ਇਟਲੀ 'ਚ ਕੋਰੋਨਾਵਾਇਰਸ ਨਾਲ ਹੁਣ ਤੱਕ 7 ਲੋਕਾਂ ਦੀ ਮੌਤ, 219 ਦੀ ਹਾਲਤ ਗੰਭੀਰ

02/24/2020 5:24:53 PM

ਰੋਮ/ਇਟਲੀ (ਕੈਂਥ): ਕੋਰੋਨਾਵਾਇਰਸ ਨੇ ਯੂਰਪੀਅਨ ਦੇਸ ਇਟਲੀ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ। ਜਿਸ ਕਾਰਨ ਹੁਣ ਤੱਕ 7 ਲੋਕਾ ਦੀ ਮੌਤ ਨੇ ਇਟਲੀ ਸਰਕਾਰ ਨੂੰ ਹੱਥਾ ਪੈਰਾਂ ਦੀ ਪਾ ਦਿੱਤੀ ਹੈ। ਤਾਜ਼ਾ ਰਿਪੋਰਟ ਮੁਤਾਬਕ ਇਟਲੀ ਵਿਚ 219 ਲੋਕਾਂ ਨੂੰ ਕੋਰੋਨਾ ਵਾਇਰਸ ਨੇ ਆਪਣੇ ਪੰਜੇ ਵਿਚ ਜਕੜ ਰੱਖਿਆ ਹੈ ਜਿਹੜੇ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।ਇਟਲੀ ਦਾ ਪੂਰਾ ਸਿਹਤ ਵਿਭਾਗ ਅੱਡੀਆਂ ਭਾਰ ਹੋ ਕੇ ਕੋਰੋਨਾਵਾਇਰਸ ਦੀ ਰੋਕਥਾਮ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਹਾਲਤ ਚਿੰਤਾਜਨਕ ਬਣੇ ਹੋਏ ਹਨ।

ਪ੍ਰਧਾਨ ਮੰਤਰੀ ਜੁਜੇਪੇ ਕੋਂਤੇ ਨੇ ਕਿਹਾ ਕਿ ਵਾਇਰਸ ਦੇ ਪ੍ਰਕੋਪ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਲੋਕਾਂ ਨੂੰ ਹਫਤੇ ਤੱਕ ਘਰਾਂ ਵਿਚ ਬੰਦ ਰਹਿਣਾ ਪੈ ਸਕਦਾ ਹੈ। ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਏਂਜੇਲੋ ਬੋਰਰੇਲੀ ਨੇ ਐਤਵਾਰ ਨੂੰ ਕਿਹਾ ਸੀ ਕਿ ਦੇਸ਼ ਵਿਚ 150 ਤੋਂ ਜ਼ਿਆਦਾ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਯੂਰਪ ਵਿਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਇਟਲੀ ਵਿਚ ਹੀ ਸਾਹਮਣੇ ਆਏ ਹਨ। ਲੋਮਬਾਰਦੀਆ ਵਿਚ 10 ਅਤੇ ਗੁਆਂਢ ਦੇ ਵੇਨੇਤੋ ਵਿਚ ਇਕ। ਕੁੱਲ 11 ਕਸਬਿਆਂ ਵਿਚ ਆਵਾਜਾਈ ਬੰਦ ਹੈ ਅਤੇ ਕਰੀਬ 50,000 ਵਸਨੀਕਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਖੇਤਰੀ ਅਧਿਕਾਰੀਆਂ ਨੇ ਇਕੱਠੇ ਹੋਣ ਵਾਲੇ ਸਥਾਨਾਂ ਜਿਵੇਂ ਬਾਰ, ਰੈਸਟੋਰੈਂਟ ਅਤੇ ਡਿਸਕੋ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ।

ਉੱਧਰ ਚੀਨ ਦੇ ਬਾਅਦ ਦੱਖਣੀ ਕੋਰੀਆ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ ਵਾਲਾ ਦੂਜਾ ਵੱਡਾ ਦੇਸ਼ ਬਣਦਾ ਜਾ ਰਿਹਾ ਹੈ। ਇੱਥੇ ਹੁਣ ਤੱਕ ਇਸ ਜਾਨਲੇਵਾ ਵਾਇਰਸ ਦੇ 833 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੇ ਬਾਹਰ ਕਰੀਬ 25 ਤੋਂ ਵੱਧ ਦੇਸ਼ਾਂ ਵਿਚ ਫੈਲੇ ਇਸ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਕੁਵੈਤ, ਬਹਿਰੀਨ ਅਤੇ ਅਫਗਾਨਿਸਤਾਨ ਦੇ ਸਿਹਤ ਮੰਤਰਾਲਿਆਂ ਨੇ ਵੀ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਆਪਣੇ-ਆਪਣੇ ਇੱਥੇ ਪਹਿਲੇ ਮਾਮਲਿਆਂ ਦਾ ਐਲਾਨ ਕੀਤਾ।


 


Vandana

Content Editor

Related News