ਇਟਲੀ ''ਚ ਪੰਜਾਬੀ ਨੌਜਵਾਨ ਨੇ 100 ''ਚੋਂ 100 ਨੰਬਰ ਲੈ ਕੇ ਪੜ੍ਹਾਈ ''ਚ ਕੀਤਾ ਟਾਪ

06/27/2020 3:15:43 PM

ਰੋਮ, (ਦਲਵੀਰ ਕੈਂਥ)- ਵਿੱਦਿਆ ਇਕ ਅਜਿਹਾ ਗਹਿਣਾ ਹੈ, ਜਿਸ ਨੂੰ ਪਾਉਣ ਲਈ ਇਨਸਾਨ ਨੂੰ ਸਖ਼ਤ ਮਿਹਨਤ ਤਾਂ ਜਰੂਰ ਕਰਨੀ ਪੈਂਦੀ ਹੈ ਪਰ ਇਸ ਗਹਿਣੇ ਨੂੰ ਕੋਈ ਲੁੱਟ ਨਹੀਂ ਸਕਦਾ। 
ਭਾਰਤੀ ਲੋਕਾਂ ਦੀ ਇਸ ਛਵੀ ਨੂੰ ਪਹਿਲਾਂ ਤੋਂ ਹੋਰ ਵੀ ਵਧੀਆ ਬਣਾਇਆ ,ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਲਾਤੀਨਾ ਵਿਖੇ 13ਵੀਂ ਕਲਾਸ ਵਿੱਚੋਂ ਪਹਿਲੇ ਨੰਬਰ ‘ਤੇ ਆਏ ਸੁਖਵੀਰ ਸਿੰਘ ਸੁਪੱਤਰ ਜੈਮਲ ਸਿੰਘ ਗਾਖਲ (ਜਲੰਧਰ) ਨੇ, ਜਿਸ ਨੇ ਪੜ੍ਹਾਈ ਵਿੱਚ 100 ਵਿੱਚੋਂ 100 ਨੰਬਰ ਲਏ ਹਨ। ਉਸ ਨੇ 23 ਇਟਾਲੀਅਨ ਬੱਚਿਆਂ ਵਿੱਚੋਂ ਪਹਿਲਾਂ ਸਥਾਨ ਲੈ ਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਰੀਬ 20 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆ ਕੇ ਵਸੇ ਜੈਮਲ ਸਿੰਘ ਗਾਖਲ (ਜੋ ਕਿ ਲਾਤੀਨੇ ਜ਼ਿਲ੍ਹੇ ਦੇ ਇਲਾਕਾ ਸਨਦੋਨਾਤੋ ਵਿਖੇ ਰਹਿੰਦੇ ਹਨ)ਨੇ ਪੜ੍ਹਾਈ ਦੀ ਅਹਿਮੀਅਤ ਨੂੰ ਸਮਝਦਿਆਂ ਸਖ਼ਤ ਮਿਹਨਤ ਮੁਸ਼ੱਕਤ ਕਰਦਿਆਂ ਆਪਣੇ ਬੱਚਿਆਂ ਨੂੰ ਪੜ੍ਹਾਇਆ ਤੇ ਉਨ੍ਹਾਂ ਦੀ ਦਿਲੀ ਰੀਝ ਹੈ ਕਿ ਹੋਰ ਵੀ ਭਾਰਤੀ ਮਾਪੇ ਜੇਕਰ ਇਟਲੀ ਵਿੱਚ ਬੱਚਿਆਂ ਦਾ ਚੰਗਾ ਭੱਵਿਖ ਬਣਾਉਣਾ ਚਾਹੁੰਦੇ ਹਨ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ।

ਇਸ ਮੌਕੇ ਸੁਖਵੀਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਲੀ ਰਹਿੰਦੇ ਭਾਰਤੀ ਬੱਚਿਆਂ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਭਾਰਤੀ ਬੱਚੇ ਇਟਲੀ ਵਿੱਚ ਵੱਧ ਤੋਂ ਵੱਧ ਪੜ੍ਹਾਈ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਭਾਰਤੀ ਲੋਕ ਸਰਕਾਰੀ ਅਦਾਰਿਆਂ ਵਿੱਚ ਸੇਵਾ ਨਿਭਾਅ ਸਕਣ। ਸੁਖਵੀਰ ਸਿੰਘ ਜਲਦ ਹੀ ਰੋਮ ਯੂਨੀਵਰਸਿਟੀ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ।ਇਸ ਮੌਕੇ ਜੈਮਲ ਸਿੰਘ ਗਾਖ਼ਲ ਨੂੰ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਪੁੱਤਰ ਦੇ ਕਲਾਸ ਵਿੱਚੋਂ ਟਾਪ ਕਰਨ ਤੇ ਵਿਸ਼ੇਸ਼ ਮੁਬਾਰਕਬਾਦ ਦਿੱਤੀ ਗਈ ਹੈ।

ਵਿਦੇਸ਼ੀ ਧਰਤੀ 'ਤੇ ਰਹਿਣ ਵਾਲੇ ਭਾਰਤੀਆਂ ਲਈ ਤਾਂ ਇਸ ਗਹਿਣੇ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਤੀਜੇ ਨੇਤਰ ਗਿਆਨ ਨਾਲ ਅਸੀਂ ਆਪਣੀ ਕਾਮਯਾਬੀ ਨੂੰ ਬੁਲੰਦੀ 'ਤੇ ਲੈ ਜਾ ਸਕਦੇ ਹਾਂ। ਵਿੱਦਿਆ ਦਾ ਗਹਿਣਾ ਪਹਿਨਣ ਵਾਲੇ ਨੂੰ ਸਦਾ ਹੀ ਗਿਆਨ ਦੇ ਚਾਨਣ ਵਿੱਚ ਰੱਖਦਾ ਹੈ ਜਿਸ ਦੀ ਬਦੌਲਤ ਸਮਾਜ ਵਿੱਚ ਹਮੇਸ਼ਾ ਗਿਆਨਵਾਨ ਇਨਸਾਨਾਂ ਦਾ ਸਤਿਕਾਰ ਤੇ ਸਹੀ ਮੁੱਲ ਪੈਂਦਾ ਹੈ। ਦੁਨੀਆ 'ਚ ਨਜ਼ਰ ਮਾਰ ਕੇ ਦੇਖਿਆ ਜਾਵੇ ਤਾਂ ਜਿਹੜੇ ਭਾਰਤੀਆਂ ਨੇ ਕਾਮਯਾਬੀ ਦੇ ਝੰਡੇ ਦੇਸ਼-ਵਿਦੇਸ਼ ਗੱਡੇ ਹਨ, ਉਸ ਵਿੱਚ ਵਿੱਦਿਆ ਦਾ ਵੱਡਮੁੱਲਾ ਯੋਗਦਾਨ ਹੈ ਤੇ ਇਟਲੀ ਵਿੱਚ ਵੀ ਆਏ ਭਾਰਤੀ ਬੱਚੇ ਵਿੱਦਿਅਕ ਖੇਤਰ ਵਿੱਚ ਜਿਸ ਤਰ੍ਹਾਂ ਨੰਬਰ ਲੈਣ ਵਾਲੇ ਰਿਕਾਰਡ ਬਣਾ ਰਹੇ ਹਨ, ਉਸ ਨਾਲ ਹੋਰ ਵਿਦੇਸ਼ੀ ਵੀ ਹੈਰਾਨ ਹਨ। ਇਟਲੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਬੱਚੇ ਪੜ੍ਹਾਈ ਵਿੱਚ ਪਹਿਲੇ ਨੰਬਰ 'ਤੇ ਆਉਣ ਨਾਲ ਹੁਣ ਇਟਾਲੀਅਨ ਲੋਕਾਂ ਨੂੰ ਇਹ ਗੱਲ ਭਲੀ-ਭਾਂਤ ਸਮਝ ਲੱਗ ਰਹੀ ਹੈ ਕਿ ਭਾਰਤੀ ਲੋਕ ਹੁਣ ਵਿੱਦਿਅਕ ਖੇਤਰ ਵਿੱਚ ਵੀ ਉਨ੍ਹਾਂ ਤੋਂ ਪਿੱਛੇ ਨਹੀਂ ਜਦੋਂ ਕਿ ਕੰਮਾਂਕਾਰਾਂ ਤੇ ਇਮਾਨਦਾਰੀ ਲਈ ਇਟਾਲੀਅਨ ਲੋਕ ਪਹਿਲਾਂ ਹੀ ਭਾਰਤੀ ਲੋਕਾਂ ਦਾ ਲੋਹਾ ਮੰਨਦੇ ਹਨ।
 


Lalita Mam

Content Editor

Related News