ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ''ਚ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਆਗਮਨ ਪੁਰਬ
Tuesday, Feb 27, 2024 - 01:57 PM (IST)
ਰੋਮ (ਦਲਵੀਰ ਕੈਂਥ/ਸਾਬੀ ਚੀਨੀਆ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਆਗਮਨ ਪੁਰਬ ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਹਾਜ਼ਰੀ ਭਰੀ। ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ। ਇਸ ਪਵਿੱਤਰ ਦਿਹਾੜੇ ਮੌਕੇ 14 ਫਰਵਰੀ ਤੋਂ ਨਿਰੰਤਰ ਚੱਲ ਰਹੇ ਸ੍ਰੀ ਅੰਮ੍ਰਿਤਬਾਣੀ ਦੇ 45 ਤੋਂ ਵੱਧ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਲਹਿੰਬਰ ਹੂਸੈਨਪੁਰੀ ਨੇ ਮਿਸ਼ਨਰੀ ਗੀਤਾਂ ਨਾਲ ਭਰਵੀਂ ਹਾਜ਼ਰੀ ਲੁਆਈ।
ਇਹ ਵੀ ਪੜ੍ਹੋ: ਕੈਨੇਡਾ 'ਚ ਲਾਪਤਾ ਹੋਈ 28 ਸਾਲਾ ਪੰਜਾਬਣ, ਚਿੰਤਾ 'ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
ਇਸ ਮੌਕੇ ਸ਼੍ਰੀ ਦਿਪੰਕਰ ਸ਼੍ਰੀ ਵਾਸਤਵ ਉੱਚ ਅਧਿਕਾਰੀ ਭਾਰਤੀ ਅੰਬੈਂਸੀ ਰੋਮ ਨੇ ਹਾਜ਼ਰੀਨ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦੀਆਂ ਕਿਹਾ ਕਿ ਅੰਬੈਂਸੀ ਹਮੇਸ਼ਾ ਆਪ ਦੀ ਸੇਵਾ ਵਿੱਚ ਹਾਜ਼ਰ ਹੈ। ਉਨ੍ਹਾਂ ਡਾ. ਨੀਨਾ ਮਲਹੋਤਰਾ ਰਾਜਦੂਤ ਭਾਰਤੀ ਅੰਬੈਂਸੀ ਰੋਮ ਵੱਲੋਂ ਵੀ ਗੁਰਪੁਰਬ ਦੀ ਵਿਸ਼ੇਸ਼ ਵਧਾਈ ਦਿੱਤੀ। ਗੁਰਪੁਰਬ ਦੇ ਸਮਾਗਮ ਦਾ ਅਲੌਕਿਕ ਨਜ਼ਾਰਾ ਦੇਖਣ ਵਾਲਾ ਸੀ। ਇੰਝ ਲੱਗਦਾ ਸੀ ਜਿਵੇਂ ਇਹ ਪੰਜਾਬ ਦੀ ਹੀ ਧਰਤੀ ਹੈ ਤੇ ਹਜ਼ਾਰਾਂ ਸੰਗਤਾਂ ਵੱਲੋਂ ਲਗਾਏ ਗੁਰੂ ਦੇ ਜੈਕਾਰੇ “ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ “ਨਾਲ ਸਬਾਊਦੀਆ ਗੂੰਜ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਆਗਮਨ ਪੁਰਬ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਭ ਸੰਗਤ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਗੁਰਪੁਰਬ ਦੀ ਵਧਾਈ ਦਿੱਤੀ। ਇਸ ਸਮਾਰੋਹ ਮੌਕੇ ਸ਼੍ਰੀ ਦਿਪੰਕਰ ਸ਼੍ਰੀ ਵਾਸਤਵ,ਲਹਿੰਬਰ ਰੂਸੈਨਪੁਰੀ ਤੇ ਸਮੂਹ ਸੇਵਾਦਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਬਖ਼ਸ਼ੀਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਗੁਰੂ ਦੇ ਲੰਗਰ ਅਤੁੱਟ ਵਰਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।