ਆਸਟ੍ਰੀਆ ''ਚ ਧਰਮ ਰਜਿਸਟਰਡ ਹੋਣ ''ਤੇ ਸਿੱਖ ਸੰਗਤ ''ਚ ਖੁਸ਼ੀ, ਇਟਲੀ ''ਚ ਆਗੂਆਂ ਦੀ ਖਿਚਾਈ

Monday, Dec 28, 2020 - 01:28 PM (IST)

ਆਸਟ੍ਰੀਆ ''ਚ ਧਰਮ ਰਜਿਸਟਰਡ ਹੋਣ ''ਤੇ ਸਿੱਖ ਸੰਗਤ ''ਚ ਖੁਸ਼ੀ, ਇਟਲੀ ''ਚ ਆਗੂਆਂ ਦੀ ਖਿਚਾਈ

ਰੋਮ (ਦਲਵੀਰ ਕੈਂਥ): ਬੀਤੇ ਦਿਨ ਯੂਰਪ ਦੇ ਦੇਸ਼ ਆਸਟ੍ਰੀਆ ਦੇ ਵਿਚ ਸਿੱਖ ਧਰਮ ਰਜਿਸਟਰਡ ਹੋ ਗਿਆ, ਜਿਸ ਦੀ ਗੂੰਜ ਸਾਰਾ ਦਿਨ ਸੋਸ਼ਲ ਮੀਡੀਏ ਅਤੇ ਪੰਜਾਬੀ ਨਾਲ ਸਬੰਧਤ ਵੱਖੋ ਵੱਖ ਅਖ਼ਬਾਰਾਂ ਵਿੱਚ ਵੀ ਪੈਂਦੀ ਰਹੀ। ਲੋਕਾਂ ਦੁਆਰਾ ਜਿੱਥੇ ਆਸਟ੍ਰੀਆ ਦੀ ਸਿੱਖ ਸੰਗਤ ਨੂੰ ਇਸ ਮੌਕੇ ਵਧਾਈ ਦਿੱਤੀ ਗਈ ਤੇ ਆਸਟ੍ਰੀਆ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ, ਉਥੇ ਹੀ ਯੂਰਪ ਦੇ ਦੇਸ਼ ਇਟਲੀ ਜਿੱਥੇ ਕਿ ਸਿੱਖਾਂ ਦੀ ਬਹੁਤ ਜ਼ਿਆਦਾ ਗਿਣਤੀ ਹੈ ਅਤੇ ਇਟਲੀ ਵਿੱਚ ਸਿੱਖ ਧਰਮ ਨਾਲ ਸਬੰਧਤ 70 ਤੋਂ ਉਪਰ ਗੁਰਦੁਆਰਾ ਸਾਹਿਬ ਵੀ ਹਨ ਤੇ 4-5 ਸਿਰਮੌਰ ਸਿੱਖ ਜੱਥੇਬੰਦੀਆਂ ਵੀ ਹਨ ਪਰ ਇਟਲੀ 'ਚ ਹਾਲੇ ਤੱਕ ਸਿੱਖ ਧਰਮ ਰਜਿਸਟਰਡ ਨਹੀਂ ਹੋ ਸਕਿਆ। 

ਇਟਲੀ ਦੀਆਂ ਸੰਗਤਾਂ ਅਤੇ ਸਿੱਖ ਆਗੂਆਂ ਦੁਆਰਾ ਜਿਥੇ ਆਸਟ੍ਰੀਆ ਦੀ  ਸਿੱਖ ਸੰਗਤ ਨੂੰ ਸਿੱਖ ਧਰਮ ਦੇ ਆਸਟਰੀਆ ਵਿਚ ਰਜਿਸਟਰ ਹੋਣ ਤੇ ਵਧਾਈ ਦਿੱਤੀ ਗਹੈ, ਉੱਥੇ ਹੀ ਸੋਸ਼ਲ ਮੀਡੀਆ ਤੇ ਕਾਫੀ ਲੋਕਾਂ ਦੁਆਰਾ ਇਟਲੀ ਦੇ ਵਿਚ ਸਿੱਖ ਧਰਮ ਨਾ ਰਜਿਸਟਰਡ ਹੋਣ ਬਾਰੇ ਵੀ ਸਵਾਲ ਚੁੱਕੇ ਜਾ ਰਹੇ ਹਨ ਤੇ ਨਾਲ ਹੀ ਸਿੱਖ ਆਗੂਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਜਨਤਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕਰੀਬ 2 ਦਹਾਕਿਆਂ ਤੋਂ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਆਗੂਆਂ ਵੱਲੋਂ ਜੱਦੋ-ਜਹਿਦ ਕੀਤੀ ਜਾ ਰਹੀ ਹੈ ਪਰ ਅੱਜ 20 ਸਾਲ ਬੀਤਣ ਦੇ ਬਾਅਦ ਵੀ ਮਾਮਲਾ ਜਿਉਂ ਦਾ ਤਿਉਂ ਹੈ।

ਇੱਕ ਆਮ ਧਾਰਨਾ ਹੈ ਕਿ ਗੁਰੂ ਦਾ ਅਸਲ ਸਿੱਖ, ਧਰਮ ਲਈ ਸਦਾ ਸਿਰ ਦੇਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ ਪਰ ਇਟਲੀ ਵਿੱਚ ਹੁਣ ਤੱਕ ਇਹ ਧਾਰਨਾ ਸੰਗਤਾਂ ਨੂੰ ਨਜ਼ਰੀ ਨਹੀਂ ਆਈ। ਜਿਸ ਕਾਰਨ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦਾ ਮਾਮਲਾ ਕਰੀਬ ਵੀਹ ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਉਥੇ ਹੀ ਖੜ੍ਹਾ ਦਿਖਾਈ ਦੇ ਰਿਹਾ ਹੈ ਜਿੱਥੋ ਚੱਲਿਆ ਸੀ। ਹਾਂ ਇਹ ਜਰੂਰ ਹੋਇਆ ਹੈ ਕਿ ਇਟਲੀ ਦੇ ਬਹੁਤੇ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਮਾਮਲੇ ਨੂੰ ਮੁੱਦਾ ਬਣਾ ਆਪ ਗੰਗਾਧਰ ਤੋਂ ਸ਼ਕਤੀਮਾਨ ਬਣ ਗਏ ਹਨ।ਇਟਲੀ ਵਿਚ ਸਿੱਖ ਧਰਮ ਦੇ ਰਜਿਸਟਰਡ ਦਾ ਮਸਲਾ ਉਹਨਾਂ ਆਗੂਆਂ ਨੇ ਜਿੰਨਾਂ ਵਿਚ ਆਪਸੀ ਗੁੱਟਬੰਦੀ ਹੋਣ ਕਾਰਨ ਆਪਸੀ ਸਹਿਮਤੀ ਨਾ ਹੋਣ ਦੀ ਵਜਾ ਮੋਹਤਬਰੀ ਦਾ ਝੰਡਾ ਆਪੋ ਆਪਣੇ ਹੱਥ ਵਿਚ ਲੈਣ ਦੀ ਜਿੱਦ ਨੇ ਇਟਲੀ ਵੱਸਦੇ ਸਿੱਖਾਂ ਲਈ ਇੱਕ ਚਿੰਤਾ ਦਾ ਵਿਸਾ ਬਣਾਇਆ ਹੋਇਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਬੌਂਡੀ ਖੇਤਰ 'ਚ ਪਾਰਟੀ ਕਰ ਰਹੇ ਲੋਕਾਂ ਨੂੰ ਨਿਯਮਾਂ ਦੀ ਉਲੰਘਣਾ 'ਤੇ ਜੁਰਮਾਨੇ

ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਕਿ ਜਾਤ-ਪਾਤ ਵੀ ਇਸ ਮਾਮਲੇ ਨੂੰ ਲਟਕਾਉਣ ਵਿੱਚ ਕਾਰਨ ਮੰਨੀ ਜਾ ਰਹੀ ਹੈ ਤੇ ਕਈ ਆਗੂ ਵੀ ਜਾਣ-ਬੁੱਝ ਕੇ ਆਪਣੇ ਨਿੱਜੀ ਹਿਤਾਂ ਲਈ ਇਸ ਮਾਮਲੇ ਨੂੰ ਉਲਝਾਉਣ ਵਿੱਚ ਕੋਈ ਕਸਰ ਨਹੀ ਛੱਡ ਰਹੇ। ਜਿਸ ਦੇ ਕਾਰਨ ਇਟਲੀ ਵਿਚ ਕਈ ਸਿੱਖਾਂ ਉਪਰ ਸਿਰੀ ਸਾਹਿਬ ਕਾਰਨ ਕੇਸ ਇਟਲੀ ਦੇ ਵੱਖ ਵੱਖ ਥਾਣਿਆਂ ਵਿਚ ਦਰਜ ਹੋ ਚੁੱਕੇ ਹਨ।ਜਿਹਨਾਂ ਦੀਆਂ ਕਿ ਸੰਗਤਾਂ ਅੱਜ  ਵੀ ਤਰੀਕਾਂ ਭੁਗਤਣ ਲਈ ਇਟਲੀ ਦੇ ਕੋਟ ਕਚਿਹਰੀਆਂ ਵਿਚ ਜਲਾਲਤ ਭਰੇ ਖੱਜਲ-ਖੁਆਰੀ ਦੇ ਧੱਕੇ ਖਾ ਰਹੀਆਂ ਹਨ ਪਰ ਅਫ਼ਸੋਸ ਇਹਨਾਂ ਸੰਗਤਾਂ ਦੀ ਕੋਈ ਸਿੱਖ ਆਗੂ ਸਾਰ ਤੱਕ ਲੈਣ ਲਈ ਤਿਆਰ ਨਹੀ।ਇੱਥੇ ਦੱਸਣਯੋਗ ਬਣਦਾ ਹੈ ਕਿ ਇਟਲੀ ਸਰਕਾਰ ਦੇ ਕਾਨੂੰਨ ਤਹਿਤ ਕਿਸੇ ਵੀ ਵਿਅਕਤੀ ਨੂੰ ਸਿਰੀ ਸਾਹਿਬ ਜਾਂ ਕਿਰਪਾਨ ਆਦਿ ਜਨਤਕ ਥਾਵਾਂ ਉਪੱਰ ਲਿਜਾਣ ਦੀ ਇਜ਼ਾਜ਼ਤ ਨਹੀਂ ਹੈ ਭਾਵੇਂ ਇਹ ਕਕਾਰ (ਸਿਰੀ ਸਾਹਿਬ) ਸਿੱਖ ਕੌਮ ਲਈ ਧਰਮ ਦੀ ਰੱਖਿਆ ਸੰਬੰਧੀ ਅਹਿਮ ਸਥਾਨ ਰੱਖਦੇ ਹਨ।

ਜਿਸ ਸੰਬਧੀ ਬੀਤੇ ਸਮੇਂ ਵਿੱਚ ਇਟਲੀ ਸਰਕਾਰ ਦਾ ਵਿਸੇ਼ਸ ਵਫ਼ਦ ਇਟਲੀ ਵਿੱਚ ਸੁੱਰਖਿਆ ਨਿਯਮਾਂ ਤੋਂ ਜਾਣੂੰ ਕਰਵਾਉਦਾ ਹੋਇਆ (4) ਇੰਚ ਦੀ ਕ੍ਰਿਪਾਨ ਦੀ ਇਜ਼ਾਜ਼ਤ ਸੰਬੰਧੀ ਇਟਲੀ ਦੇ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰ ਚੁੱਕਾ ਹੈ ਪਰ ਇੰਨਾਂ ਸਿੱਖ ਆਗੂਆਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਸਿੱਖ ਧਰਮ ਦੀ ਰਜਿਸਟਰੇਸ਼ਨ ਅਤੇ ਸਿਰੀ ਸਾਹਿਬ ਦਾ ਮੁੱਦਾ ਉਥੇ ਹੀ ਖੜ੍ਹਾ ਹੈ।ਸੰਗਤ ਨੂੰ ਤਾਂ ਕਈ ਵਾਰ ਇੱਦਾਂ ਵੀ ਲਗਦਾ ਹੈ ਕਿ ਸਿੱਖ ਧਰਮ ਦੇ ਰਜਿਸਟਰਡ ਕਰਵਾਉਣ ਦੇ ਮਾਮਲੇ ਸਬੰਧੀ ਕਈ ਸਿੱਖ ਆਗੂਆਂ ਵਿੱਚ ਸ਼ਾਇਦ ਦਿਲਚਸਪੀ ਹੀ ਖਤਮ ਹੋ ਗਈ ਹੈ ਕਿਉਂਕਿ ਬਹੁਤੇ ਆਗੂਆਂ ‘ਚ ਤਾਂ ਧਰਮ ਰਜਿਸਟਡ ਕਰਵਾਉਣ ਲਈ ਕੋਈ ਉਤਸ਼ਾਹ ਨਹੀ ਦਿਸ ਰਿਹਾ। ਇਟਲੀ ਦੇ ਕਈ ਨਾਮੀ ਸਿੱਖ ਆਗੂ ਤਾਂ ਇਹ ਮੁੱਦਾ ਵਿੱਚ ਹੀ ਲਟਕਦਾ ਛੱਡ ਇਟਲੀ ਤੋਂ ਕਿਸੇ ਹੋਰ ਦੇਸ਼ ਕੂਚ ਕਰ ਚੁੱਕੇ ਹਨ ਜਿਸ ਤੋ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਟਲੀ ਦੀ ਸਿੱਖ ਸੰਗਤ ਨੂੰ ਸਰਕਾਰ ਦੇ ਸਖ਼ਤ ਕਾਨੂੰਨ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ।

ਕੁਝ ਸਿੱਖ ਸੰਗਤਾਂ ਤਾਂ ਕਾਨੂੰਨ ਦੀ ਚੱਕੀ ਵਿੱਚ ਘੁਣ ਵਾਂਗ ਪੀਸ ਵੀ ਹੋ ਰਹੀਆਂ ਹਨ ਜਿਹੜੀਆਂ ਕਿ ਸਿਰੀ ਸਾਹਿਬ ਪਹਿਨਣ ਕਾਰਨ ਜੁਰਮਾਨਾ ਭੁਗਤਣ ਲਈ ਆਪਣੇ ਆਪ ਨੂੰ ਬੇਵੱਸ ਤੇ ਲਾਚਾਰ ਮਹਿਸੂਸ ਕਰ ਰਹੀਆਂ ਹਨ।ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖਤਸਾਹਿਬ (ਅੰਮ੍ਰਿਤਸਰ ਸਾਹਿਬ) ਵੀ ਇਟਲੀ ਵਿੱਚ ਧਰਮ ਰਜਿਸਟਰਡ ਤੇ ਸਿਰੀ ਸਾਹਿਬ ਮਾਮਲੇ ਵਿਚ ਕਾਫੀ ਜਦੋ ਜਹਿਦ ਕਰ ਚੁੱਕਾ ਹੈ ਤੇ ਨਾਲ ਹੀ ਸਿੱਖ ਆਗੂਆਂ ਨੂੰ ਇੱਕ ਕਰਨ ਲਈ ਕੋਸ਼ਿਸ਼ ਕਰ ਚੁੱਕਾ ਹੈ ਪਰ ਚੌਧਰਬਾਜਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਿਰਕਣ ਦਿੱਤੀ ਤੇ ਅਖ਼ੀਰ ਹੁਣ ਉਹ ਕਹਾਵਤ ਸੱਚ ਹੋਣ ਕਿਨਾਰੇ ਹੈ ਕਿ "ਸੰਗਤਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ"। ਜੇਕਰ ਜਲਦ ਇਟਲੀ ਦੀਆਂ ਸਿੱਖ ਸੰਗਤਾਂ ਨੇ ਮਹਾਨ ਸਿੱਖ ਧਰਮ ਦੇ ਇਟਲੀ ਵਿੱਚ ਰਜਿਸਟਰਡ ਹੋਣ ਵਾਲੇ ਕੇਸ ਦੀ ਪੈਰਵੀਂ ਸੰਜੀਦਾ ਢੰਗ ਨਾਲ ਨਾ ਕੀਤੀ ਤਾਂ ਸਿਰੀ ਸਾਹਿਬ ਨੂੰ ਲੈਕੇ ਪ੍ਰਸ਼ਾਸ਼ਨ ਦਾ ਰੱਵਇਆ ਹੋਰ ਸਖ਼ਤ ਹੋਣ ਦੇ ਕਿਆਫ਼ੇ ਲਗਾਏ ਜਾ ਰਹੇ ਹਨ ਕਿਉਂਕਿ ਜਿਹੜੇ ਆਗੂ ਪਹਿਲਾਂ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਨਾਂਅ ਹੇਠ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਦਿਲਾਸੇ ਦਿੰਦੇ ਸਨ ਉਹ ਆਪ ਹੀ ਲਾਪਤਾ ਹਨ।

ਇਸ ਸੰਬਧੀ ਜਦੋਂ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੇ ਇਟਲੀ ਦੇ ਸਿੱਖ ਆਗੂਆਂ ਨਾਲ ਸੰਪਰਕ ਕਰਕੇ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਹੋਣ ਦੀ ਦੇਰੀ ਅਤੇ ਹੁਣ ਇਹ ਮਾਮਲੇ ਕਿੱਥੋ ਤੱਕ ਪਹੁੰਚ ਗਿਆ ਹੈ ਸੰਬਧੀ ਜਾਨਣਾ ਚਾਹਿਆ ਤਾਂ ਉਹਨਾਂ ਆਗੂਆਂ ਸਿਰਫ਼ ਇਹਨਾਂ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਇਸ ਮਾਮਲੇ ਦੀ ਪੂਰੀ ਪੈਰਵੀਂ ਕਰ ਰਹੇ ਹਨ ਤੇ ਜਲਦ ਹੀ ਇਸ ਦੇ ਸਾਰਥਕ ਨਤੀਜੇ ਆਉਣ ਦੀ ਉਮੀਦ ਹੈ।ਆਗੂਆਂ ਦੇ ਇਸ ਬਿਆਨ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਸੰਗਤ ਨੂੰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਟਲੀ ਦੇ ਸਿੱਖ ਆਗੂਆਂ ਦੀ ਸਿੱਖ ਧਰਮ ਰਜਿਸਟਰਡ ਕਰਵਾਉਣ ਸੰਬਧੀ ਕਿਸੇ ਵੀ ਕਾਰਵਾਈ ਨੂੰ ਸੰਗਤ ਵਿੱਚ ਨਸ਼ਰ ਨਾ ਕਰਨਾ ਵੀ ਇੱਕ ਸਵਾਲੀਆਂ ਚਿੰਨ੍ਹ ਬਣਦਾ ਜਾ ਰਿਹਾ ਹੈ ਕਿਉਂਕਿ ਇਹਨਾਂ ਵਿੱਚੋਂ ਹੀ ਪਹਿਲਾਂ ਕਈ ਸਿੱਖ ਆਗੂਆਂ ਨੇ ਇਹ ਬਿਆਨ ਬਹੁਤ ਹੀ ਫਖ਼ਰ ਨਾਲ ਦਿੱਤਾ ਸੀ ਕਿ ਧਰਮ ਰਜਿਸਟਰਡ ਕਰਵਾਉਣ ਦਾ ਮੁੱਦਾ 90% ਹੱਲ ਹੋ ਚੁੱਕਾ ਹੈ ਤੇ ਹੁਣ ਉਹੀ ਆਗੂ ਮੀਡੀਏ ਨਾਲ ਲੁੱਕਣਮੀਚੀ ਖੇਡ ਰਹੇ ਹਨ।
 


author

Vandana

Content Editor

Related News