ਕੋਵਿਡ-19 ਨੇ ਲਈਆਂ ਹਜ਼ਾਰਾਂ ਜਾਨਾਂ ਪਰ ਲੋਕ ਅਜੇ ਵੀ ਬੇਪਰਵਾਹ, ਕਰ ਰਹੇ ਮਰਜ਼ੀਆਂ

05/06/2020 3:28:17 PM

ਰੋਮ,(ਕੈਂਥ)- ਇਟਲੀ ਵਿਚ 4 ਮਈ ਨੂੰ ਫੇਜ਼ 2 ਦੇ ਅਧੀਨ ਇਟਲੀ ਸਰਕਾਰ ਵਲੋਂ ਲਾਕਡਾਊਨ ਕੁੱਝ ਸ਼ਰਤਾਂ ਨਾਲ ਖੋਲ ਦਿੱਤਾ ਗਿਆ । ਇਟਲੀ ਦੀਆਂ ਸੜਕਾਂ 'ਤੇ ਗੱਡੀਆਂ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਇਟਲੀ ਦੇ ਲਾਸੀਓ ਦੇ ਕਈ ਸ਼ਹਿਰਾਂ ਵਿਚ ਤਕਰੀਬਨ ਇੱਕ-ਇੱਕ ਕਿਲੋਮੀਟਰ ਤੱਕ ਦਾ ਜਾਮ (ਭੀੜ) ਦੇਖਣ ਨੂੰ ਮਿਲਿਆ। 

ਸੁਪਰਮਾਰਕਿਟਾਂ ਤੇ ਗਰੋਸਰੀ ਸਟੋਰਾਂ ਵਿਚ ਵੀ ਕਾਫ਼ੀ ਹੱਦ ਤੱਕ ਭੀੜ ਦੇਖਣ ਨੂੰ ਮਿਲੀ। ਪਰਸੋ ਲਾਕਡਾਊਨ ਵਿੱਚ ਖੁੱਲ੍ਹ ਦਾ ਪਹਿਲਾ ਦਿਨ ਸੀ ਅਤੇ ਇਟਲੀ ਦੀ ਸਰਕਾਰ ਨੇ ਬਹੁਤ ਸਾਰੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ ਸਨ ਪਰ ਉਨ੍ਹਾਂ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਹ ਸੋਚਦੇ ਹੋਣਗੇ ਕਿ ਇਟਲੀ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਖਤਮ ਹੋ ਗਈ ਹੈ ਕਿਉਂਕਿ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਕੰਮ ਲਈ ਗਏ ਸਨ। ਇਸ ਦੌਰਾਨ ਬਹੁਤੇ ਲੋਕ ਲਾਪਰਵਾਹੀ ਵਰਤਦੇ ਨਜ਼ਰ ਆਏ, ਜਿਨ੍ਹਾਂ ਵਿੱਚੋਂ ਕੁਝ ਲੋਕ ਬਿਨਾਂ ਮਾਸਕ ਅਤੇ ਦਸਤਾਨਿਆਂ ਦੇ ਨਜ਼ਰ ਆਏ ਹਨ। 

ਭਾਵੇਂ ਸਰਕਾਰ ਵਲੋਂ ਲਾਕਡਾਊਨ ਖੋਲ੍ਹਣ ਤੋਂ ਪਹਿਲਾਂ ਆਮ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਇਟਲੀ ਕੋਰੋਨਾ ਮੁਕਤ ਨਹੀਂ ਹੋਇਆ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਲੈ ਕੇ ਹੁਣ ਤੱਕ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਲਾਕਡਾਊਨ ਨਾਲ ਇਟਲੀ ਦੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ ਹੈ ਜਿਸ ਤੋਂ ਬਾਹਰ ਆਉਣ ਲਈ ਕਾਫੀ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੌਂਤੇ ਨੇ ਕਿਹਾ ਸੀ ਕਿ 4 ਮਈ ਨੂੰ ਲਾਕਡਾਊਨ ਖੋਲ੍ਹਣ ਦਾ ਮਤਲਬ ਹੈ ਕਿ ਇਟਲੀ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਸਾਨੂੰ ਕੁੱਝ ਹੱਦ ਤੱਕ ਵਪਾਰਿਕ ਖੁੱਲ੍ਹ ਦੇਣੀ ਪੈ ਰਹੀ ਹੈ। ਇਟਲੀ ਵੱਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਵੀ ਅਪੀਲ ਹੈ ਕਿ ਹਮੇਸ਼ਾ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕਰੋ ਅਤੇ ਜ਼ਿਆਦਾ ਭੀੜ ਵਾਲੀਆ ਥਾਵਾਂ ਤੇ ਹਮੇਸ਼ਾ ਫ਼ਾਸਲਾ ਬਣਾ ਕੇ ਰੱਖੋ। ਬਿਨਾ ਲੋੜ ਦੇ ਕੋਈ ਵੀ ਬਾਹਰ ਨਾ ਜਾਵੇ ਕਿਉਂਕਿ ਇਟਲੀ ਵਿੱਚ ਹੁਣ ਵੀ ਹਰ ਰੋਜ਼ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਹੁਣ ਵੀ ਕੋਵਿਡ-19 ਲੋਕਾਂ ਲਈ ਵੱਡਾ ਖਤਰਾ ਹੈ ਕਿਉਂਕਿ ਜਦੋਂ ਤੱਕ ਇਸ ਦਾ ਕੋਈ ਵੈਕਸੀਨੇਸ਼ਨ ਨਹੀ ਆਉਂਦਾ ਉਦੋਂ ਤੱਕ ਇਹ ਸਮੁੱਚੇ ਸੰਸਾਰ ਲਈ ਮੌਤ ਦਾ ਖੂਹ ਹੈ।


Lalita Mam

Content Editor

Related News