ਇਟਲੀ : 13 ਜਨਵਰੀ ਨੂੰ ਹੋਣਗੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ

Friday, Dec 21, 2018 - 10:48 AM (IST)

ਇਟਲੀ : 13 ਜਨਵਰੀ ਨੂੰ ਹੋਣਗੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ

ਰੋਮ/ਇਟਲੀ (ਕੈਂਥ)— ਮਹਾਨ ਸਿੱਖ ਧਰਮ ਦੇ ਮੋਢੀ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਦਸ਼ਮੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼  ਗੁਰਮਿਤ ਗਿਆਨ ਮੁਕਾਬਲੇ 13 ਜਨਵਰੀ 2019 ਦਿਨ ਐਤਵਾਰ ਨੂੰ ਕਰਵਾਏ ਜਾਣਗੇ। ਇਹ ਮੁਕਾਬਲੇ ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਰਪਿਤ ਹੋ ਸੇਵਾ ਕਰ ਰਹੇ ਕਲਤੂਰਾ ਸਿੱਖ ਇਟਲੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜਿਸ ਵਿਚ ਨੰਨ੍ਹੇ ਮੁੰਨੇ ਸਿੱਖ ਬੱਚੇ ਭਾਗ ਲੈਣਗੇ।

ਪ੍ਰੈੱਸ ਨੂੰ ਇਹ ਜਾਣਕਾਰੀ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰ ਭਾਈ ਕੁਲਵੰਤ ਸਿੰਘ ਖਾਲਸਾ, ਭਾਈ ਸਿਮਰਜੀਤ ਸਿੰਘ ਡੱਡੀਆਂ, ਗੁਰਪ੍ਰੀਤ ਸਿੰਘ ਪਰੋਜ, ਭਾਈ ਤਰਲੋਚਨ ਸਿੰਘ, ਭਾਈ ਸੰਤੋਖ ਸਿੰਘ, ਤਰਨਪ੍ਰੀਤ ਸਿੰਘ, ਗਰਨਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ ਪਾਰਮਾ ਅਤੇ ਭਾਈ ਜਸਵੀਰ ਸਿੰਘ ਬਾਰੀ ਆਦਿ ਨੇ ਦਿੰਦਿਆਂ ਸਾਂਝੇ ਤੌਰ ਤੇ ਕਿਹਾ ਕਿ ਇਹ ਗੁਰਮਿਤ ਗਿਆਨ ਮੁਕਾਬਲੇ 4 ਗਰੁੱਪਾਂ ਵਿਚ ਹੋਣਗੇ ਜਿਹਨਾਂ ਵਿਚ 5 ਤੋਂ 8 ਸਾਲ ਵਰਗ, 8 ਤੋਂ 11 ਸਾਲ ਵਰਗ, 11 ਤੋਂ 14 ਸਾਲ ਵਰਗ ਅਤੇ 14 ਸਾਲਾਂ ਤੋਂ ਉਪੱਰ ਦੇ ਬੱਚੇ ਭਾਗ ਲੈਣਗੇ।ਪ੍ਰਬੰਧਕਾਂ ਨੇ ਇਟਲੀ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੱਤਕਾ ਅਕੈਡਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਨਵੇਕਲੇ ਕਾਰਜ ਵਿਚ ਸਭ ਸੰਗਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣ ਤਾਂ ਜੋ ਇਸ ਵਿਚ ਰੈਣ-ਬਸੇਰਾ ਕਰਦੇ ਸਾਡੇ ਬੱਚਿਆਂ ਨੂੰ ਮਹਾਨ ਸਿੱਖ ਧਰਮ ਦੇ ਵਿੱਲਖਣ ਅਤੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਹੋਰ ਵੀ ਸਿੱਖ ਆਗੂ ਇਸ ਕਾਰਜ ਲਈ ਅੱਗੇ ਆਉਣ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਅਨੁਸਾਰ ਇਟਲੀ ਵਿਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ।


author

Kainth

Reporter

Related News