ਕਿੱਦਾਂ ਠੀਕ ਹੋਏ ਕੋਰੋਨਾ ਵਾਇਰਸ ਦੇ ਪੀੜਤ, 95 ਸਾਲਾ ਬੇਬੇ ਨੇ ਦੱਸੀ ਹੱਡ ਬੀਤੀ
Tuesday, Mar 24, 2020 - 12:54 PM (IST)
ਰੋਮ : ਕੋਰੋਨਾ ਵਾਇਰਸ ਨੂੰ ਹਰਾਉਣ ਵਾਲਿਆਂ ਨੇ ਹੱਡ ਬੀਤੀ ਤੇ ਜ਼ਿੰਦਗੀ ਦੀ ਜੰਗ ਜਿੱਤਣ ਦੀ ਕਹਾਣੀ ਦੱਸੀ ਹੈ। ਇਟਲੀ ਦੇ ਫੈਨਾਨੋ ਦੀ 95 ਸਾਲਾ ਅਲਮਾ ਕਲਾਰਾ ਕੋਰਸਿਨੀ, ਵਾਸ਼ਿੰਗਟਨ ਦੀ 37 ਸਾਲਾ ਐਲਿਜ਼ਾਬੈੱਥ ਸ਼ਨਾਈਡਰ ਤੇ ਦਿੱਲੀ ਦੇ 45 ਸਾਲਾ ਐੱਮ. ਵੀ. ਰੋਹਿਤ ਦੱਤਾ ਇਹ ਤਿੰਨੋਂ ਅਜਿਹੀਆਂ ਸ਼ਖਸੀਅਤਾਂ ਹਨ, ਜੋ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਸਨ ਪਰ ਅੱਜ ਪੂਰੀ ਦੁਨੀਆ ਨੂੰ ਇਸ ਖਤਰਨਾਕ ਸੰਕਰਮਣ ਤੋਂ ਬਚਣ ਦੇ ਤਰੀਕੇ ਦੱਸ ਰਹੇ ਹਨ। ਇਹ ਤਿੰਨੋਂ ਆਪਣੀ ਕਹਾਣੀ ਇਸ ਲਈ ਦੱਸ ਰਹੇ ਹਨ ਤਾਂ ਕਿ ਲੋਕ ਘਬਰਾਉਣ ਨਾ ਅਤੇ ਲਾਪਰਵਾਹੀ ਵੀ ਨਾ ਵਰਤਣ। ਇਨ੍ਹਾਂ ਤਿੰਨਾਂ ਨੇ ਖੁਦ ਨੂੰ ਭੀੜ ਵਾਲੀ ਥਾਂ ਤੋਂ ਵੱਖਰੇ ਕਰਕੇ ਸਾਵਧਾਨੀ ਵਰਤੀ ਤੇ ਹੁਣ ਪੂਰੀ ਤਰ੍ਹਾਂ ਵਾਇਰਸ ਤੋਂ ਮੁਕਤ ਹਨ।
95 ਸਾਲਾ ਬੇਬੇ ਦੀ ਹੱਡ ਬੀਤੀ
ਇਟਲੀ ਦੀ 95 ਸਾਲਾ ਬੇਬੇ 5 ਮਾਰਚ ਨੂੰ ਹਸਪਤਾਲ ਵਿਚ ਦਾਖਲ ਹੋਈ ਸੀ। ਡਾਕਟਰਾਂ ਨੇ ਉਸ ਨੂੰ ਕਿਹਾ ਕਿ ਉਹ ਐਂਟੀ ਵਾਇਰਲ ਥੈਰੇਪੀ ਦੇ ਬਿਨਾਂ ਵੀ ਠੀਕ ਹੋ ਸਕਦੀ ਹੈ। ਉਨ੍ਹਾਂ ਨੇ ਅਲਮਾ ਨੂੰ ਉਸ ਦੀ ਡਾਈਟ ਪੁੱਛੀ ਤੇ ਕਿਹਾ ਕਿ ਤੁਸੀਂ ਸਮੇਂ ‘ਤੇ ਖਾਓ, ਪਾਣੀ ਅਤੇ ਜੂਸ ਵਧੇਰੇ ਪੀਓ ਅਤੇ ਬੇਬੇ ਨੇ ਅਜਿਹਾ ਹੀ ਕੀਤਾ। ਉਸ ਨੂੰ ਕੁੱਝ ਦਿਨ ਆਈ. ਸੀ. ਯੂ. ‘ਚ ਰੱਖਿਆ ਗਿਆ ਤੇ ਹੁਣ ਉਹ ਬਿਲਕੁਲ ਠੀਕ ਹੈ ਤੇ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਇਹ ਬੇਬੇ ਬਜ਼ੁਰਗਾਂ ਸਣੇ ਹਰ ਉਮਰ ਦੇ ਲੋਕਾਂ ਲਈ ਉਮੀਦ ਦੀ ਕਿਰਨ ਬਣ ਗਈ ਹੈ।
37 ਸਾਲਾ ਮਹਿਲਾ ਹੋਈ ਠੀਕ
ਵਾਸ਼ਿੰਗਟਨ ਦੀ 37 ਸਾਲਾ ਐਲਿਜ਼ਾਬੈੱਥ ਸ਼ਨਾਈਡਰ ਨੇ ਦੱਸਿਆ ਕਿ 7 ਮਾਰਚ ਨੂੰ ਉਸ ਨੂੰ ਪਤਾ ਲੱਗਾ ਕਿ ਜਿਸ ਪਾਰਟੀ ਵਿਚ ਉਹ ਗਈ ਸੀ, ਉੱਥੇ ਮੌਜੂਦ ਵਧੇਰੇ ਲੋਕਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਸ ਨੇ ਆਪਣੇ ਟੈਸਟ ਕਰਵਾਏ ਤਾਂ ਉਹ ਵੀ ਪਾਜ਼ੀਟਿਵ ਆਈ। ਇਸ ਮਗਰੋਂ ਡਾਕਟਰਾਂ ਨੇ ਉਸ ਨੂੰ 15 ਦਿਨ ਘਰ ਵਿਚ ਵੱਖਰੇ ਹੀ ਰਹਿਣ ਦੀ ਸਲਾਹ ਦਿੱਤੀ। ਉਸ ਨੇ ਅਜਿਹਾ ਹੀ ਕੀਤਾ ਤੇ ਕਾਫੀ ਮਾਤਰਾ ਵਿਚ ਪਾਣੀ ਪੀਤਾ। ਹੁਣ ਉਹ ਬਿਲਕੁਲ ਠੀਕ ਹੈ। ਉਸ ਨੇ ਸਭ ਨੂੰ ਸਲਾਹ ਦਿੱਤੀ ਕਿ ਪੀੜਤ ਲੋਕ ਉਸ ਵਾਂਗ ਕਾਫੀ ਪਾਣੀ ਪੀਣ ਤੇ ਘਬਰਾਉਣ ਨਾ। ਇਸ ਦੇ ਨਾਲ ਹੀ ਉਸ ਨੇ ਪੂਰਾ ਆਰਾਮ ਵੀ ਕਰਨ ਦੀ ਸਲਾਹ ਦਿੱਤੀ ਹੈ।
45 ਸਾਲਾ ਭਾਰਤੀ ਸ਼ਖਸ ਦੀ ਕੋਰੋਨਾ ਨੂੰ ਮਾਤ
ਸਫਦਰਗੰਜ ਹਸਪਤਾਲ ਵਿਚ ਇਲਾਜ ਦੇ ਬਾਅਦ ਸਿਹਤਮੰਦ ਹੋ ਕੇ ਘਰ ਪੁੱਜੇ ਦਿੱਲੀ ਵਿਚ ਟੈਕਸਟਾਈਲ ਫੈਕਟਰੀ ਦੇ ਮਾਲਕ 45 ਸਾਲਾ ਰੋਹਿਤ ਦੱਤਾ ਨੇ ਦੱਸਿਆ ਕਿ 29 ਫਰਵਰੀ ਨੂੰ ਜਦ ਉਸ ਨੂੰ ਪਤਾ ਲੱਗਾ ਕਿ ਉਹ ਵੀ ਕੋਰੋਨਾ ਪੀੜਤ ਹੈ ਤਾਂ ਉਹ ਘਬਰਾ ਗਿਆ ਸੀ। ਡਾਕਟਰਾਂ ਨੇ ਉਸ ਨੂੰ ਬਹੁਤ ਸਕਾਰਾਤਮਕ ਐਨਰਜੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਠੀਕ ਕਰਕੇ ਹੀ ਭੇਜਣਗੇ। ਉਨ੍ਹਾਂ ਕਿਹਾ ਕਿ ਉਹ ਭਗਵਾਨ ਨੂੰ ਯਾਦ ਕਰੋ ਅਤੇ ਜੋ ਚੰਗਾ ਲੱਗੇ ਉਹ ਕਰੇ। ਉਸ ਨੂੰ ਗੀਤ ਗਾਉਣੇ ਚੰਗੇ ਲੱਗਦੇ ਸਨ ਤੇ ਉਹ ਅਜਿਹਾ ਹੀ ਕਰਦਾ ਰਿਹਾ। ਉਸ ਨੇ ਦੱਸਿਆ ਕਿ ਇਸ ਨਾਲ ਉਸ ਨੂੰ ਬਹੁਤ ਤਾਕਤ ਮਿਲੀ। ਏਮਜ਼ ਦੇ ਡਾਕਟਰਾਂ ਨੇ ਵੀ ਇਹ ਹੀ ਕਿਹਾ ਹੈ ਕਿ ਲੋਕ ਘਬਰਾਉਣ ਨਾ ਅਤੇ ਜਿੰਨਾ ਹੋ ਸਕਣ ਪਾਜ਼ੀਟਿਵ ਸੋਚ ਰੱਖਣ। ਰਾਤ ਦਾ ਖਾਣਾ ਹਲਕਾ ਰੱਖਣ ਤਾਂ ਕਿ ਚੰਗੀ ਨੀਂਦ ਲੈ ਸਕਣ ਤੇ ਤੰਦਰੁਸਤ ਰਹਿਣ। ਪਾਣੀ ਵੀ ਖੂਬ ਪੀਓ।