ਪਾਕਿ, ਰੂਸ ਅਤੇ ਈਰਾਨ ’ਚ ਚੀਨੀਆਂ ’ਤੇ ਹਮਲਿਆਂ ਦਾ ਇਕ ਹੀ ਕਾਰਕ
Saturday, Mar 30, 2024 - 04:04 PM (IST)
ਬਲੋਚ ਵੱਖਵਾਦੀਆਂ ਅਤੇ ਇਸਲਾਮਵਾਦੀ ਸਮੂਹਾਂ ਵੱਲੋਂ ਚੀਨੀ ਨਾਗਰਿਕਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਤਹਿਤ ਬਣਾਏ ਗਏ ਬੁਨਿਆਦੀ ਢਾਂਚੇ ’ਤੇ ਲਗਾਤਾਰ 3 ਟੀਚਾਬੱਧ ਹਮਲਿਆਂ ਨੇ ਪਾਕਿਸਤਾਨ ’ਚ ਚੀਨ ਦੀਆਂ ਆਰਥਿਕ ਇੱਛਾਵਾਂ ਨੂੰ ਝਟਕਾ ਦਿੱਤਾ ਹੈ।
ਸੀ. ਪੀ. ਈ. ਸੀ. ਪ੍ਰਾਜੈਕਟਾਂ ’ਤੇ ਅਰਬਾਂ ਡਾਲਰ ਦਾ ਨਿਵੇਸ਼ ਕਰਨ ਤੋਂ ਪਹਿਲਾਂ ਚੀਨ ਨੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ’ਚ ਧਰਮਨਿਰਪੱਖ ਬਲੋਚ ਵੱਖਵਾਦੀਆਂ ਅਤੇ ਇਸਲਾਮੀ ਸਮੂਹਾਂ ਤੋਂ ਹੋਣ ਵਾਲੇ ਵਿਰੋਧ ਨੂੰ ਧਿਆਨ ’ਚ ਨਹੀਂ ਰੱਖਿਆ ਸੀ। ਇਸ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਬਦ ਖੋਖਲੇ ਲੱਗ ਰਹੇ ਸਨ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੋਂ ਸੀ. ਪੀ. ਈ. ਸੀ. ਦੇ ਅਪਗ੍ਰੇਡੇਸ਼ਨ ’ਤੇ ਸਾਂਝੇ ਤੌਰ ’ਤੇ ਕੰਮ ਕਰਨ ਦਾ ਸੱਦਾ ਦਿੱਤਾ।
ਇਹ ਸਪੱਸ਼ਟ ਨਹੀਂ ਹੈ ਕਿ 26 ਮਾਰਚ ਨੂੰ ਖੈਬਰ ਪਖਤੂਨਖਵਾ ਦੇ ਸ਼ਾਂਗਲਾ ’ਚ ਆਤਮਘਾਤੀ ਬੰਬ ਧਮਾਕੇ ’ਚ 5 ਚੀਨੀ ਇੰਜੀਨੀਅਰਾਂ ਦੀ ਹੱਤਿਆ ’ਚ ਕਿਹੜਾ ਸਮੂਹ ਸ਼ਾਮਲ ਸੀ ਪਰ ਸ਼ੱਕ ਜਾਂ ਤਾਂ ਤਹਿਰੀਕ ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਜਾਂ ਇਸਲਾਮਿਕ ਸਟੇਟ-ਖੁਰਾਸਾਨ ਸੂਬਾ (ਆਈ. ਐੱਸ. ਕੇ. ਪੀ.) ’ਤੇ ਹੈ।
ਚੀਨੀ ਸਮਾਚਾਰ ਪੋਰਟਲ ਗਲੋਬਲ ਟਾਈਮਜ਼ ਅਨੁਸਾਰ, ਚੀਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਜੁਲਾਈ 2021 ’ਚ ਚੀਨੀ ਇੰਜੀਨੀਅਰਾਂ ’ਤੇ ਹੋਏ ਹਮਲੇ ਦੀ ਨਕਲ ਹੈ ਜਿਸ ’ਚ 9 ਚੀਨੀ ਮਾਰੇ ਗਏ ਸਨ। ਉਸ ਮਾਮਲੇ ਦੀ ਜਾਂਚ ’ਚ ਟੀ. ਟੀ. ਪੀ. ’ਤੇ ਦੋਸ਼ ਮੜਿਆ ਗਿਆ ਸੀ।
ਵੱਖਵਾਦੀ ਸਮੂਹ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਸੂਬੇ ’ਚ ਚੀਨੀ ਹਿੱਤਾਂ ਦੇ ਵਿਰੁੱਧ ਹਿੰਸਾ ਵਧਾ ਦਿੱਤੀ ਹੈ। 25 ਮਾਰਚ ਨੂੰ ਇਸ ਨੇ ਬਲੋਚਿਸਤਾਨ ’ਚ ਤੁਰਬਤ ਨੇਵਲ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ। ਬੀ. ਐੱਲ. ਏ. ਵੱਲੋਂ 20 ਮਾਰਚ ਨੂੰ ਗਵਾਦਰ ਪੋਰਟ ਅਥਾਰਿਟੀ ਕੰਪਲੈਕਸ ਹਾਊਸਿੰਗ, ਸੀ. ਪੀ. ਈ. ਸੀ. ਪ੍ਰਾਜੈਕਟ ਦਫਤਰਾਂ ’ਤੇ ਇਕ ਹੋਰ ਹਮਲਾ ਕੀਤਾ ਗਿਆ ਸੀ।
ਸ਼ਾਂਗਲਾ ’ਚ ਇਸ ਕਾਰੇ ਦੀ ਨਿੰਦਾ ਕਰਦੇ ਹੋਏ ਪਾਕਿਸਤਾਨ ’ਚ ਚੀਨੀ ਦੂਤਾਵਾਸ ਨੇ ਪਾਕਿਸਤਾਨੀ ਅਧਿਕਾਰੀਆਂ ਤੋਂ ਘਟਨਾ ਦੀ ਜਾਂਚ ਕਰਨ ਅਤੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਉਪਾਅ ਲਾਗੂ ਕਰਨ ਦਾ ਸੱਦਾ ਦਿੱਤਾ ਅਤੇ ਚੀਨੀ ਲੀਡਰਸ਼ਿਪ ਵੱਲੋਂ ਪਾਕਿ ਪੀ. ਅੈੱਮ. ਸ਼ਰੀਫ ਨੂੰ ਵਾਰ-ਵਾਰ ਸੰਦੇਸ਼ ਦਿੱਤਾ ਗਿਆ। ਇਸ ਲਈ ਸ਼ਰੀਫ ਮੌਤਾਂ ’ਤੇ ਅਫਸੋਸ ਪ੍ਰਗਟ ਕਰਨ ਲਈ ਇਸਲਾਮਾਬਾਦ ’ਚ ਚੀਨੀ ਦੂਤਾਵਾਸ ਪਹੁੰਚੇ ਅਤੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ।
ਭਾਵੇਂ ਹੀ ਟੀ. ਟੀ. ਪੀ. ਹਮਲਿਆਂ ’ਚ ਸ਼ਾਮਲ ਸੀ ਪਰ ਇਹ ਸੰਭਾਵਨਾ ਨਹੀਂ ਹੈ ਕਿ ਉਹ ਜ਼ਿੰਮੇਵਾਰੀ ਦਾ ਦਾਅਵਾ ਕਰੇਗਾ, ਅਜਿਹਾ ਨਾ ਹੋਵੇ ਕਿ ਪਾਕਿਸਤਾਨ ਜਵਾਬੀ ਹਮਲਿਆਂ ’ਚ ਅਫਗਾਨਿਸਤਾਨ ਨੂੰ ਫਿਰ ਤੋਂ ਨਿਸ਼ਾਨਾ ਬਣਾਏ। ਟੀ. ਟੀ. ਪੀ. ਦਾ ਅਫਗਾਨਿਸਤਾਨ ’ਚ ਤਾਲਿਬਾਨ ਨਾਲ ਭਾਈਚਾਰੇ ਦਾ ਰਿਸ਼ਤਾ ਹੈ।
ਇਸ ਨਾਲ ਪਾਕਿਸਤਾਨ ਮੁਸ਼ਕਿਲ ’ਚ ਹੈ। ਭਾਵੇਂ ਹੀ ਘਟਨਾ ਦੀਆਂ ਜੜ੍ਹਾਂ ਟੀ. ਟੀ. ਪੀ. ਨਾਲ ਜੁੜੀਆਂ ਹੋਣ ਪਰ ਪਾਕਿਸਤਾਨੀ ਅਧਿਕਾਰੀਆਂ ਲਈ ਇਸ ਵਾਰ ਇਸੇ ਤਰ੍ਹਾਂ ਦੇ ਹਮਲੇ ਸ਼ੁਰੂ ਕਰਨਾ ਮੁਸ਼ਕਿਲ ਹੋਵੇਗਾ। ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਿਗੜੇ ਰਿਸ਼ਤੇ ਹੋਰ ਵਿਗੜ ਸਕਦੇ ਹਨ।
ਇਜ਼ਰਾਈਲ, ਈਰਾਨ, ਪਾਕਿਸਤਾਨ ਅਤੇ ਹੁਣ ਰੂਸ ’ਚ ਹਮਾਸ, ਆਈ. ਐੱਸ. ਕੇ. ਪੀ. ਅਤੇ ਟੀ. ਟੀ. ਪੀ. ਵਰਗੇ ਅੱਤਵਾਦੀ ਸਮੂਹਾਂ ਵੱਲੋਂ ਹਾਲ ਹੀ ’ਚ ਕੀਤੇ ਗਏ ਅੱਤਵਾਦੀ ਹਮਲਿਆਂ ਨਾਲ ਮੌਜੂਦਾ ਭੂ-ਸਿਆਸੀ ਸੰਘਰਸ਼ਾਂ ਨੂੰ ਵਧਾਉਣ ਅਤੇ ਨਵੇਂ ਸੰਘਰਸ਼ ਪੈਦਾ ਕਰਨ ਦੀ ਸਮਰੱਥਾ ਹੈ।
ਸੰਘਰਸ਼ ਨੂੰ ਹੋਰ ਜ਼ਿਆਦਾ ਰੰਗਮੰਚ ਬਣਾ ਕੇ, ਇਹ ਅੱਤਵਾਦੀ ਸਮੂਹ ਆਪਣੇ ਸਮਰਥਕਾਂ ਨੂੰ ਵਧਾਉਣ ਅਤੇ ਆਪਣੇ ਸਰਗਰਮੀ ਦੇ ਖੇਤਰਾਂ ਦਾ ਵਿਸਥਾਰ ਕਰਨ ਲਈ ਜਨਤਾ ਦਰਮਿਆਨ ਵਧਦੀ ਅਸ਼ਾਂਤੀ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ।
ਹਿੰਸਾ ਦੀਆਂ ਅਜਿਹੀਆਂ ਘਟਨਾਵਾਂ ਪ੍ਰਭਾਵਿਤ ਦੇਸ਼ਾਂ ਦੇ ਸ਼ਾਸਕਾਂ ਨੂੰ ਅੰਧ-ਰਾਸ਼ਟਰਵਾਦ ਪੈਦਾ ਕਰਨ ਲਈ ਅਨੁਕੂਲ ਬਣਾਉਂਦੀਆਂ ਹਨ ਜੋ ਉਨ੍ਹਾਂ ਨੂੰ ਸੱਤਾ ’ਚ ਲੰਬੇ ਸਮੇਂ ਤਕ ਰਹਿਣ ’ਚ ਮਦਦ ਕਰਦਾ ਹੈ। ਇਸ ਨਾਲ ਉਨ੍ਹਾਂ ਨੂੰ ਘਰੇਲੂ ਅਸਹਿਮਤੀ ਨੂੰ ਦਬਾਉਣ ਅਤੇ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ’ਚ ਮਦਦ ਮਿਲਦੀ ਹੈ।
ਸਭ ਤੋਂ ਸਪੱਸ਼ਟ ਉਦਾਹਰਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸੱਤਾ ’ਚ ਬਣਾਈ ਰੱਖਣ ਲਈ ਹਮਾਸ ਦੇ ਹਮਲਿਆਂ ਪਿੱਛੋਂ ਫਿਲਸਤੀਨੀਆਂ ਵਿਰੁੱਧ ਇਜ਼ਰਾਈਲ ਦੀ ਬੇਰਹਿਮ ਪ੍ਰਤੀਕਿਰਿਆ ਹੈ।
ਈਰਾਨ ਦੇ ਮਾਮਲੇ ’ਚ 3 ਜਨਵਰੀ ਨੂੰ ਕਰਮਾਨ ’ਚ ਹੋਏ ਦੋਹਰੇ ਬੰਬ ਧਮਾਕਿਆਂ ’ਚ ਇਸ ਦੀ ਜਾਂਚ ਨੇ ਪੁਸ਼ਟੀ ਕੀਤੀ ਸੀ ਕਿ ਹਮਲਾਵਰਾਂ ’ਚੋਂ ਇਕ ਤਾਜਿਕ ਸੀ, ਜਿਸ ਨੇ ਅਫਗਾਨਿਸਤਾਨ ’ਚ ਆਈ. ਐੱਸ. ਕੇ. ਪੀ. ਕੈਂਪ ’ਚ ਟ੍ਰੇਨਿੰਗ ਪ੍ਰਾਪਤ ਕੀਤੀ ਸੀ।
ਫਿਰ ਵੀ ਇਸ ਨੇ ਇਰਾਕ, ਸੀਰੀਆ ਅਤੇ ਪਾਕਿਸਤਾਨ ’ਤੇ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਦਾ ਨਾਂ ਜਾਂਚ ’ਚ ਨਹੀਂ ਆਇਆ। ਈਰਾਨੀ ਪ੍ਰਤੀਕਿਰਿਆ ਨਾਲ ਮੱਧ ਪੂਰਬ ’ਚ ਚੱਲ ਰਿਹਾ ਸੰਘਰਸ਼ ਹੋਰ ਵਿਆਪਕ ਹੋ ਸਕਦਾ ਸੀ ਹਾਲਾਂਕਿ ਈਰਾਨ ਅਤੇ ਪਾਕਿਸਤਾਨ ’ਚ ਜਲਦੀ ਹੀ ਸੁਲ੍ਹਾ ਹੋ ਗਈ।
22 ਮਾਰਚ ਨੂੰ ਮਿਊਜ਼ੀਕਲ ਕੰਸਰਟ ਹਮਲੇ ’ਚ ਰੂਸ ਵੱਲੋਂ ਕੀਤੀ ਗਈ ਜਾਂਚ ਦਾ ਨਤੀਜਾ ਵੀ ਅਜਿਹਾ ਹੀ ਹੈ। ਹਮਲੇ ਦਾ ਦਾਅਵਾ ਆਈ. ਐੱਸ. ਕੇ. ਪੀ. ਨੇ ਕੀਤਾ ਸੀ, ਜਿਸ ਨੇ ਇਸ ਨੂੰ ਪ੍ਰਮਾਣਿਤ ਕਰਨ ਲਈ ਇਕ ਵੀਡੀਓ ਜਾਰੀ ਕੀਤੀ ਸੀ। ਚਾਰੋਂ ਅਪਰਾਧੀਆਂ ਦੀ ਪਛਾਣ ਤਾਜਿਕ ਨਾਗਰਿਕਾਂ ਦੇ ਰੂਪ ’ਚ ਕੀਤੀ ਗਈ।
ਇਹ ਸਵੀਕਾਰ ਕਰਨ ਤੋਂ ਬਾਅਦ ਵੀ ਕਿ ਹਮਲਾ ‘ਕੱਟੜਪੰਥੀ ਇਸਲਾਮਵਾਦੀਆਂ’ ਵੱਲੋਂ ਕੀਤਾ ਗਿਆ ਸੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਿਨਾਂ ਕਿਸੇ ਸਬੂਤ ਦਾ ਹਵਾਲਾ ਦਿੱਤੇ, ਦੋਸ਼ ਲਗਾਇਆ ਕਿ ਹਮਲਾਵਰ ਯੂਕ੍ਰੇਨ ਵੱਲ ਭੱਜ ਰਹੇ ਸਨ। ਉਥੇ ਹੀ ਯੂਕ੍ਰੇਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਆਈ. ਐੱਸ. ਕੇ. ਪੀ. ਨਤੀਜੇ ਤੋਂ ਨਾਖੁਸ਼ ਨਹੀਂ ਹੋਵੇਗਾ।
ਅਜਿਹਾ ਨਹੀਂ ਹੈ ਕਿ ਈਰਾਨ, ਰੂਸ ਅਤੇ ਚੀਨ ਆਈ. ਐੱਸ. ਕੇ. ਪੀ. ਦੇ ਨਿਸ਼ਾਨੇ ’ਤੇ ਨਹੀਂ ਰਹੇ ਹਨ ਪਰ ਕੁਝ ਵਿਸ਼ਲੇਸ਼ਕਾਂ ਦਰਮਿਆਨ ਜੋ ਗੱਲ ਸ਼ੱਕ ਪੈਦਾ ਕਰਦੀ ਹੈ, ਉਹ ਇਹ ਹੈ ਕਿ ਇਹ ਸਾਰੇ ਦੇਸ਼ ਮੱਧ ਪੂਰਬ ’ਚ ਇਜ਼ਰਾਈਲ-ਅਮਰੀਕਾ ਗੱਠਜੋੜ ਵਿਰੁੱਧ ਸੰਘਰਸ਼ ’ਚ ਫਿਲਸਤੀਨੀਆਂ ਦੇ ਪੱਖ ’ਚ ਹਨ।
ਇਨ੍ਹਾਂ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਈ. ਐੱਸ. ਕੇ. ਪੀ. ਦਾ ਮੂਲ ਸੰਗਠਨ ਆਈ. ਐੱਸ. ਆਈ. ਐੱਸ., ਇਰਾਕ ਅਤੇ ਸੀਰੀਆ ’ਚ ਅਮਰੀਕੀ ਦਖਲਅੰਦਾਜ਼ੀ ਦਾ ਉਪ-ਉਤਪਾਦ ਬਾਈ ਪ੍ਰੋਡਕਟ ਸੀ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਵਾਸ਼ਿੰਗਟਨ ਨੇ ਰੂਸ ਨੂੰ ਆਈ. ਐੱਸ. ਕੇ. ਪੀ. ਵੱਲੋਂ ਹਮਲੇ ਦੀ ਸੰਭਾਵਨਾ ਬਾਰੇ ਚਿਤਾਵਨੀ ਦਿੱਤੀ ਸੀ।
ਭਾਰਤ ਲਈ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਆਈ. ਐੱਸ. ਕੇ. ਪੀ. ਤਣਾਅ ਪੈਦਾ ਕਰਨ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਰਾੜ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਦਰਅਸਲ ਆਈ. ਐੱਸ. ਕੇ. ਪੀ. ਆਪ੍ਰੇਟਿਵ ਅਫਗਾਨ ਨਾਗਰਿਕ ਅਬਦੁਲ ਰਹਿਮਾਨ ਅਲ-ਲੋਗਾਰੀ ਨੂੰ ਸੀ. ਆਈ. ਏ. ਦੀ ਸੂਚਨਾ ’ਤੇ 2017 ’ਚ ਦਿੱਲੀ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ।
ਉਹ ਭਾਰਤ ’ਚ ਆਤਮਘਾਤੀ ਬੰਬ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਅਫਗਾਨ ਹਿਰਾਸਤ ਤੋਂ ਭੱਜਣ ਦੇ 11 ਦਿਨਾਂ ਦੇ ਅੰਦਰ ਉਸ ਨੇ ਕਾਬੁਲ ਹਵਾਈ ਅੱਡੇ ਦੇ ਏਬੇ ਪ੍ਰਵੇਸ਼ ਦੁਆਰ ’ਤੇ ਖੁਦ ਨੂੰ ਉਡਾ ਲਿਆ, ਜਿਸ ਨਾਲ 13 ਅਮਰੀਕੀ ਫੌਜੀਆਂ ਅਤੇ ਲਗਭਗ 170 ਨਾਗਰਿਕਾਂ ਦੀ ਮੌਤ ਹੋ ਗਈ। ਇਸ ਸਮੂਹ ਤੋਂ ਖਤਰਾ ਗੰਭੀਰ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਨਿਗਰਾਨੀ ਦੀ ਲੋੜ ਹੈ।
ਅਵਿਨਾਸ਼ ਮੋਹਨਨੇ