ਇਟਲੀ ''ਚ ਪੋਲੈਂਡ ਦੇ ਜੋੜੇ ਨਾਲ ਵਾਪਰੀ ਦਰਦਨਾਕ ਘਟਨਾ, ਦੋਸ਼ੀਆਂ ਦੀ ਭਾਲ ਜਾਰੀ

08/29/2017 9:58:43 AM

ਰੋਮ/ਇਟਲੀ (ਕੈਂਥ)— ਇਟਲੀ ਦੇ ਇਕ ਮਸ਼ਹੂਰ ਸੈਲਾਨੀ ਖੇਤਰ ਵਿਚ ਇਕ ਪੋਲੈਂਡ ਦੇ ਜੋੜੇ ਨਾਲ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਗਰੁੱਪ ਵੱਲੋਂ ਪੋਲੈਂਡ ਦੀ ਕੁੜੀ ਨਾਲ ਉਸ ਦੇ ਦੋਸਤ ਦੇ ਸਾਹਮਣੇ ਹੀ ਸਮੂਹਕ ਜਬਰ-ਜਨਾਹ ਕੀਤਾ ਗਿਆ। ਇਸ ਦੌਰਾਨ ਇਸ ਗਰੁੱਪ ਨੇ ਲੜਕੀ ਦੇ ਪੁਰਸ਼ ਮਿੱਤਰ ਨਾਲ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਇਹ ਘਟਨਾ ਇਟਲੀ ਦੇ ਰਿਮੀਨੀ ਦੇ ਸਮੁੰਦਰੀ ਕੰਢੇ 'ਤੇ ਵਾਪਰੀ, ਜਿੱਥੇ ਕਿ ਇਹ ਪੋਲੈਂਡ ਦਾ ਜੋੜਾ ਘੁੰਮਣ ਲਈ ਆਇਆ ਹੋਇਆ ਸੀ। ਇਟਾਲੀਅਨ ਪੁਲਸ ਨੇ ਖੁਲਾਸਾ ਕੀਤਾ ਹੈ ਕਿ, ਲੜਕੇ ਨਾਲ ਕੀਤੀ ਕੁੱਟਮਾਰ ਦੌਰਾਨ ਉਸ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਹੈ ਅਤੇ ਇਸ ਜੋੜੇ ਨਾਲ ਲੁੱਟ-ਖੋਹ ਹੋਣ ਦਾ ਵੀ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਮੀਨੀ ਦੇ ਸਮੁੰਦਰ ਕੰਢੇ ਉੱਤੇ ਲੜਕੀ ਨਾਲ ਚਾਰ ਵਿਅਕਤੀਆਂ ਨੇ ਉਸ ਦੇ ਦੋਸਤ ਦੇ ਸਾਹਮਣੇ ਹੀ ਜਬਰ-ਜਨਾਹ ਕੀਤਾ। ਇਹ ਸਮੁੰਦਰੀ ਖੇਤਰ ਇਟਲੀ ਦੇ ਮਸ਼ਹੂਰ ਸੈਲਾਨੀ ਖੇਤਰਾਂ ਵਿਚੋਂ ਇਕ ਜਾਣਿਆ ਜਾਂਦਾ ਹੈ। ਉੱਥੇ ਮੌਜੂਦ ਲੋਕਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਲੋਕਾਂ ਨੇ ਦੇਖਿਆ ਕਿ, ਪੀੜ੍ਹਤ ਜੋੜ੍ਹਾ ਜ਼ਖਮੀ, ਖੂਨ ਨਾਲ ਲੱਥਪਥ ਹੋਇਆ ਪਿਆ ਸੀ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਪਹਿਲਾਂ ਵਿਦੇਸ਼ੀ ਜੋੜੇ ਨੂੰ ਹਸਪਤਾਲ ਪਹੁੰਚਾਇਆ। ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਪੁਲਸ ਅਜਿਹੀ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਭਾਲ ਤੇਜੀ ਨਾਲ ਕਰ ਰਹੀ ਹੈ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਚਾਰੇ ਵਿਅਕਤੀ ਡਾਰਕ ਸਕਿੰਨ (ਗੂੜੀ ਚਮੜੀ) ਵਾਲੇ ਵਿਅਕਤੀ ਸਨ।


Related News