ਇਟਲੀ : ਵੱਖ-ਵੱਖ ਮਾਮਲਿਆਂ ''ਚ ਜਸ਼ਨ ਕਰਨ ਵਾਲੇ ਲੋਕਾਂ ਨੂੰ 4800 ਯੂਰੋ ਜੁਰਮਾਨਾ
Sunday, Nov 15, 2020 - 06:01 PM (IST)
ਰੋਮ (ਕੈਂਥ): ਇਟਲੀ ਵਿੱਚ ਕੋਵਿਡ-19 ਨੂੰ ਨੱਥ ਪਾਉਣ ਲਈ ਸਰਕਾਰ ਪੱਬਾਂ ਭਾਰ ਹੈ ਜਿਸ ਦੇ ਮੱਦੇ ਨਜ਼ਰ ਸਰਕਾਰ ਨੇ ਲੋਕਾਂ ਨੂੰ ਖੁਸ਼ੀ ਮੌਕੇ ਜ਼ਿਆਦਾ ਇੱਕਠ ਤੋਂ ਗੁਰੇਜ ਕਰਨ ਲਈ ਕਿਹਾ ਹੈ। ਪਰ ਇਸ ਦੇ ਬਾਵਜੂਦ ਲੋਕ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੇ ਹਨ, ਜਿਸ ਕਾਰਨ ਪਹਿਲਾਂ ਵੀ ਇੱਕ ਵਿਆਹ ਸਮਾਗਮ ਮੌਕੇ ਇੱਕਠ ਕਰਨ ਲਈ ਲਾੜਾ-ਲਾੜੀ ਸਮੇਤ ਮਹਿਮਾਨਾਂ ਨੂੰ ਵੀ ਮਠਿਆਈ ਨਾਲ ਜੁਰਮਾਨੇ ਦਾ ਕੌੜਾ ਘੁਟ ਵੀ ਭਰਨਾ ਪਿਆ ਸੀ।
ਅਜਿਹੀ ਹੀ ਘਟਨਾ ਮੁੜ ਬੀਤੀ ਸ਼ਾਮ ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਇਟਾਲੀਅਨ ਮੂਲ ਦੇ ਇੱਕ 27 ਸਾਲਾ ਨੌਜਵਾਨ ਦੇ ਜਨਮਦਿਨ ਦੀ ਪਾਰਟੀ ਮਨਾ ਰਹੇ 8 ਨੌਜਵਾਨਾਂ ਨਾਲ ਵਾਪਰੀ, ਜਿਸ ਲਈ ਪੁਲਸ ਦੁਆਰਾ ਦੋਸ਼ੀਆਂ ਨੂੰ ਜੁਰਮਾਨੇ ਕੀਤੇ ਗਏ ਹਨ। ਹੋਇਆ ਇੰਝ ਕਿ ਬਰੇਸ਼ੀਆ ਸ਼ਹਿਰ ਜੋ ਕਿ ਲੰਬਾਰਦੀਆ ਸਟੇਟ ਦਾ ਹਿੱਸਾ ਹੈ ਅਤੇ ਰੈੱਡ ਜ਼ੋਨ ਵਿੱਚ ਆਉਣ ਕਰਕੇ ਇੱਥੇ ਕੋਰੋਨਾਵਾਇਰਸ ਦੇ ਸਖ਼ਤ ਕਾਨੂੰਨ ਲਾਗੂ ਹਨ। ਇਹ ਸੂਬਾ ਹੁਣ ਤੱਕ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇੱਥੇ ਆਪਣੇ ਦੋਸਤ ਦੀ ਜਨਮ ਦਿਨ ਦੀ
ਪਾਰਟੀ ਮਨਾਉਣੀ 8 ਨੌਜਵਾਨਾਂ ਨੂੰ ਮਹਿੰਗੀ ਪਈ, ਜਿਨ੍ਹਾਂ ਨੂੰ ਪੁਲਿਸ ਦੁਆਰਾ ਕੋਰੋਨਾਵਾਇਰਸ ਲਈ ਬਣਾਏ ਸਖ਼ਤ ਨਿਯਮ ਤੋੜਨ ਕਰਕੇ 3200 ਯੂਰੋ (ਹਰ ਇੱਕ ਨੂੰ 400 ਯੂਰੋ) ਜੁਰਮਾਨੇ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ- ਕੈਂਸਰ ਪੀੜਤ ਬੱਚੇ ਦਾ ਡਾਕਟਰ ਨੇ ਪੂਰਾ ਕੀਤਾ 'ਸੁਫ਼ਨਾ', ਭਾਵੁਕ ਕਰ ਦੇਵੇਗੀ ਵੀਡੀਓ
ਉੱਧਰ ਦੂਸਰੇ ਪਾਸੇ ਇਸੇ ਹੀ ਸ਼ਹਿਰ ਬਰੇਸ਼ੀਆ ਵਿੱਚ ਹੀ 2 ਪਰਿਵਾਰਾਂ ਨੂੰ ਜਨਮ ਦਿਨ ਦੀ ਪਾਰਟੀ ਮਨਾਉਣਾ ਮਹਿੰਗਾ ਪਿਆ, ਜਿਸ ਵਿੱਚ ਪੁਲਿਸ ਦੁਆਰਾ ਉਨ੍ਹਾਂ ਨੂੰ ਵੀ 1600 ਯੂਰੋ ਦਾ ਜੁਰਮਾਨਾ ਕੀਤਾ ਗਿਆ। ਇਹ ਦੋਵੇਂ ਪਰਿਵਾਰ ਸਰਬੀਆ ਦੇਸ਼ ਦੇ ਮੂਲ ਬਸ਼ਿੰਦੇ ਸਨ, ਜਿਨ੍ਹਾਂ ਦੁਆਰਾ ਬਰੇਸ਼ੀਆ ਵਿਖੇ ਆਪਣੇ ਘਰ ਵਿੱਚ ਹੀ ਇਹ ਪਾਰਟੀ ਰੱਖੀ ਗਈ, ਜੋ ਕਿ ਦੇਰ ਰਾਤ ਤੱਕ ਚੱਲਦੀ ਰਹੀ, ਇਕ ਗੁਆਂਢੀ ਨੇ 112 ਨੰਬਰ 'ਤੇ ਸ਼ਿਕਾਇਤ ਕਰਨ ਤੋਂ ਬਾਅਦ ਕਾਰਾਬੀਨੇਰੀ ਪੁਲਸ ਦੁਆਰਾ ਚੈੱਕ ਕਰਨ 'ਤੇ ਦੇਖਿਆ ਗਿਆ ਕਿ 4 ਵਿਅਕਤੀ ਜੋ ਕਿ ਇਸ ਘਰ ਦੇ ਨਿਵਾਸੀ ਨਹੀਂ ਸਨ, ਨੂੰ 1600 ਯੂਰੋ ਦਾ ਜੁਰਮਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਇਟਲੀ ਦੀ ਸਰਕਾਰ ਵਲੋਂ ਬਣਾਏ ਗਏ ਐਂਟੀ ਕੋਵਿਡ-19 ਕਾਨੂੰਨ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹੋਏ ਹਨ ਪਰ ਇਸ ਬਣਾਏ ਗਏ ਕਾਨੂੰਨ ਨੂੰ ਕੁਝ ਗ਼ੈਰ ਜਿੰਮੇਵਾਰ ਲੋਕ ਟਿੱਚ ਸਮਝਦੇ ਹਨ।