ਇਟਲੀ ‘ਚ ਸੈਲਾਨੀਆਂ ਲਈ ਕੋਵਿਡ ਮੁਕਤ ਤੇਜ ਰਫ਼ਤਾਰ ਰੇਲਗੱਡੀ ਅਪ੍ਰੈਲ ਤੋਂ ਹੋਵੇਗੀ ਸ਼ੁਰੂ

Sunday, Mar 28, 2021 - 05:24 PM (IST)

ਇਟਲੀ ‘ਚ ਸੈਲਾਨੀਆਂ ਲਈ ਕੋਵਿਡ ਮੁਕਤ ਤੇਜ ਰਫ਼ਤਾਰ ਰੇਲਗੱਡੀ ਅਪ੍ਰੈਲ ਤੋਂ ਹੋਵੇਗੀ ਸ਼ੁਰੂ

ਰੋਮ/ਇਟਲੀ (ਦਲਵੀਰ ਕੈਂਥ): ਕੋਵਿਡ-19 ਤੋਂ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਹਰ ਦੇਸ਼ ਦਿਨ ਰਾਤ ਜੁਗਤਾਂ ਬਣਾਉਣ ਵਿੱਚ ਲੱਗਾ ਹੋਇਆ ਹੈ। ਹਵਾਈ ਜਹਾਜਾਂ, ਰੇਲ ਯਾਤਰਾਵਾਂ ਤੇ ਹੋਰ ਯਾਤਰਾਵਾਂ ਨੂੰ ਕੋਵਿਡ-19 ਨੇ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੀ ਜ਼ਿੰਦਗੀ ਬੇਰੰਗ ਲੱਗਣ ਲੱਗੀ ਹੈ। ਯੂਰਪ ਜਿਹੜਾ ਕਿ ਸੈਲਾਨੀਆਂ ਦੀ ਸਦਾ ਹੀ ਖਿੱਚ ਦਾ ਕੇਂਦਰ ਰਿਹਾ, ਇਹ ਵੀ ਕੋਵਿਡ ਕਾਰਨ ਸੁੰਨਾ ਸੁੰਨਾ ਜਾਪਦਾ ਹੈ ਤੇ ਸੈਲਾਨੀਆਂ ਦੇ ਆਉਣ ਜਾਣ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। 

ਇਟਲੀ ਜਿਹੜਾ ਕਿ ਇੱਕ ਇਤਿਹਾਸਕ ਦੇਸ਼ ਹੋਣ ਕਾਰਨ ਸੈਲਾਨੀਆਂ ਦੀ ਪਹਿਲੀ ਪਸੰਦ ਰਿਹਾ ਹੈ ਇੱਥੇ ਵੀ ਕੋਵਿਡ ਕਾਰਨ ਕਾਫ਼ੀ ਉਥਲ ਪੁੱਥਲ ਰਹੀ ਹੈ ਪਰ ਇਸ ਸਾਲ ਸੈਲਾਨੀਆਂ ਦੀ ਗਰਮੀਆਂ ਵਿੱਚ ਆਮਦ ਦੇ ਮੱਦੇ ਨਜ਼ਰ ਹੀ ਇਟਲੀ ਦਾ ਰੇਲਵੇ ਵਿਭਾਗ ਰੈੱਡ ਕਰਾਸ ਇਟਲੀ ਨਾਲ ਮਿਲ ਕੇ ਕੋਰੋਨਾ ਵਾਇਰਸ ਦੀ ਲਾਗ ਤੋਂ ਯਾਤਰੀਆਂ ਨੂੰ ਬਚਾਉਣ ਲਈ ਇੱਕ ਨਿਵੇਕਲੀ ਪਹਿਲ ਕਦਮੀ ਕਰ ਰਿਹਾ ਹੈ। ਇਟਲੀ ਦੀ ਤਰੇਨੋ ਇਟਾਲੀਆ (ਐਫ.ਐਸ) ਵਲੋਂ ਰੈੱਡ ਕਰਾਸ ਦੀ ਸਹਾਇਤਾ ਨਾਲ ਅਪ੍ਰੈਲ ਤੋਂ ਰਾਜਧਾਨੀ ਰੋਮ ਮਿਲਾਨ ਵਿਚਕਾਰ ਕੋਰੋਨਾ ਮੁਕਤ ਇੱਕ ਵਿਸ਼ੇਸ਼ ਰੇਲਗੱਡੀ ਚਲਾਉਣ ਜਾ ਰਹੀ ਹੈ।

PunjabKesari

ਤਰੇਨੋ ਇਤਾਲੀਆ (ਐਫ.ਐਸ) ਦੇ ਪ੍ਰੰਬਧਕ ਨਿਰਦੇਸ਼ ਗਿਆਨਫ੍ਰਾਂਕੋ ਬੈਤਿਸਤੀ ਨੇ ਇਸ ਦੀ ਵਿਸ਼ੇਸ਼ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸੀਂ ਅਪ੍ਰੈਲ ‘ਚ ਮਿਲਾਨ ਤੋਂ ਰਾਜਧਾਨੀ ਰੋਮ ਦਰਮਿਆਨ ਕੋਰੋਨਾ ਮੁਕਤ ਤੇਜ ਰਫ਼ਤਾਰ ਵਿਸ਼ੇਸ਼ ਗੱਡੀ ਚਲਾਉਣ ਜਾਂ ਰਹੇ ਹਾਂ, ਜਿਸ ਦਾ ਮਕਸਦ ਇਹ ਹੈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਸੈਲਾਨੀਆਂ ਲਈ ਕੋਈ ਵੀ ਰੁਕਾਵਟ ਨਾ ਆਵੇ। ਇਸ ਦੇ ਮੱਦੇਨਜ਼ਰ ਇਸ ਵਿਸ਼ੇਸ਼ ਰੇਲਗੱਡੀ ਦਾ ਪ੍ਰੰਬਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਇਸ ਰੇਲਗੱਡੀ ਵਿੱਚ ਕੋਰੋਨਾ ਜਾਂਚ ਤੇ ਐਂਟੀ ਕੋਂਵਿਡ ਦਾ ਟੀਕਾਕਰਨ ਵੀ ਕੀਤਾ ਜਾਵੇਗਾ।ਇਹ ਰੇਲਗੱਡੀ ਵਿਸ਼ੇਸ਼ ਤੌਰ 'ਤੇ ਆਧੁਨਿਕ ਮੈਡੀਕਲ ਉਪਕਰਣਾਂ ਨਾਲ ਭਰਪੂਰ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ-  ਭੂਟਾਨੀ ਬੱਚੀ ਨੇ ਭਾਰਤ ਵੱਲੋਂ ਭੇਜੀ ਕੋਰੋਨਾ ਵੈਕਸੀਨ ਲਈ ਪਿਆਰੇ ਅੰਦਾਜ਼ 'ਚ ਕੀਤਾ 'ਧੰਨਵਾਦ' 

ਉਨ੍ਹਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਗਰਮੀਆਂ ਵਿੱਚ ਬਹੁਤ ਸਾਰੇ ਸੈਲਾਨੀ ਦੂਜਿਆਂ ਸੂਬਿਆਂ ਤੋਂ ਇਟਲੀ ਦੇ ਉੱਤਰ ਖੇਤਰ ਵੱਲ ਸੈਰ ਸਪਾਟੇ ਲਈ ਆਉਣ। ਉਨ੍ਹਾਂ ਦੱਸਿਆ ਕਿ ਸਤੰਬਰ ਵਿੱਚ ਐਫ,ਐਸ ਵਲੋਂ ਪਹਿਲਾਂ ਵੀ ਅਲ ਇਟਾਲੀਆ ਦੇ ਨਾਲ ਮਿਲ ਕੇ ਰੋਮ ਫਿਊਮੀਚਿਨੀ ਤੋਂ ਲੀਨਾਤੇ ਦਰਮਿਆਨ ਵਿਸ਼ੇਸ਼ ਪ੍ਰਯੋਗ ਕੀਤਾ ਗਿਆ ਸੀ ਜੋ ਕਿ ਸਫਲਤਾ ਪੂਰਵਕ ਨੇਪਰੇ ਚੜਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਅਗਲੇ ਮਹੀਨਿਆਂ ਦੌਰਾਨ ਜਲਦੀ ਹੀ ਤਰੇਨੋ ਇਟਾਲੀਆ ਵਲੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ, ਜਿਸ ਵਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਕੋਵਿਡ ਕਾਰਨ ਜਨਵਰੀ-ਸਤੰਬਰ ਦੌਰਾਨ ਇਟਲੀ ਆਉਣ ਵਾਲੇ ਸੈਲਾਨੀਆਂ ਵਿੱਚ 70% ਗਿਰਾਵਟ ਆਈ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News