ਇਟਲੀ ਦੀ ਕੌਂਤੇ ਸਰਕਾਰ ਵਿਰੁੱਧ ਵਿਦਿਆਰਥੀ ਨਰਾਜ਼, ਕੇਂਦਰੀ ਮੰਤਰੀ ਸਲਵੀਨੀ ਤੇ ਲੂਈਜੀ ਦੇ ਫੂਕੇ ਪੁਤਲੇ

10/12/2018 4:52:51 PM

ਰੋਮ/ਇਟਲੀ (ਕੈਂਥ)— ਇਟਲੀ ਦੀ ਕੌਂਤੇ ਸਰਕਾਰ ਆਪਣੇ ਆਪ ਨੂੰ ਇਟਾਲੀਅਨ ਲੋਕਾਂ ਦੇ ਦਿਲਾਂ ਵਿਚ ਸਥਾਪਿਤ ਕਰਨ ਲਈ ਇਸ ਵੇਲੇ ਪੂਰੀ ਪੱਬਾਂ ਭਾਰ ਜਾਪਦੀ ਹੈ। ਜਿਸ ਲਈ ਉਹ ਦੇਸ਼ ਵਾਸੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਐਲਾਨਾਂ ਨਾਲ  ਪ੍ਰਭਾਵਿਤ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਇਟਲੀ ਦਾ ਭੱਵਿਖ ਭਾਵ ਨੌਜਵਾਨ ਵਰਗ ਮੌਜੂਦਾ ਸਰਕਾਰ ਤੋਂ ਨਾਖੁਸ਼ ਅਤੇ ਸਖ਼ਤ ਨਰਾਜ਼ ਲੱਗ ਰਿਹਾ ਹੈ।ਜਿਸ ਦਾ ਖੁਲਾਸਾ ਹਾਲ ਹੀ ਵਿਚ ਇਟਲੀ ਦੇ ਸ਼ਹਿਰ ਤੂਰੀਨ ਵਿਖੇ ਹੋਇਆ, ਜਿੱਥੇ ਕਾਲਜ ਦੇ ਵਿਦਿਆਰਥੀਆਂ ਨੇ ਇਟਲੀ ਦੇ ਕੇਂਦਰੀ ਮੰਤਰੀਆਂ ਮਤੇਓ ਸਲਵੀਨੀ ਅਤੇ ਲੂਈਜੀ ਦੀ ਮਾਇਓ ਦੇ ਪੁਤਲੇ ਫੂਕੇ।ਵਿਦਿਆਰਥੀਆਂ ਦਾ ਇਟਲੀ ਦੀ ਕੌਂਤੇ ਸਰਕਾਰ ਵਿਰੁੱਧ ਇਹ ਰੋਸ ਹੈ ਕਿ ਸਰਕਾਰ ਨੇ ਜੋ ਹਾਲ ਵਿਚ ਬਜਟ ਪੇਸ਼ ਕੀਤਾ ਉਸ ਵਿਚ ਬਜਟ ਪੇਸ਼ ਕਰਨ ਵਾਲੇ ਮੰਤਰੀਆਂ ਨੇ ਇਟਲੀ ਦੇ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਇਸ ਰੋਸ ਵਜੋਂ ਹੀ ਉਹਨਾਂ ਦੋਹਾਂ ਕੇਂਦਰੀ ਮੰਤਰੀਆਂ ਦੇ ਪੁਤਲੇ ਫੂਕੇ ਤਾਂ ਜੋ ਸਰਕਾਰ ਨੂੰ ਉਹਨਾਂ ਦੇ ਰੋਸ ਪ੍ਰਤੀ ਜਾਣਕਾਰੀ ਹੋਵੇ।

PunjabKesari

ਜ਼ਿਕਰਯੋਗ ਹੈ ਕਿ ਇਟਲੀ ਦੀ ਨਵੀਂ ਬਣੀ ਸਰਕਾਰ ਵਿਚ ਸਲਵੀਨੀ ਅਤੇ ਮਾਇਓ ਦੋਨੋਂ ਮੰਤਰੀ ਅਹਿਮ ਰੋਲ ਅਦਾ ਕਰ ਰਹੇ ਹਨ ਤੇ ਇਹਨਾਂ ਪ੍ਰਤੀ ਇਹ ਪਹਿਲਾ ਰੋਸ ਮੁਜ਼ਾਹਰਾ ਹੈ ਜਿਸ ਵਿਚ ਕਿ ਵਿਦਿਆਰਥੀ ਵਰਗ ਨੇ ਦੁਖੀ ਹੋ ਪਹਿਲੀ ਵਾਰ ਇਹਨਾਂ ਦੋਹਾਂ ਦਾ ਪੁਤਲਾ ਫੂਕਿਆ, ਜਿਸ ਦੀ ਚੁਫੇਰੇ ਚਰਚਾ ਹੈ।ਇਟਲੀ ਦੇ ਸ਼ਹਿਰ ਤੂਰੀਨ ਵਿਖੇ 5 ਤਾਰਾ ਮੁਹਿੰਮ ਲੀਗ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ਼ ਵਿਦਿਆਰਥੀ ਸ਼ਿਕਾਇਤ ਕਰਦੇ ਹਨ ਕਿ ਬੇਸ਼ੱਕ ਸਰਕਾਰ ਹੋਰ ਮਾਮਲਿਆਂ ਵਿਚ ਸੰਜੀਦਾ ਹੋਕੇ ਵਿਚਰ ਰਹੀ ਹੈ ਪਰ ਬਜ਼ਟ ਯੋਜਨਾਵਾਂ ਵਿਚ ਸਰਕਾਰ ਨੇ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਜਿਸ ਲਈ ਇਟਲੀ ਦਾ ਸਮੁੱਚਾ ਵਿਦਿਆਰਥੀ ਵਰਗ ਸਰਕਾਰ ਨੂੰ ਉਹਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰਤਾ ਨਾਲ ਵਿਚਾਰਨ ਦੀ ਮੰਗ ਕਰਦਾ ਹੈ। ਵਿਦਿਆਰਥੀ ਵਰਗ ਇਟਲੀ ਭਰ ਵਿਚ ਸਰਕਾਰ ਖਿਲਾਫ਼ ਅਜਿਹੇ ਰੋਸ ਮੁਜ਼ਾਹਰੇ ਕਰ ਰਿਹਾ ਹੈ।


Related News