ਵਿਲੈਤਰੀ ਵਿਖੇ ਸਜਾਇਆ ਗਿਆ ਦੂਸਰਾ ਵਿਸ਼ਾਲ ਨਗਰ ਕੀਰਤਨ, ਤਸਵੀਰਾਂ

Wednesday, Nov 13, 2019 - 04:02 PM (IST)

ਵਿਲੈਤਰੀ ਵਿਖੇ ਸਜਾਇਆ ਗਿਆ ਦੂਸਰਾ ਵਿਸ਼ਾਲ ਨਗਰ ਕੀਰਤਨ, ਤਸਵੀਰਾਂ

ਰੋਮ (ਕੈਂਥ,ਚੀਨੀਆ): ਪੂਰੀ ਕਾਇਨਾਤ ਨੂੰ ਗ੍ਰਹਿਸਥੀ ਵਿੱਚ ਰਹਿ ਕੇ ਧਰਮ ਕਮਾਉਣ ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਦਾ 550ਵਾਂ ਆਗਮਨ ਪੁਰਬ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਜਿਸ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਸ ਆਸਥਾ ਲਈ ਸਮੁੱਚੀ ਸੰਗਤ ਵਿਸ਼ੇਸ਼ ਵਧਾਈ ਦੀ ਹੱਕਦਾਰ ਹੈ। ਇਸ ਮਹਾਨ ਪੁਰਬ ਸੰਬੰਧੀ ਇਟਲੀ ਦੀਆਂ ਸਿੱਖ ਸੰਗਤਾਂ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਦੀਵਾਨ ਸਜਾ ਰਹੀਆਂ ਹਨ।

PunjabKesari

ਇਸ ਸ਼ਲਾਘਾਯੋਗ ਕਾਰਵਾਈ ਵਿੱਚ ਸੈਂਟਰ ਇਟਲੀ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਝੰਡਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਬੁਲੰਦ ਕਰਦਾ ਆ ਰਿਹਾ ਲਾਸੀਓ ਸੂਬੇ ਦਾ ਸਭ ਤੋਂ ਪਹਿਲਾ ਗੁਰਦੁਆਰਾ “ਗੁਰੂ ਰਾਵਿਦਾਸ ਦਰਬਾਰ ਵਿਥਲੈਤਰੀ'' ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਵਿਚ ਵੱਸਦੀਆਂ ਗੁਰਸਿੱਖ ਸੰਗਤਾਂ ਤੇ ਸਹਿਯੋਗ ਨਾਲ ਦੂਜਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਇਟਲੀ ਦੇ ਸੁਨੱਖੇ ਸ਼ਹਿਰ ਵਿਲੈਤਰੀ ਵਿਖੇ ਵਿਸ਼ਾਲ ਨਗਰ ਕੀਰਤਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਆਰੰਭ ਹੋਇਆ, ਜਿਹੜਾ ਕਿ ਸ਼ਹਿਰ ਦੀ ਪ੍ਰਕਿਰਮਾ ਕਰਦਾ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ।

PunjabKesari

ਨਗਰ ਕੀਰਤਨ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀਆਂ ਨੇ ਸੰਗਤਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਜੋੜਦਿਆਂ ਗੁਰੂ ਵਾਲੇ ਬਣਕੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਇਸ ਨਗਰ ਕੀਰਤਨ ਵਿੱਚ ਇਟਾਲੀਅਨ ਪ੍ਰਸ਼ਾਸ਼ਨ ਦੇ ਕਈ ਉੱਚ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਅੰਬੈਂਸੀ ਰੋਮ ਦੇ ਸ਼੍ਰੀ ਸੰਜੇ ਜੈਨ ਹੁਰਾਂ ਵੀ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।

PunjabKesari

ਨਗਰ ਕੀਰਤਨ ਦੀਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦਾਂ ਦੇ ਅਤੁੱਟ ਲੰਗਰ ਵਰਤਾਏ ਗਏ।ਸਿੱਖ ਧਰਮ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਂੇ ਪ੍ਰਕਾਸ਼ ਪੂਰਵ ਦਿਹਾੜੇ ਦੀਆਂ ਖੁਸ਼ੀਆਂ ਨੂੰ ਨਗਰ ਕੀਰਤਨ ਦੇ ਰੂਪ ਵਿਚ ਮਨਾਉਣ ਲਈ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਹੈਡ ਗ੍ਰੰਥੀ ਗਿਆਨੀ ਸੁਰਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਬੁੜੈਲ (ਮੁੱਖ ਸੇਵਾਦਾਰ) ਨੇ ਆਖਿਆ,''ਲੋੜ ਹੈ ਸਾਨੂੰ ਸਭ ਨੂੰ ਸਤਿਗੁਰੂ ਨਾਨਕ ਦੇਵ ਜੀ ਦੀਆਂ ਧੰਨ ਸ੍ਰੀ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੁਆਰਾ ਦਿੱਤੀਆਂ ਸਿੱਖਿਆਵਾਂ ਉਪੱਰ ਚੱਲਣ ਦੀ। ਤੱਦ ਹੀ ਅਜਿਹੇ ਮਹਾਨ ਕਾਰਜਾਂ ਦਾ ਸਾਰਥਕ ਲਾਹਾ ਸੰਗਤਾਂ ਲੈ ਸਕਦੀਆਂ ਹਨ।'' ਇਸ ਮੌਕੇ ਗਤਕੇ ਦੇ ਸਿੰਘਾਂ ਨੇ ਵੀ ਆਪਣੀ ਗਤਕਾ ਕਲਾ ਦੇ ਹੈਰਤਅੰਗੇਜ਼ ਜੌਹਰ ਦਿਖਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਗੁਰੂ ਦਾ ਬਖ਼ਸ਼ਿਸ਼ ਸਿਰਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਨਗਰ ਕੀਰਤਨ ਨੂੰ ਨੇਪੜੇ ਚਾੜਨ ਲਈ ਇਲਾਕੇ ਭਰ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਪ੍ਰਬੰਧਕਾਂ ਵੱਲੋਂ ਉਚੇਚਾ ਧੰਨਵਾਦ ਕੀਤਾ ਗਿਆ।


author

Vandana

Content Editor

Related News