ਇਟਲੀ ਬਣਿਆ ਕੋਰੋਨਾ ਦਾ ਨਵਾਂ ਕੇਂਦਰ, ਇਕ ਦਿਨ 'ਚ 4,600 ਮਾਮਲੇ ਆਏ ਸਾਹਮਣੇ
Sunday, Mar 08, 2020 - 12:08 PM (IST)

ਮਿਲਾਨ— ਕੋਰੋਨਾ ਵਾਇਰਸ ਕਾਰਨ ਇਟਲੀ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 233 ਹੋ ਗਈ ਜਦਕਿ ਪੀੜਤਾਂ ਦੀ ਗਿਣਤੀ 5,883 ਤਕ ਪੁੱਜ ਗਈ ਹੈ। ਚੀਨ ਦੇ ਬਾਅਦ ਦੱਖਣੀ ਕੋਰੀਆ ਤੇ ਇਟਲੀ 'ਚ ਸਭ ਤੋਂ ਵਧ ਲੋਕ ਪ੍ਰਭਾਵਿਤ ਹੋਏ ਹਨ। ਓਧਰ ਇਤਾਲਵੀ ਸਰਕਾਰ ਨੇ ਦੱਸਿਆ ਕਿ ਪੂਰੇ ਲੋਂਬਾਰਡੀ ਖੇਤਰ ਨੂੰ ਲਾਕ ਡਾਊਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਵੈਨਿਸ ਅਤੇ ਪਰਮਾ ਤੇ ਰਿਮਿਨੀ ਦੇ ਉੱਤਰੀ ਸ਼ਹਿਰਾਂ ਦੇ ਨੇੜਲੇ ਖੇਤਰਾਂ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਟਲੀ ਦੀ ਨਿੱਜੀ ਅਖਬਾਰ ਤੇ ਹੋਰ ਮੀਡੀਆ ਸੰਸਥਾਵਾਂ ਨੂੰ ਮਿਲੇ ਸਰਕਾਰੀ ਪ੍ਰਸਤਾਵ ਦੇ ਇਕ ਮਸੌਦੇ 'ਚ ਕਿਹਾ ਗਿਆ ਕਿ 3 ਅਪ੍ਰੈਲ ਤਕ ਇਨ੍ਹਾਂ ਖੇਤਰਾਂ 'ਚ ਲੋਕਾਂ ਨੂੰ ਆਉਣ-ਜਾਣ 'ਤੇ ਪੂਰੀ ਤਰ੍ਹਾਂ ਨਾਲ ਰੋਕਿਆ ਜਾਵੇਗਾ।ਮਿਲਾਨ ਇਟਲੀ ਦੀ ਵਿੱਤੀ ਰਾਜਧਾਨੀ ਹੈ ਅਤੇ ਇਸ ਦੀ ਆਬਾਦੀ 14 ਲੱਖ ਤੋਂ ਘੱਟ ਹੈ, ਜਦਕਿ ਲੋਂਬਾਰਡੀ ਖੇਤਰ 'ਚ 1 ਕਰੋੜ ਲੋਕਾਂ ਦੇ ਘਰ ਹਨ।
ਵੈਨਿਸ ਦੇ ਨੇੜਲੇ ਵੇਨੇਟੋ ਖੇਤਰ ਦੇ ਨਾਲ-ਨਾਲ ਅਮੀਲਿਆ ਰੋਮਾਗਨਾ ਦੇ ਪਰਮਾ ਤੇ ਰਿਮਿਨੀ 'ਚ ਵੀ ਅਜਿਹਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨ ਸ਼ਹਿਰਾਂ ਦੀ ਆਬਾਦੀ ਲਗਭਗ 5,40,000 ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਲੋਕਾਂ ਦੀ ਆਵਾਜਾਈ 'ਤੇ ਰੋਕ ਦਾ ਹੁਕਮ ਕਦੋਂ ਤਕ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੀਨ 'ਚ ਕੋਰੋਨਾ ਵਾਇਰਸ ਦੇ ਫੈਲਣ ਦੇ ਬਾਅਦ ਇਟਲੀ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ।