ਪੁਲਵਾਮਾ ਸ਼ਹੀਦਾਂ ਦੇ ਇਕ-ਇਕ ਕਤਰੇ ਦਾ ਪਾਕਿ ਨੂੰ ਦੇਣਾ ਪਵੇਗਾ ਹਿਸਾਬ : ਕੰਗ

02/22/2019 9:55:45 AM

ਰੋਮ (ਕੈਂਥ)— ਜੰਮੂ-ਕਸ਼ਮੀਰ ਦੇ ਪੁਲਵਾਮਾ ਹਲਕੇ ਵਿਖੇ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਵਿਚ 40 ਫੌਜੀ ਸ਼ਹੀਦੀਆਂ ਪਾ ਗਏ। ਇਸ ਹਮਲੇ ਕਾਰਨ ਪੂਰੇ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਲੋਕਾਂ ਵਿਚ ਸੋਗ ਦੀ ਲਹਿਰ ਹੈ। ਇਸ ਹਮਲੇ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਬੜੀ ਸੋਚੀ ਸਮਝੀ ਸਾਜਿਸ਼ ਅਧੀਨ ਪਾਕਿਸਤਾਨ ਨੇ ਭਾਰਤੀ ਫੌਜੀ ਜਵਾਨਾਂ ਤੇ ਹਮਲਾ ਕੀਤਾ। ਪਾਕਿਸਤਾਨ ਨੇ ਅੱਜ ਤੋਂ 30 ਸਾਲ ਪਹਿਲਾਂ ਵੀ ਪੰਜਾਬ ਦੇ ਪੁੱਤ ਅੱਤਵਾਦ ਦੀ ਅੱਗ ਵਿਚ ਬਰਬਾਦ ਕੀਤੇ ਸਨ ਅਤੇ ਉਹ ਹੀ ਜੰਮੂ ਕਸ਼ਮੀਰ ਵਿਚ ਹਮਲੇ ਕਰਵਾ ਰਿਹਾ ਹੈ। 

ਇਟਲੀ ਵਿਚ ਵੱਸਦੇ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਕੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਪਾਕਿਸਤਾਨ ਕਸ਼ਮੀਰ ਵਿਚ ਰੋਜ਼ਾਨਾ ਫੌਜੀਆਂ ਨੂੰ ਮਰਵਾ ਰਿਹਾ ਹੈ, ਭਾਰਤੀ ਫੌਜੀ ਆਪਣੇ ਪਰਿਵਾਰਾਂ ਤੋਂ ਦੂਰ ਸਖਤ ਡਿਊਟੀ ਕਰਦੇ ਹਨ। ਪਰ ਜਦੋਂ ਕਿਸੇ ਪੁੱਤ ਦੀ ਲਾਸ਼ ਉਸ ਦੇ ਘਰ ਵਿਚ ਪੁੱਜਦੀ ਹੈ, ਉਸ ਦੇ ਨਾਲ ਜਿੱਥੇ ਉਹ ਪਰਿਵਾਰ ਸੋਗ ਗ੍ਰਸਤ ਹੁੰਦਾ ਹੈ ਉਸ ਦੇ ਨਾਲ ਹੀ ਪੂਰੇ ਭਾਰਤ ਵਿਚ ਵੀ ਉਸ ਦਾ ਸੋਗ ਮਨਾਇਆ ਜਾਂਦਾ ਹੈ।''

ਉਨ੍ਹਾਂ ਨੇ ਕਿਹਾ,''ਹੁਣ ਪਾਕਿਸਤਾਨ ਭਾਰਤ ਨਾਲ ਘੱਟ ਸਿੱਖਾਂ ਨਾਲ ਵੈਰ ਜਿਆਦਾ ਲੈ ਰਿਹਾ ਹੈ, ਇਕ ਪਾਸੇ ਤੇ ਉਹ ਦੋਸਤੀ ਦੀਆਂ ਗੱਲਾਂ ਕਰਦਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀਆਂ ਕਰਦਾ ਹੈ ਅਤੇ ਦੂਜੇ ਪਾਸੇ ਕਸ਼ਮੀਰ ਵਿਚ ਭਾਰਤੀ ਫੌਜੀਆਂ ਨੂੰ ਸ਼ਹੀਦ ਕਰਵਾ ਰਿਹਾ ਹੈ। ਇਕ ਤੀਰ ਨਾਲ ਦੋ ਨਿਸ਼ਾਨੇ ਕਰਦਾ ਦਿਖਾਈ ਦਿੰਦਾ ਹੈ। ਪਾਕਿਸਤਾਨ ਦੀ ਆਈ.ਐੱਸ ਖੁਫੀਆ ਏਜੰਸੀ ਨੇ ਖਾਲਿਸਤਾਨ ਦੇ ਨਾਮ ਹਜ਼ਾਰਾਂ ਸਿੱਖ ਕਤਲ ਕਰਵਾ ਦਿੱਤੇ ਤੇ ਹੁਣ ਜੰਮੂ ਕਸ਼ਮੀਰ ਵਿਚ ਰੋਜ਼ਾਨਾ ਭਾਰਤੀ ਫੌਜੀਆਂ ਤੇ ਕਸ਼ਮੀਰੀ ਅੱਤਵਾਦੀ ਪੈਦਾ ਕਰਕੇ ਉਨ੍ਹਾਂ ਤੇ ਹਮਲੇ ਕਰਵਾ ਰਿਹਾ ਹੈ, ਜਿਸ ਦਾ ਖਮਿਆਜਾ ਪਾਕਿਸਤਾਨ ਨੂੰ ਭੁਗਤਣਾ ਪਵੇਗਾ।'' 

ਕੰਗ ਨੇ ਜ਼ੋਰ ਦੇ ਕੇ ਕਿਹਾ,''ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਪਾਸੇ ਤੇ ਸਿੱਖਾਂ ਨਾਲ ਜੱਫੀਆਂ ਪਾਉਣ ਦਾ ਨਾਟਕ ਕਰ ਰਿਹਾ ਹੈ ਪਰ ਦੂਜੇ ਪਾਸੇ ਕਸ਼ਮੀਰ ਵਿਚ ਭਾਰਤੀ ਫੌਜੀਆਂ ਦਾ ਘਾਣ ਕਰ ਰਿਹਾ ਹੈ।'' ਉੱਤਰੀ ਇਟਲੀ ਵਿਚ ਭਾਰੀ ਇਕੱਠ ਦੇ ਨਾਲ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਇਟਲੀ ਵਿਚ ਮਿਲਾਨ ਵਿਖੇ ਪਾਕਿਸਤਾਨ ਦੀ ਅੰਬੈਸੀ ਦੇ ਕੌਂਸਲੇਟ ਜਨਰਲ ਨੂੰ ਰੋਸ ਵਜੋਂ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਫਿਰ ਵੀ ਕੋਈ ਅਸਰ ਨਾ ਹੋਇਆ ਤੇ ਫਿਰ ਪਾਕਿਸਤਾਨ ਦੇ ਖਿਲਾਫ ਰੋਸ ਮੁਜਾਹਰੇ ਵੀ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।


Kainth

Reporter

Related News