ਇਟਲੀ ਨੇ ਨਿਭਾਇਆ ਦੋਸਤੀ ਦਾ ਫ਼ਰਜ਼, ਮੁੜ ਭਾਰਤ ਭੇਜੀ ਮੈਡੀਕਲ ਸਾਜ਼ੋ-ਸਾਮਾਨ ਦੀ ਖੇਪ
Wednesday, May 12, 2021 - 07:15 PM (IST)
ਰੋਮ/ਇਟਲੀ (ਦਲਵੀਰ ਕੈਂਥ)-ਪੂਰੀ ਦੁਨੀਆ ’ਚ ਕੋਰੋਨਾ ਮਹਾਮਾਰੀ ਦੇ ਕਹਿਰ ਨਾਲ ਭਾਰੀ ਤਬਾਹੀ ਮਚੀ ਹੋਈ ਹੈ। ਆਏ ਦਿਨ ਜਿਥੇ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਉਥੇ ਹੀ ਭਾਰਤ ’ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜਿਸ ਤਰ੍ਹਾਂ ਭਾਰਤ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਵਾਧਾ ਹੋ ਰਿਹਾ ਹੈ, ਉਸ ’ਤੇ ਬਹੁਤ ਸਾਰੇ ਦੇਸ਼ ਚਿੰਤਾ ’ਚ ਹਨ।
ਇਸ ਸੰਕਟ ਮੌਕੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਵੱਲੋਂ ਭਾਰਤ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਨਾਲ ਮਿੱਤਰਤਾ ਅਤੇ ਸਾਂਝ ਦੇ ਮੱਦੇਨਜ਼ਰ ਆਰਥਿਕ ਤੌਰ ’ਤੇ ਅਤੇ ਰਾਹਤ ਸਮੱਗਰੀ ਭੇਜ ਕੇ ਸਹਾਇਤਾ ਕੀਤੀ ਜਾ ਰਹੀ ਹੈ ।
ਇਸੇ ਲੜੀ ਤਹਿਤ ਇਟਲੀ ਵਲੋਂ ਪਹਿਲਾਂ ਵੀ ਬੀਤੇ ਦਿਨੀਂ ਰਾਹਤ ਸਮੱਗਰੀ, ਮੈਡੀਕਲ ਅਤੇ ਆਕਸੀਜਨ ਪ੍ਰੋਡਕਸ਼ਨ ਪਲਾਂਟ ਦਾ ਸਾਮਾਨ ਤੇ ਮਾਹਿਰਾਂ ਦੀ ਟੀਮ ਭਾਰਤ ਲਈ ਭੇਜੀ ਗਈ ਸੀ, ਹੁਣ ਫਿਰ ਤੋਂ ਇੱਕ ਵਾਰ ਇਟਲੀ ਵਲੋਂ ਭਾਰਤ ਲਈ 2 ਵੈਂਟੀਲੇਂਟਰ, 30 ਆਕਸੀਜਨ ਕੰਸਨਟਰੇਟਰ, 2 ਲੱਖ 12,000 ਮਾਸਕ, ਅਲਟਰਾਸਾਊਂਡ ਸਕੈਨ ਅਤੇ ਹੋਰ ਮੈਡੀਕਲ ਰਾਹਤ ਸਮੱਗਰੀ ਇਟਲੀ ਦੀ ਗੁਆਰਦਾ ਫਿਨੈਂਸਾ ਦੇ ਵਿਸ਼ੇਸ਼ ਜਹਾਜ਼ ਦੀ ਸਹਾਇਤਾ ਨਾਲ ਰਵਾਨਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਇਟਲੀ ਸਿਵਲ ਸੁਰੱਖਿਆ ਵਿਭਾਗ ਅਤੇ ਭਾਰਤ ’ਚ ਸਥਿਤ ਇਟਲੀ ਦੇ ਦੂਤਘਰ ਵਲੋਂ ਮੀਡੀਆ ’ਚ ਨਸ਼ਰ ਕੀਤੀ ਗਈ। ਇਸ ਵਿਚ ਦੱਸਿਆ ਗਿਆ ਕਿ ਇਟਲੀ ਤੋਂ ਇੱਕ ਜਹਾਜ਼ ਰਾਹੀਂ ਭਾਰਤ ’ਚ ਫੈਲੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਇਹ ਰਾਹਤ ਭੇਜੀ ਜਾ ਰਹੀ ਹੈ।