ਇਟਲੀ ''ਚ ਪ੍ਰਕੋਪੀ ਗਰਮੀ ਨੇ ਲਈ ਦੋ ਲੋਕਾਂ ਦੀ ਜਾਨ, ਚਿਤਾਵਨੀ ਜਾਰੀ

06/28/2019 3:51:35 PM

ਰੋਮ/ਇਟਲੀ (ਕੈਂਥ)— ਇਸ ਸਾਲ ਇਟਲੀ ਵਿੱਚ ਭਾਵੇਂ ਗਰਮੀ ਦਾ ਮੌਸਮ ਥੌੜ੍ਹਾ ਦੇਰੀ ਨਾਲ ਆਇਆ ਹੈ ਜਿਸ ਕਾਰਨ ਸਮੁੰਦਰ ਕਿਨਾਰੇ ਹੋਟਲ ਅਤੇ ਰੈਸਟੋਰੈਂਟ ਵਾਲਿਆਂ ਦਾ ਕਾਰੋਬਾਰ ਡੱਕੇ-ਡੋਲੇ ਖਾਂਦਾ ਨਜ਼ਰੀ ਆਇਆ ਪਰ ਹੁਣ ਜਦੋਂ ਸੂਰਜ ਮਹਾਰਾਜ ਨੇ ਆਪਣੀਆਂ ਅੱਖਾਂ ਨੂੰ ਪੂਰੀਆਂ ਲਾਲ ਕਰ ਗਰਮੀ ਦਾ ਪ੍ਰਕੋਪ ਦਿਖਾਇਆ ਹੈ ਤਾਂ ਇਟਲੀ ਦੇ ਕਈ ਇਲਾਕਿਆਂ ਵਿੱਚ ਮੌਸਮ ਵਿਭਾਗ ਨੇ ਖਤਰਾ ਐਲਾਨ ਦਿੱਤਾ ਹੈ।ਇਟਲੀ ਦੇ ਉੱਤਰ ਵਿੱਚ ਤਾਪਮਾਨ 50 ਡਿਗਰੀ ਦਰਜ ਕੀਤਾ ਗਿਆ ਹੈ।

ਗਰਮੀ ਤੋਂ ਬਚਣ ਲਈ ਹੀ ਫਰਾਂਸ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਤੇ ਜਰਮਨ ਵਿੱਚ ਗਰਮੀ ਨੇ ਜਨ-ਜੀਵਨ ਨੂੰ ਵੱਡੇ ਪਧੱਰ ਤੇ ਪ੍ਰਭਾਵਿਤ ਕਰ ਦਿੱਤਾ ਹੈ।ਇਟਲੀ ਵਿੱਚ ਤਾਪਮਾਨ ਵੱਧਣ ਕਾਰਨ ਹੀ ਦੋ ਬਜ਼ੁਰਗ ਲੋਕਾਂ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਮਿਲਾਨ ਕੇਂਦਰੀ ਰੇਲਵੇ ਸਟੇਸ਼ਨ ਦੇ ਨੇੜੇ ਪਾਰਕ ਵਿੱਚ ਇੱਕ ਬਜੁਰਗ ਅਤੇ ਅਸਕੋਲੀ ਪਿਚੇਨੋ ਮਾਰਕੇ ਨੇੜੇ ਇੱਕ ਹੋਰ ਬਜ਼ੁਰਗ ਦੀ ਮੌਤ ਗਰਮੀ ਕਾਰਨ ਹੋਈ ਦੱਸੀ ਗਈ।

ਇਟਲੀ ਦੇ ਮੌਸਮ ਵਿਭਾਗ ਮੁਤਾਬਕ ਇਟਲੀ ਮੌਸਮ ਅਫ਼ਰੀਕੀ ਹਵਾਵਾਂ ਵਾਲਾ ਬਣਿਆ ਹੋਇਆ ਹੈ ਜਿਸ ਕਾਰਨ ਤਾਪਮਾਨ ਵੱਧ ਰਿਹਾ ਹੈ ਇਟਲੀ ਵਿੱਚ ਗਰਮੀ ਦੇ ਕਹਿਰ ਨਾਲ ਇਨਸਾਨ ਹੀ ਨਹੀਂ ਸਗੋਂ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ।ਇਟਲੀ ਦੇ ਮੌਸਮ ਵਿਭਾਗ ਅਨੁਸਾਰ ਸੰਨ 2003 ਵਿੱਚ ਇਟਲੀ ਭਰ ਵਿੱਚ ਅਜਿਹੀ ਗਰਮੀ ਨੇ ਕਹਿਰ ਕੀਤਾ ਸੀ ।ਵਿਭਾਗ ਵੱਲੋਂ ਜਿਹਨਾਂ ਇਲਾਕਿਆਂ ਨੂੰ ਗਰਮੀ ਕਾਰਨ ਖਤਰਾ ਦੱਸਿਆ ਹੈ ਉਹਨਾਂ ਵਿੱਚ ਬਲਜਾਨੋ, ਬਰੇਸ਼ੀਆ, ਅਲਸਾਂਦਰਿਆ, ਫਿਰੈਂਸੇ, ਬਾਰੀ, ਬਲੋਨੀਆ, ਮਿਲਾਨ, ਨਾਪੋਲੀ, ਵੇਨਿਸ, ਵਿਰੋਨਾ, ਤੂਰੀਨ, ਲਾਤੀਨਾ ਆਦਿ ਸ਼ਾਮਿਲ ਹਨ।ਜਿਹਨਾਂ ਇਲਾਕਿਆਂ ਦੀ ਸੰਘਣੀ ਵਸੋਂ ਹੈ ਉੱਥੇ ਗਰਮੀ ਦਾ ਪ੍ਰਕੋਪ ਜ਼ਿਆਦਾ ਦੇਖਿਆ ਜਾ ਰਿਹਾ ਹੈ।


Vandana

Content Editor

Related News