ਇਟਲੀ : ''ਧੀ ਦਿਵਸ'' ਮੌਕੇ ਭਾਰਤ ਦੀ ਦਲਿਤ ਕੁੜੀ ਦੇ ਕੇਸ ''ਚ ਉੱਠੀ ਇਨਸਾਫ ਦੀ ਮੰਗ

10/13/2020 12:37:10 PM

ਰੋਮ/ਇਟਲੀ (ਕੈਂਥ): ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵਿਖੇ ਅੰਤਰਰਾਸ਼ਟਰੀ ਧੀ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਪ੍ਰਬੰਧਕਾਂ ਵਲੋਂ ਸੰਸਾਰ ਭਰ ਦੀਆਂ ਧੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਗੁਰਦੁਆਰਾ ਸਾਹਿਬ ਵਿਖੇ ਹਾਜਰ ਸੰਗਤਾਂ ਨੂੰ ਵਿਚਾਰ ਪੇਸ਼ ਕਰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਮਾਸਟਰ ਬਲਵੀਰ ਮੱਲ ਨੇ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਜਿੱਥੇ ਅਸੀਂ ਦੁਨੀਆ ਭਰ ਵਿਚ ਵਸਦੀਆਂ ਧੀਆਂ ਲਈ ਤਰੱਕੀ ਅਤੇ ਚੰਗੀ ਸਿਹਤ ਲਈ ਕਾਮਨਾ ਕਰਦੇ ਹਾਂ ਉੱਥੇ ਧੀਆਂ ਉੱਤੇ ਹੋ ਰਹੇ ਅੱਤਿਆਚਾਰਾਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਘੋਰ ਨਿਖੇਧੀ ਕਰਦੇ ਹਾਂ। 

ਜਿਵੇਂ ਕਿ ਭਾਰਤ ਅੰਦਰ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਜੋ ਕੁੱਝ ਹੋ ਰਿਹਾ ਹੈ ਉਹ ਨਾ-ਸਹਿਣਯੋਗ ਹੈ। ਇਸ ਮੌਕੇ ਤੇ ਸਾਥੀ ਦਵਿੰਦਰ ਹੀਂਉ, ਅਜੇ ਕੁਮਾਰ ਬਿੱਟਾ ਤੇ ਭਾਈ ਰਣਧੀਰ ਸਿੰਘ ਨੇ ਕਿਹਾ ਯੂਪੀ ਅੰਦਰ ਜੋ ਅੱਤ ਮਾੜੀ ਘਟਨਾ 19 ਸਾਲਾ ਦਲਿਤ ਬੇਟੀ ਨਾਲ ਹੋਈ ਹੈ ਉਸ ਦੀ ਅਸੀਂ ਜੋਰਦਾਰ ਨਿਖੇਧੀ ਕਰਦੇ ਹੋਏ ਯੂਪੀ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਜੇਕਰ ਇਹ ਇਨਸਾਫ ਨਹੀਂ ਕਰ ਸਕਦੇ ਤਾਂ ਮੋਦੀ ਅਤੇ ਯੋਗੀ ਨੂੰ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਬਣਦਾ ਉਹ ਤੁਰੰਤ ਅਸਤੀਫੇ ਦੇਣ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ! ਇਨ੍ਹਾਂ ਲੋਕਾਂ ਨੂੰ ਮਿਲਣਗੇ ਵੀਜ਼ੇ

ਬੁਲਾਰਿਆ ਨੇ ਭਾਰਤ ਸਰਕਾਰ ਵਲੋਂ ਗੈਰ-ਸੰਵਿਧਾਨਕ ਢੰਗ ਨਾਲ ਪਾਸ ਕਰਵਾਏ ਕਿਸਾਨ-ਮਜਦੂਰ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਜ਼ੋਰਦਾਰ ਅਪੀਲ ਕਰਦਿਆਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਅਤੇ ਹਿੱਟਲਰਸ਼ਾਹੀ ਨੀਤੀਆਂ ਦੀ ਵੀ ਨਿਖੇਧੀ ਕਰਦਿਆਂ ਕਿਸਾਨ-ਮਜਦੂਰ ਸੰਘਰਸ਼ਾਂ ਦੀ ਹਮਾਇਤ ਕੀਤੀ।ਇਸ ਮੌਕੇ 'ਤੇ ਭੁਪਿੰਦਰ ਸਿੰਘ, ਸਰਬਜੀਤ ਸਾਬੀ, ਧਰਮਜੀਤ ਪਾਨੀ, ਕੁਲਦੀਪ ਭਰੋਲੀ, ਪ੍ਰਕਾਸ਼ ਸਿੰਘ ਪਾਸ਼ੀ, ਜਸਪਾਲ ਜੱਸਾ, ਸੰਦੀਪ ਧਾਮੀ, ਧਰਮਿੰਦਰ, ਸਿੰਘ ਸੰਧੂ,ਜਗਦੇਵ ਗਰਚਾ ਆਦਿ ਹਾਜ਼ਰ ਸਨ।
 


Vandana

Content Editor

Related News