ਇਟਲੀ : ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਕਰਵਾਇਆ ਪਹਿਲਾ ਅੰਮ੍ਰਿਤ ਸੰਚਾਰ

Monday, Mar 27, 2023 - 07:08 PM (IST)

ਇਟਲੀ : ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਕਰਵਾਇਆ ਪਹਿਲਾ ਅੰਮ੍ਰਿਤ ਸੰਚਾਰ

ਰੋਮ/ਇਟਲੀ (ਕੈਂਥ) : ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਤਵਾਰ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਦੇ ਸਾਥੀਆਂ, ਬੱਚਿਆਂ ਅਤੇ ਭਾਈ ਬਲਕਾਰ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ 353 ਵਿਅਕਤੀਆਂ ’ਚੋਂ 197 ਨੂੰ ਕੀਤਾ ਰਿਹਾਅ

PunjabKesari

ਦੂਜੇ ਪਾਸੇ ਇਸੇ ਦਿਨ ਸਵੇਰੇ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜ ਪਿਆਰਿਆਂ ਦੇ ਜਥੇ ਦੀ ਅਗਵਾਈ ਹੇਠ ਅੰਮ੍ਰਿਤ ਸੰਚਾਰ ਦੀ ਆਰੰਭਤਾ ਕੀਤੀ ਗਈ, ਜਿਸ ਵਿਚ 2 ਦਰਜਨ ਦੇ ਕਰੀਬ ਪ੍ਰਾਣੀ ਖੰਡੇ ਵਾਟੇ ਦੀ ਪਹੁਲ ਛਕ ਕੇ ਸਿੰਘ ਸਜੇ ਅਤੇ ਗੁਰੂ ਵਾਲੇ ਬਣੇ। ਇਸ ਮੌਕੇ ਸਿੰਘ ਸਜ ਕੇ ਗੁਰੂ ਵਾਲੇ ਬਣੇ ਪ੍ਰਾਣੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਸ਼ੁਕਰਾਨਾ ਕੀਤਾ ਗਿਆ। ਸਿੰਘ ਸਜਣ ਵਾਲੇ ਪ੍ਰਾਣੀਆਂ ਨੂੰ ਕੱਕਾਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ। ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੇ ਅੰਤ ’ਚ ਪ੍ਰੰਬਧਕਾਂ ਵੱਲੋਂ ਇਸ ਸਮਾਗਮ ਵਿਚ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਤੇ ਸੇਵਾਦਾਰਾਂ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ (ਰੋਮ) ਦੇ ਮੁੱਖ ਗ੍ਰੰਥੀ ਸਿੰਘ ਭਾਈ ਹਰਜੋਤ ਸਿੰਘ ਦੀ ਰਹਿਨੁਮਾਈ ਹੇਠ ਪਹੁੰਚੇ ਬੱਚਿਆਂ ਅਤੇ ਵੱਡਿਆਂ ਦੇ ਜਥੇ ਵੱਲੋਂ ਗੱਤਕੇ ਦੇ ਜੌਹਰ ਜਲੌਹ ਦਿਖਾਏ ਗਏ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਗ੍ਰਿਫ਼ਤਾਰ


author

Manoj

Content Editor

Related News