ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਦੇ ਬੋਹੜ ਹੇਠਾਂ ਪੁਸਤਕ ਵਿਚਾਰ ਚਰਚਾ ਤੇ ਕਵੀ ਦਰਬਾਰ
Tuesday, Feb 09, 2021 - 01:21 PM (IST)
ਰੋਮ (ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸ਼ੁਰੂ ਕੀਤੀ ਗਈ ਸਾਹਿਤਕ ਸਮਾਗਮਾਂ ਦੀ ਲੜੀ ਅਧੀਨ ਬੀਤੇ ਦਿਨ “ਜ਼ੂਮ” ਆਨਲਾਈਨ ਪੁਸਤਕ ਵਿਚਾਰ ਚਰਚਾ ਕਰਵਾਈ ਗਈ। ਜਿਸ ਵਿੱਚ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਅਵਤਾਰ ਸਿੰਘ ਸੰਧੂ ਦੀ ਕਾਵਿ ਪੁਸਤਕ “ਪੀੜਾਂ ਦੀ ਪੈੜ” ਅਤੇ ਗੀਤਕਾਰ ਪ੍ਰੀਤ ਲੱਧੜ ਦੀ ਕਾਵਿ ਪੁਸਤਕ “ਕਲਮ ਨਾਦ” 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਸ਼ੁਰੂਆਤ ਰਾਣਾ ਅਠੌਲਾ ਵੱਲੋਂ ਸਭ ਨੂੰ ਜੀ ਆਇਆਂ ਆਖ ਕੇ ਕੀਤੀ ਗਈ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਪ੍ਰਸਿੱਧ ਲੇਖਕ ਤੇ ਸ਼ਾਇਰ ਪ੍ਰੋ ਸੰਧੂ ਵਰਿਆਣਵੀ ਅਤੇ ਪ੍ਰਸਿੱਧ ਕਹਾਣੀਕਾਰ ਤੇ ਰਾਗ ਮੈਗਜ਼ੀਨ ਦੇ ਸੰਪਾਦਕ ਅਜਮੇਰ ਸਿੱਧੂ ਨੇ ਹਾਜਰੀ ਭਰੀ।
ਪ੍ਰੋ ਸੰਧੂ ਵਰਿਆਣਵੀ ਨੇ ਅਵਤਾਰ ਸਿੰਘ ਸੰਧੂ ਦੀ ਸਮੁੱਚੀ ਲੇਖਣੀ ਅਤੇ ਪੀੜਾਂ ਦੀ ਪੈੜ ਕਾਵਿ ਸੰਗ੍ਰਹਿ ਤੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਅਵਤਾਰ ਸਿੰਘ ਸੰਧੂ ਦੀ ਕਵਿਤਾ ਸਾਨੂੰ ਆਪਣੇ ਨਾਲ ਤੋਰਦੀ ਹੈ ਅਤੇ ਸਮੁੱਚੀ ਮਾਨਵਤਾ ਦੀ ਪੀੜ ਨੂੰ ਮਹਿਸੂਸ ਕਰਵਾਉਂਦੀ ਹੈ। ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਅਵਤਾਰ ਸੰਧੂ ਦੀ ਕਵਿਤਾ ਇੱਕ ਲਹਿਰ ਦੀ ਨਾ ਹੋ ਕੇ ਸਮੁੱਚੇ ਧਰਾਤਲ ਦੀ ਗੱਲ ਕਰਦੀ ਹੈ ਅਤੇ ਇਹ ਜਦੋਂ ਵੀ ਪੜੋ ਤਾਂ ਸਮੇਂ ਦੇ ਹਾਣ ਦੀ ਨਜ਼ਰ ਆਉਂਦੀ ਹੈ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਇਸ ਉੱਪਰ ਬੋਲਦਿਆਂ ਕਿਹਾ ਕਿ ਅਵਤਾਰ ਸਿੰਘ ਸੰਧੂ ਲੋਕਾਂ ਦਾ ਲੇਖਕ ਹੈ। ਇਹਨਾਂ ਦੀ ਰਚਨਾ ਵਿੱਚ ਲੋਕਾਂ ਦੀਆਂ ਗੱਲਾਂ, ਲੋਕਾਂ ਦੀਆਂ ਪੀੜਾਂ ਸਾਫ ਝਲਕਦੀਆਂ ਹਨ।
ਅਵਤਾਰ ਸਿੰਘ ਸੰਧੂ ਨੇ ਇਸ ਸਮੇਂ ਬੋਲਦੇ ਹੋਏ ਕਿਹਾ ਕਿ ਮੈਂ ਉਹੀ ਲਿਖਦਾ ਹਾਂ ਜੋ ਮੈਨੂੰ ਆਲੇ ਦੁਆਲੇ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਗੀਤਕਾਰ ਪ੍ਰੀਤ ਲੱਧੜ ਦੀ ਕਿਤਾਬ “ਕਲਮ ਨਾਦ” 'ਤੇ ਚਰਚਾ ਕੀਤੀ ਗਈ। ਜਿਸ ਬਾਰੇ ਸਿੱਕੀ ਝੱਜੀ ਪਿੰਡ ਵਾਲਾ ਨੇ ਬੋਲਦੇ ਹੋਏ ਪ੍ਰੀਤ ਦੇ ਗੀਤਕਾਰੀ ਤੋਂ ਕਵਿਤਾ ਵੱਲ ਨੂੰ ਮੁੜਨ ਬਾਰੇ ਕਮਾਲ ਦੀਆਂ ਗੱਲਾਂ ਕੀਤੀਆਂ ਕਿ ਇੱਕ ਗੀਤਕਾਰ ਸੂਖਮਤਾ ਵੱਲ ਨੂੰ ਤਾਂ ਹੀ ਜਾ ਸਕਦਾ ਹੈ ਜੇਕਰ ਉਹ ਕਵਿਤਾ ਨਾਲ ਸਾਂਝ ਪਾਉਂਦਾ ਹੈ। ਸੰਧੂ ਵਰਿਆਣਵੀ ਨੇ ਪ੍ਰੀਤ ਲੱਧੜ ਦੀ ਕਿਤਾਬ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਕਿਤਾਬ ਵਿੱਚ ਸ਼ਬਦਾਂ ਦੀ ਵੰਨ ਸੁਵੰਨਤਾ ਸਾਨੂੰ ਆਪਣੇ ਵੱਲ ਖਿੱਚਦੀ ਹੈ। ਇਹ ਕਿਤਾਬ ਬਹੁਤ ਸਾਰੀਆਂ ਗੱਲਾਂ ਨਾਲ ਸੋਚਣ ਲਈ ਮਜਬੂਰ ਕਰਦੀ ਹੈ। ਜੋ ਇੱਕ ਸ਼ਾਇਰ ਦੀ ਸਫਲ਼ ਰਚਨਾ ਹੋਣ ਦਾ ਦਾਅਵਾ ਹੈ।
ਪੜ੍ਹੋ ਇਹ ਅਹਿਮ ਖਬਰ- ਮਹਾਦੋਸ਼ ਦੀ ਸੁਣਵਾਈ ਤੋਂ ਪਹਿਲਾਂ ਟਰੰਪ ਦੇ ਵਕੀਲਾਂ ਨੇ ਦਿੱਤੀਆਂ ਇਹ ਦਲੀਲਾਂ
ਪ੍ਰੀਤ ਲੱਧੜ ਨੇ ਆਪਣੀ ਪਲੇਠੀ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਕਵਿਤਾ ਸਾਨੂੰ ਸੂਖਮਤਾ ਦੇ ਅਹਿਸਾਸ ਵੱਲ ਪ੍ਰੇਰਿਤ ਕਰਦੀ ਹੈ। ਮੈਂ ਆਪਣੀ ਇਸ ਕਿਤਾਬ ਕਲਮ ਨਾਦ ਨੂੰ ਲੈ ਕੇ ਬਹੁਤ ਉਤਸੁਕ ਹਾਂ। ਇਸ ਦੇ ਬਾਅਦ ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਇਸ ਵਿਚਾਰ ਚਰਚਾ ਉੱਪਰ ਪ੍ਰਤੀਕਰਮ ਦਿੰਦਿਆਂ ਦੋਵਾਂ ਹੀ ਲੇਖਕਾਂ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਉਹਨਾਂ ਨੇ ਸਭਾ ਦੇ ਕਾਰਜਾਂ ਦੀ ਸਰਾਹਨਾ ਵੀ ਕੀਤੀ। ਇਸ ਤੋਂ ਉਪਰੰਤ ਹਾਜਰੀਨ ਕਵੀਆਂ ਵੱਲੋਂ ਕਵੀ ਦਰਬਾਰ ਕੀਤਾ ਗਿਆ। ਜਿਸ ਵਿੱਚ ਸੰਧੂ ਵਰਿਆਣਵੀ, ਅਵਤਾਰ ਸਿੰਘ ਸੰਧੂ, ਪ੍ਰੀਤ ਲੱਧੜ, ਦੁਖਭੰਜਨ ਰੰਧਾਵਾ, ਬਿੰਦਰ ਕੋਲੀਆਂਵਾਲ, ਦਲਜਿੰਦਰ ਰਹਿਲ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਮੇਜਰ ਸਿੰਘ ਖੱਖ, ਪ੍ਰੋ ਬਲਦੇਵ ਸਿੰਘ ਬੋਲਾ, ਅਮਰਬੀਰ ਸਿੰਘ ਹੋਠੀ ਬੱਲਾਂ ਵਾਲਾ ਆਦਿ ਨੇ ਬਾਖੂਬੀ ਹਾਜਰੀ ਭਰੀ। ਇਸ ਸਮੁੱਚੇ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤੀ ਗਈ।