ਇਟਲੀ ਤੋਂ ਆਇਆ ਸੁੱਖ ਦਾ ਸੁਨੇਹਾ, ਵਿਦੇਸ਼ੀ ਕਾਮਿਆਂ ਲਈ ਖੁੱਲ੍ਹੀ ਸਰਹੱਦ
Tuesday, Oct 13, 2020 - 10:01 AM (IST)
ਮਿਲਾਨ,(ਸਾਬੀ ਚੀਨੀਆ)- ਯੂਰਪ ਦੇ ਸਮੁੰਦਰੀ ਤੱਟ 'ਤੇ ਵਸੇ ਛੋਟੇ ਜਿਹੇ ਦੇਸ਼ ਦੀ ਸਰਕਾਰ ਨੇ ਦਲੇਰੀ ਭਰਿਆ ਫੈਸਲਾ ਲੈਂਦੇ ਹੋਏ ਇਕ ਵਾਰ ਫਿਰ 38,800 ਵਿਦੇਸ਼ੀ ਕਾਮਿਆਂ ਲਈ ਪੇਪਰ ਖੋਲ੍ਹ ਕੇ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਇਟਲੀ ਆਉਣ ਦਾ ਸੱਦਾ ਦਿੱਤਾ ਹੈ।
ਦੱਸਣਯੋਗ ਹੈ ਕਿ ਇਟਲੀ ਵਿਚ ਹਰ ਸਾਲ ਮਾਰਚ ਵਿਚ ਦੂਜੇ ਦੇਸ਼ਾਂ ਤੋ ਆਉਣ ਵਾਲੇ ਵਿਦੇਸ਼ੀ ਕਾਮਿਆਂ ਲਈ 9 ਮਹੀਨਿਆਂ ਵਾਲੇ ਪੇਪਰ ਖੋਲ੍ਹੇ ਜਾਂਦੇ ਹਨ ਪਰ ਇਸ ਸਾਲ ਕੋਰੋਨਾ ਵਾਇਰਸ ਕਰਕੇ ਇਹ ਕੋਟਾ ਥੋੜ੍ਹੀ ਦੇਰੀ ਨਾਲ ਖੋਲ੍ਹਿਆ ਗਿਆ ਹੈ। ਹੁਣ ਇਟਲੀ ਆਉਣ ਦੇ ਚਾਹਵਾਨ 22 ਅਕਤੂਬਰ ਤੋਂ ਆਨਲਾਈਨ ਫਾਰਮ ਭਰਕੇ ਇਟਲੀ ਆਉਣ ਲਈ ਅਰਜ਼ੀਆਂ ਦੇ ਸਕਦੇ ਹਨ । ਇਸ ਕੋਟੇ ਤਹਿਤ ਉਹ ਵਿਅਕਤੀ ਇਟਲੀ ਦਾ ਪੱਕਾ ਵਰਕ ਪਰਿਮਟ ਲੈ ਸਕਦੇ ਹਨ ਜਿਹੜੇ ਪਿਛਲੇ ਸਾਲ 9 ਮਹੀਨਿਆਂ ਵਾਲਿਆਂ ਪੇਪਰਾਂ ਤੇ ਇਟਲੀ ਦਾਖ਼ਲ ਹੋਏ ਸਨ। ਦੱਸਣਯੋਗ ਹੈ ਕਿ ਇਸ ਕੋਟੇ ਤਹਿਤ ਸਿਰਫ ਖੇਤੀ ਫਾਰਮਾਂ ਤੇ ਸੈਰ-ਸਪਾਟੇ ਨਾਲ ਸਬੰਧਤ ਕਿੱਤਿਆਂ ਵਾਲੇ ਮਾਲਕ ਹੀ ਅਪਲਾਈ ਕਰ ਸਕਦੇ ਹਨ।