ਇਟਲੀ 'ਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

09/13/2019 1:23:18 PM

ਮਿਲਾਨ/ਇਟਲੀ (ਕੈਂਥ/ਸਾਬੀ ਚੀਨੀਆ)— ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਨੂੰ ਇਕ ਖੇਤੀ ਫਾਰਮ 'ਤੇ ਚਾਰ ਪੰਜਾਬੀ ਨੌਜਵਾਨਾਂ ਦੀ ਬੇਵਕਤੀ ਮੌਤ ਦੀ ਖਬਰ ਨੇ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ । ਉੱਤਰੀ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿਖੇ 48 ਅਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ 4 ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾ ਰਹੇ ਹਨ, ਆਪਣੇ ਦੋ ਪੰਜਾਬੀ ਵਰਕਰਾਂ ਨਾਲ ਇਕ ਰਸਾਇਣਕ ਟੈਂਕਰ ਦੀ ਸਫਾਈ ਕਰ ਰਹੇ ਸਨ।

PunjabKesari

ਇਹ ਹਾਦਸਾ 12 ਸਤੰਬਰ ਨੂੰ 12:30 ਦੁਪਿਹਰ ਇਟਲੀ ਦੇ ਲੰਬਾਰਦੀਆ ਸੂਬੇ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿਖੇ ਉਦੋਂ ਵਾਪਰਿਆ ਜਦੋਂ 4 ਪੰਜਾਬੀ ਡੇਅਰੀ ਫਾਰਮ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਵਾਪਰੇ ਹਾਦਸੇ ਵਿਚ ਚਾਰਾਂ ਦੀ ਮੌਤ ਹੋ ਗਈ। ਇਹਨਾਂ ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਪੰਜਾਬੀ ਨੌਜਵਾਨ ਤਰਸੇਮ ਸਿੰਘ ਸੀਵਰੇਜ ਵਾਲੀ ਟੈਂਕੀ ਦੀ ਸਫਾਈ ਕਰ ਰਿਹਾ ਸੀ, ਜਿਸ ਵਿੱਚ ਰਸਾਇਣਕ ਪਦਾਰਥ ਦਾ ਹੋਣਾ ਵੀ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਜ਼ਮੀਨ ਵਿਚ 2 ਮੀਟਰ ਡੂੰਘੀ ਸੀ।ਤਰਸੇਮ ਸਿੰਘ ਟੈਂਕੀ ਵਿੱਚ ਅਚਾਨਕ ਡਿੱਗ ਪਿਆ।ਜਦੋਂ ਕਿ ਦੂਜੇ 3 ਪੰਜਾਬੀ ਨੌਜਵਾਨ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ। ਇਨ੍ਹਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ ਦੋ ਪੰਜਾਬੀ ਇਸੇ ਵੱਡੇ ਟੈਂਕਰ ਵਿਚ ਹੀ ਲਾਪਤਾ ਦੱਸੇ ਜਾ ਰਹੇ ਹਨ। 

PunjabKesari

ਬਚਾਉ ਅਧਿਕਾਰੀਆਂ ਮੁਤਾਬਕ ਕਿਸੇ ਦੇ ਬੱਚਣ ਦੀ ਕੋਈ ਉਮੀਦ ਨਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਚਾਰੇ ਪੰਜਾਬੀ ਨੌਜਵਾਨ ਜਿਹਨਾਂ ਵਿੱਚੋਂ ਦੋ ਪੰਜਾਬੀ ਨੌਜਵਾਨਾਂ ਕੋਲ ਇਟਾਲੀਅਨ ਨਾਗਰਿਕਤਾ ਸੀ ਅਤੇ ਦੋ ਭਾਰਤੀ ਸਨ।ਇਸ ਡੇਅਰੀ ਫਾਰਮ ਦੇ ਮਾਲਕ ਪੰਜਾਬੀ ਦੋਵੇਂ ਭਰਾ ਤਰਸੇਮ ਸਿੰਘ (47) ਅਤੇ ਪ੍ਰੇਮ ਸਿੰਘ (45) ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਰਹੇ ਸਨ ਅਤੇ ਪਿਛਲੇ 5 ਕੁ ਸਾਲਾਂ ਤੋਂ ਇਸ ਡੇਅਰੀ ਫਾਰਮ ਨੂੰ ਚਲਾ ਰਹੇ ਸਨ।ਮਰਨ ਵਾਲਿਆਂ ਵਿੱਚ ਤਰਸੇਮ ਸਿੰਘ (47)ਅਤੇ ਪ੍ਰੇਮ ਸਿੰਘ (45), ਹਰਮਿੰਦਰ (29) ਅਤੇ ਮਨਿੰਦਰ (28) ਸ਼ਾਮਲ ਹਨ ।

PunjabKesari

ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਮ੍ਰਿਤਕ ਪੰਜਾਬੀ ਨੌਜਵਾਨਾਂ ਦੀ ਮਾਂ ਨੇ ਰੌਦਿਆਂ ਦੱਸਿਆ ਕਿ  ਉਹਨਾਂ ਚਾਰਾਂ ਤੋਂ ਬਿਨਾਂ ਹੋਰ ਕੋਈ ਵੀ ਫਾਰਮ ਹਾਊਸ ਉੱਤੇ ਨਹੀਂ ਸੀ ਪਰ ਜਦੋਂ ਉਹਨਾਂ ਵਿੱਚੋਂ ਕੋਈ ਵੀ ਦੁਪਿਹਰ ਦਾ ਖਾਣਾ ਖਾਣ ਘਰ ਨਹੀਂ ਆਇਆ ਤਾਂ ਉਹ ਆਪ ਫਾਰਮ ਉੱਤੇ ਆ ਗਈ। ਫਾਰਮ ਹਾਊਸ ਆਕੇ ਜੋ ਮੰਜਰ ਉਸ ਦੀਆਂ ਅੱਖਾਂ ਨੇ ਦੇਖਿਆ ਉਸ ਨੂੰ ਦੇਖ ਉਹ ਦੰਗ ਰਹੀ ਗਈ। ਮਾਤਾ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕੀ ਕੀਤਾ ਜਾਵੇ।ਕਾਹਲੀ-ਕਾਹਲੀ ਵਿੱਚ ਉਸ ਨੇ ਆਪਣੇ ਪੁੱਤਰਾਂ ਨੂੰ ਟੈਂਕੀ ਵਿੱਚੋਂ ਬਾਹਰ ਕੱਢਣ ਲਈ ਬਹੁਤ ਕੋਸ਼ਿਸ ਕੀਤੀ ਪਰ ਅਫ਼ਸੋਸ ਉਹ ਮੌਤ ਦੇ ਮੂੰਹ ਵਿੱਚ ਜਾ ਰਹੇ ਪੁੱਤਾਂ ਨੂੰ ਨਹੀਂ ਬਚਾ ਸਕੀ।

PunjabKesari
ਖਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪੂਰਾ ਪਤਾ ਨਹੀ ਲੱਗ ਸਕਿਆ ਸੀ। ਸਥਾਨਕ ਪ੍ਰਸ਼ਾਸ਼ਨ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ। 4 ਪੰਜਾਬੀ ਨੌਜਵਾਨਾਂ ਨਾਲ ਹੋਈ ਇਸ ਅਣਹੋਣੀ ਨੇ ਇਟਲੀ ਦੇ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਹੈ, ਜਿਸ ਕਾਰਨ ਇਟਲੀ ਦਾ ਸਮੁੱਚਾ ਭਾਰਤੀ ਭਾਈਚਾਰਾ ਸੋਗ ਵਿੱਚ ਡੁੱਬਾ ਹੋਇਆ ਹੈ।ਇਟਾਲੀਅਨ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਵੀ ਇਸ ਅਤਿ ਦੁੱਖਦਾਈ ਘਟਨਾ ਉਪੱਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਘਟਨਾ ਨਾਲ ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।


Vandana

Content Editor

Related News