ਇਟਲੀ ਨੇ ਗੈਰ-ਕਾਨੂੰਨੀ ਘੁਸਪੈਠ ਰੋਕਣ ਲਈ ਬੰਦਰਗਾਹਾਂ ''ਤੇ ਵਧਾਈ ਚੌਕਸੀ

Wednesday, Aug 15, 2018 - 10:09 AM (IST)

ਇਟਲੀ ਨੇ ਗੈਰ-ਕਾਨੂੰਨੀ ਘੁਸਪੈਠ ਰੋਕਣ ਲਈ ਬੰਦਰਗਾਹਾਂ ''ਤੇ ਵਧਾਈ ਚੌਕਸੀ

ਇਟਲੀ (ਸਾਬੀ ਚੀਨੀਆ)— ਯੂਰਪੀਅਨ ਦੇਸ਼ਾਂ ਅੰਦਰ ਪਹੁੰਚਣ ਲਈ ਸਮੁੰਦਰੀ ਬੇੜਿਆਂ ਦਾ ਸਹਾਰਾ ਲੈਣ ਵਾਲੇ ਸ਼ਰਨਾਰਥੀਆਂ ਦੇ ਸੁਪਨੇ ਚਕਨਾਚੂਰ ਹੁੰਦੇ ਦਿਖਾਈ ਦੇ ਰਹੇ ਹਨ, ਕਿਉਂਕਿ ਇਟਲੀ ਸਮੇਤ ਗਰੀਸ, ਸਪੇਨ ਅਤੇ ਫਰਾਂਸ ਆਦਿ ਮੁਲਕਾਂ ਨੇ ਆਪੋ-ਆਪਣੀਆਂ ਸਰਹੱਦਾਂ ਨਾਲ ਲੱਗਦੀਆਂ ਸਮੁੰਦਰੀ ਬੰਦਰਗਾਹਾਂ ਅਤੇ ਗੁਪਤ ਰਸਤਿਆਂ 'ਤੇ ਚੌਕਸੀ ਵਧਾ ਦਿੱਤੀ ਹੈ। ਜਿਸ ਦੇ ਤਹਿਤ ਸਪੇਨ ਅਤੇ ਇਟਲੀ 'ਚ ਪੈਂਦੇ ਮਾਲਟਾ ਸਮੁੰਦਰੀ ਤੱਟ 'ਤੇ 141 ਵਿਦੇਸ਼ੀ ਸ਼ਰਨਾਰਥੀਆਂ ਨਾਲ ਭਰੇ ਇਕ ਬੇੜੇ ਨੂੰ ਪਿਛਲੇ ਤਿੰਨ ਦਿਨਾ ਤੋਂ ਮੰਜ਼ਲ ਤਕ ਪਹੁੰਚਣ ਦੀ ਅਜੇ ਵੀ ਕਿਨਾਰੇ ਦੀ ਉਡੀਕ ਹੈ ਭਾਵ ਇਟਲੀ ਸਰਕਾਰ ਵੱਲੋਂ ਇਸ ਬੇੜੇ ਨੂੰ ਇਟਲੀ 'ਚ ਦਾਖਲ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਅਤੇ ਨਾ ਹੀ ਸਪੇਨ, ਫਰਾਂਸ ਅਤੇ ਇੰਗਲੈਂਡ ਇਸ ਬੇੜੇ ਨੂੰ ਆਪੋ-ਆਪਣੇ ਦੇਸ਼ਾਂ ਦੀਆਂ ਬੰਦਰਗਾਹਾਂ ਰਾਹੀਂ ਪਹੁੰਚਣ ਦੀ ਇਜਾਜ਼ਤ ਦੇ ਰਹੇ ਹਨ, ਨਤੀਜੇ ਵਜੋਂ ਬੀਤੇ ਤਿੰਨ ਦਿਨਾ ਤੋਂ ਇਹ ਬੇੜਾ ਮਾਲਟਾ ਤਟ 'ਚ ਹੀ ਬਲੌਕ ਹੋ ਗਿਆ ਹੈ।

ਇਸ ਬੇੜੇ 'ਚ ਬਹੁਤ ਸਾਰੇ ਦੱਖਣੀ ਅਫਰੀਕਨ ਦੇਸ਼ਾਂ ਨਾਲ ਸਬੰਧਿਤ ਸ਼ਰਨਾਰਥੀ ਹੀ ਹਨ, ਜੋ ਕਿ ਇਟਲੀ ਜਾਂ ਫਿਰ ਦੂਜੇ ਦੇਸ਼ਾਂ ਵਿਚ ਪਨਾਹ ਲੈ ਕੇ ਇੱਥੇ ਬਿਹਤਰੀਨ ਜੀਵਨ ਦੀ ਭਾਲ 'ਚ ਹਨ ਪਰ ਇਟਲੀ ਦੀ ਨਵੀਂ ਬਣੀ ਸਰਕਾਰ ਨੇ ਗੈਰ-ਕਾਨੂੰਨੀ ਢੰਗ ਨਾਲ ਦਖਲ ਹੋਣ ਵਾਲੇ ਵਿਦੇਸ਼ੀਆਂ 'ਤੇ ਮੁਕੰਮਲ ਰੋਕ ਲਾਉਣ ਦਾ ਪੂਰਾ ਮਨ ਬਣਾਇਆ ਹੋਇਆ ਹੈ। ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਇਸ ਸਬੰਧ 'ਚ ਯੂਰਪੀਅਨ ਯੂਨੀਅਨ ਕੋਲ ਮਜ਼ਬੂਤ ਪੱਖ ਪੇਸ਼ ਕਰ ਕੇ ਸਹਿਯੋਗ ਦੀ ਮੰਗ ਵੀ ਕੀਤੀ ਹੈ ਅਤੇ ਕਿਹਾ ਕਿ ਇਟਲੀ ਮਨੁੱਖੀ ਹੱਕਾਂ ਦੀ ਕਦਰ ਕਰਦਾ ਹੈ ਪਰ ਇੱਥੇ ਦਾਖਲ ਹੋਣ ਵਾਲੇ ਗੈਰ-ਕਾਨੂਨੀ ਅਨਸਰਾਂ ਅਤੇ ਸਮੁੰਦਰੀ ਬੇੜਿਆਂ ਨੂੰ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀ ਦੇਵੇਗਾ।


Related News