ਇਟਲੀ : ਬੋਰਗੋ ਹਰਮਾਦਾ ਦੇ ਭਾਰਤੀ ਨੌਜਵਾਨਾਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
Sunday, May 10, 2020 - 01:17 PM (IST)
ਰੋਮ, (ਕੈਂਥ)- ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਦੁਨੀਆ ਭਰ ਵਿੱਚ ਪੰਜਾਬੀ ਸਦਾ ਹੀ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਮੋਹਰੀ ਰਹਿੰਦੇ ਹਨ ਤੇ ਹੁਣ ਜਦੋਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੇ ਕਹਿਰ ਨਾਲ ਤਬਾਹ ਕਰਨਾ ਸ਼ੁਰੂ ਕੀਤਾ ਹੋਇਆ ਹੈ ਤਾਂ ਅਜਿਹੇ ਬਹੁਤ ਲੋਕ ਦੇਸ਼-ਵਿਦੇਸ਼ ਵਿਚ ਹਨ ਜਿਹੜੇ ਕਿ ਸਰਕਾਰਾਂ ਵੱਲੋਂ ਐਲਾਨੇ ਲਾਕਡਾਊਨ ਕਾਰਨ ਆਪਣੇ ਲਈ ਦੋ ਵਕਤ ਦੀ ਰੋਟੀ ਵੀ ਨਹੀਂ ਕਮਾ ਸਕਦੇ। ਇਨ੍ਹਾਂ ਲੋਕਾਂ ਦੀ ਪੰਜਾਬੀ ਭਾਈਚਾਰਾਂ ਦਿਲ ਖੋਲ੍ਹ ਕੇ ਮਦਦ ਕਰਨ ਲਈ ਅੱਗੇ ਆਇਆ ਹੈ।
ਇਟਲੀ ਵਿੱਚ ਵੀ ਕੋਰੋਨਾ ਸੰਕਟ ਕਾਰਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਦੇਸ਼ ਵਿੱਚ ਕੋਵਿਡ-19 ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਦਰਦਨਾਕ ਮੌਤ ਦੇ ਚੁੱਕਾ ਹੈ ।ਇਸ ਤਬਾਹੀ ਨਾਲ ਦੇਸ਼ ਦੀ ਆਰਥਿਕਤਾ ਵੱਡੇ ਪੱਧਰ 'ਤੇ ਡਮਮਗਾ ਰਹੀ ਹੈ ਤੇ ਇਟਲੀ ਦਾ ਪੰਜਾਬੀ ਭਾਈਚਾਰਾ, ਧਾਰਮਿਕ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਇਟਲੀ ਦੀ ਇਸ ਔਖੀ ਘੜੀ ਵਿੱਚ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਅੱਗੇ ਆ ਰਹੀਆਂ ਹਨ।
ਇਸ ਸ਼ਲਾਘਾਯੋਗ ਕਾਰਜ ਵਿੱਚ ਬੋਰਗੋ ਹਰਮਾਦਾ ਦੇ ਭਾਰਤੀ ਨੌਜਵਾਨਾਂ ਵੱਲੋਂ ਵੀ ਖਾਣ-ਪੀਣ ਦੇ ਸਮਾਨ ਨਾਲ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਫੌਂਦੀ ਵਿਖੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਵਜੋਂ ਮਦਦ ਕੀਤੀ ਗਈ।ਬੋਰਗੋ ਹਰਮਾਦਾ ਦੇ ਭਾਰਤੀ ਨੌਜਵਾਨਾਂ ਵੱਲੋਂ ਇਹ ਸਮਾਨ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਮਾਜਦੇਵੀ ਕਾਰਜਾਂ ਲਈ ਜਾਣੀ ਜਾਂਦੀ ਸੰਸਥਾ ਫਾਲਕੀ ਪ੍ਰੋਂਤੋ ਇੰਟਰਵੇਨਤੋ ਫੌਂਦੀ ਦੇ ਪ੍ਰਬੰਧਕਾਂ ਨੂੰ ਦਿੱਤਾ ਗਿਆ।ਜਿਸ ਲਈ ਫਾਲਕੀ ਦੇ ਅਧਿਕਾਰੀਆਂ ਨੇ ਕੋਰੋਨਾ ਸੰਕਟ ਵਿੱਚ ਇਟਲੀ ਦਾ ਸਾਥ ਦੇਣ ਬੋਰਗੋ ਹਰਮਾਦਾ ਦੇ ਭਾਰਤੀ ਨੌਜਵਾਨ ਦਾ ਉਚੇਚਾ ਧੰਨਵਾਦ ਕੀਤਾ।