤ ਕਾਰਨ ਮਸ਼ਹੂਰ ਹਨ। ਇਨ੍ਹਾਂ ਨੂੰ ਦੇਖਣ ਇਟਲੀ ਤੋਂ ਬਾਹਰੋ ਸੈਲਾਨੀ ਵੱਡੇ ਪਧੱਰ 'ਤੇ ਆਉਂਦੇ ਹਨ। ਜਦੋਂ ਸੈਲਾਨੀ ਇਟਲੀ ਦੇ ਬਾਹਰੋ ਆਉਂਦੇ ਹਨ ਤਾਂ ਉਹ ਗੂਗਲ ਮੈਪ ਦੀ ਸਹਾਇਤਾ ਨਾਲ ਬੋਨਈ ਸ਼ਹਿਰ ਪਹੁੰਚਣ ਦੀ ਕੋਸ਼ਿਸ ਕਰਦੇ ਹਨ ਪਰ ਅਫ਼ਸੋਸ ਗੂਗਲ ਮੈਪ ਸੈਲਾਨੀ ਨੂੰ ਗਲਤ ਜਾਣਕਾਰੀ ਮੁਹੱਇਆ ਕਰਦਾ ਹੈ, ਜਿਸ ਦੇ ਕਾਰਨ ਉਹ ਭਟਕ ਜਾਂਦੇ ਹਨ ।ਪਿਛਲੇ ਸਾਲ 144 ਸੈਲਾਨੀਆਂ ਨੂੰ ਐਮਰਜੈਂਸੀ ਸੇਵਾਵਾਂ ਰਾਹੀਂ ਬਚਾਇਆ ਗਿਆ ਸੀ।

ਸ਼ਹਿਰ ਬੋਨਈ ਦੇ ਮੇਅਰ ਸਲਵਾਤੋਰੇ ਕੋਰੀਅਸ ਨੇ ਸੈਲਾਨੀਆਂ ਦੇ ਭਲੇ ਹਿੱਤ ਇਸ ਇਲਾਕੇ ਵਿੱਚ ਗੂਗਲ ਮੈਪ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਸੈਲਾਨੀਆਂ ਨੂੰ ਬੋਨਈ ਸ਼ਹਿਰ ਆਉਂਦੇ ਰਸਤਾ ਭਟਕਣ ਨਾਲ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ। ਮੇਅਰ ਨੇ ਇਸ ਪਾਬੰਦੀ ਸੰਬਧੀ ਜਿੱਥੇ ਸਥਾਨਕ ਮੀਡੀਏ ਵਿੱਚ ਇੱਕ ਵਿਸ਼ੇਸ਼ ਇਸ਼ਤਿਹਾਰ ਰਾਹੀਂ ਸੈਲਾਨੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ ਕੀਤੀ ਹੈ, ਉੱਥੇ ਹੀ ਸੋਸ਼ਲ ਮੀਡੀਆ ਤੇ ਨਗਰ ਕੌਂਸਲ ਬੋਨਈ ਦੀ ਵੈੱਬਸਾਈਟ ਉੱਪਰ ਵੀ ਇਹ ਵਿਸ਼ੇਸ਼ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਮੇਅਰ ਨੇ ਕਿਹਾ ਗੂਗਲ ਮੈਪ ਦੀ ਗਲਤ ਜਾਣਕਾਰੀ ਨਾਲ ਸੈਲਾਨੀ ਅਜਿਹੇ ਪਹਾੜੀ ਤੰਗ ਰਸਤਿਆਂ ਵਿੱਚ ਫਸ ਜਾਂਦੇ ਹਨ, ਜਿੱਥੋਂ ਬਿਨਾ ਸਹਾਇਤਾ ਦੇ ਉਨ੍ਹਾਂ ਦਾ ਸਹੀ ਰਾਹ 'ਤੇ ਆਉਣਾ ਨਾਮੁਮਕਿਨ ਹੁੰਦਾ ਹੈ। ਅਨੇਕਾਂ ਸੈਲਾਨੀ ਹਾਦਸਾਗ੍ਰਸਤ ਹੁੰਦਿਆਂ-ਹੁੰਦਿਆਂ ਬਚੇ ਹਨ।ਜਿਹੜੇ ਸੈਲਾਨੀ ਬੋਨਈ ਘੁੰਮਣ ਆਉਣਾ ਚਾਹੁੰਦੇ ਹਨ ਉਹ ਸਿਰਫ਼ ਪੁਰਾਣੇ ਕਾਗਜ਼ ਦੇ ਨਕਸ਼ਿਆਂ ਦੇ ਜ਼ਰੀਏ ਹੀ ਆਪਣਾ ਸਫ਼ਰ ਸੁਰੱਖਿਅਤ ਕਰਨ ਨਹੀਂ ਤਾਂ ਮੁਸੀਬਤ ਵਿੱਚ ਫਸ ਜਾਣਗੇ।ਮੇਅਰ ਸਲਵਾਤੋਰੇ ਕੋਰੀਅਸ ਦੀ ਇਸ ਕਾਰਵਾਈ ਨਾਲ ਬਾਹਰੋ ਆਉਣ ਵਾਲੇ ਸੈਲਾਨੀ ਉਨ੍ਹਾਂ ਦਾ ਉਚੇਚਾ ਧੰਨਵਾਦ ਕਰ ਰਹੇ ਹਨ।


Related News