ਇਟਲੀ : ਲਾਸੀਓ ’ਚ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਦਾ ਕੁਝ ਹਿੱਸਾ ਪ੍ਰਸ਼ਾਸਨ ਨੇ ਕੀਤਾ ਸੀਲ

Tuesday, Jan 24, 2023 - 05:37 AM (IST)

ਇਟਲੀ : ਲਾਸੀਓ ’ਚ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਦਾ ਕੁਝ ਹਿੱਸਾ ਪ੍ਰਸ਼ਾਸਨ ਨੇ ਕੀਤਾ ਸੀਲ

ਰੋਮ (ਦਲਵੀਰ ਕੈਂਥ) : ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਉਸ ਸਮੇਂ ਸੰਗਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਸਥਾਨਕ ਪੁਲਸ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਜਾਂਚ ਕਰਦਿਆਂ ਕੁਝ ਪ੍ਰਬੰਧਾਂ ’ਚ ਘਾਟ ਨੂੰ ਦੇਖਦਿਆਂ ਕੁਝ ਹਿੱਸਾ ਸੀਲ ਕਰ ਦਿੱਤਾ। ਇਹ ਉਹ ਹਿੱਸਾ ਹੈ, ਜਿੱਥੇ ਸੰਗਤ ਲੰਗਰ ਛਕਦੀ ਹੈ। ਇਸ ’ਚ ਹੀ ਬਾਥਰੂਮ ਵੀ ਸ਼ਾਮਿਲ ਹਨ । ਪੁਲਸ ਨੇ ਇਸ ਹਿੱਸੇ ’ਚ ਵਰਤੀ ਕੁਤਾਹੀ ਦੇ ਕਾਰਨ ਇਕ ਲਾਲ ਟੇਪ ਨਾਲ ਇਹ ਸਾਰਾ ਏਰੀਆ ਸੀਲ ਕਰ ਦਿੱਤਾ । ਗੁਰਦੁਆਰਾ ਸਾਹਿਬ ’ਚ ਹੋਈ ਇਸ ਕਾਰਵਾਈ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਦੱਸਿਆ ਕਿ ਇਹ ਸਾਰਾ ਕਾਰਾ ਕਿਸੇ ਆਪਣੇ ਨੇ ਹੀ ਸ਼ਕਾਇਤ ਕਰ ਕੇ ਕਰਵਾਇਆ ਹੈ ਪਰ ਉਹ ਸੰਗਤ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਬਿਲਕੁਲ ਪਿੰਡ ’ਚ ਸਥਾਪਿਤ ਹੈ ਤੇ ਇਹ ਥਾਂ ਤਿੰਨ ਭੈਣ-ਭਰਾਵਾਂ ਦੀ ਹੈ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਉਹ ਹਿੱਸਾ ਇਕ ਦਾ ਤੇ ਜਿਥੇ ਲੰਗਰ ਹਾਲ ਅਤੇ ਹੁਣ ਬਾਥਰੂਮ ਬਣੇ ਹਨ, ਉਹ ਦੂਜਿਆਂ ਦਾ ਹਿੱਸਾ ਹੈ।

PunjabKesari

\ਉਨ੍ਹਾਂ ਅੱਜ ਤੋਂ ਡੇਢ ਸਾਲ, ਜਦੋਂ ਇਸ ਇਮਾਰਤ ’ਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ, ਜਿਸ ਹਾਲ ’ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਵਿਚਕਾਰ ਇਕ ਇਮਾਰਤ ਹੈ, ਜਿਸ ਨੂੰ ਹਟਾਉਣ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਲਿਖਤੀ ਇਜਾਜ਼ਤ ਮੰਗੀ ਹੋਈ ਹੈ, ਜਿਹੜੀ ਕਿ ਹੁਣ ਤੱਕ ਨਹੀਂ ਮਿਲੀ, ਅਜੇ ਹੋਰ ਕਿੰਨਾ ਸਮਾਂ ਲੱਗੇਗਾ, ਪਤਾ ਨਹੀਂ । ਗੁਰਦੁਆਰਾ ਸਾਹਿਬ ’ਚ ਸੰਗਤ ਵਧਣ ਨਾਲ ਪ੍ਰੰਬਧਕ ਕਮੇਟੀ ਨੇ ਲੰਗਰ ਹਾਲ ਤੇ ਬਾਥਰੂਮ ਖੁੱਲ੍ਹੀ ਥਾਂ ਬਣਾ ਲਏ, ਜਿਸ ਨੂੰ ਸਥਾਨਕ ਪ੍ਰਸ਼ਾਸਨ ਤੋਂ ਮਨਜ਼ੂਰ ਕਰਵਾਉਣ ਲਈ ਉਨ੍ਹਾਂ ਆਪਣੇ ਵਕੀਲ ਰਾਹੀਂ ਲਿਖਤੀ ਪੱਤਰ ਦਿੱਤਾ ਹੋਇਆ ਹੈ ਪਰ ਇਸ ਵਿਚਕਾਰ ਹੀ ਕਿਸੇ  ਸ਼ਰਾਰਤੀ ਅਨਸਰ ਨੇ ਪ੍ਰਸ਼ਾਸਨ ਨੂੰ ਮੁਖ਼ਬਰੀ ਕਰ ਦਿੱਤੀ । ਪ੍ਰਸ਼ਾਸਨ ਨੇ ਜਿਹੜਾ ਹਿੱਸਾ ਪ੍ਰਵਾਨਗੀ ਨਾ ਹੋਣ ਕਾਰਨ ਸੀਲ ਕੀਤਾ ਹੈ, ਉਹ ਗੁਰਦਆਰਾ ਸਾਹਿਬ ਦਾ ਪੂਰਨ ਹਿੱਸਾ ਨਹੀਂ ਕਿਉਂਕਿ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਰਹਿੰਦੀ ਹੈ ।

PunjabKesari

ਉਨ੍ਹਾਂ ਸੰਗਤ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਸ ਮਾਮਲੇ ਨੂੰ ਨਿਪਟਾ ਲਿਆ ਜਾਵੇਗਾ। ਗੁਰਦਆਰਾ ਸਾਹਿਬ ਦੀ ਰਜਿਸਟਰੀ ਤੋਂ ਬਾਅਦ ਹੀ ਸਭ ਘਾਟਾਂ ਪੂਰੀਆਂ ਹੋ ਸਕਦੀਆਂ ਹਨ। ਦੂਜੇ ਪਾਸੇ ਜਦੋਂ ਤੱਕ ਇਟਲੀ ’ਚ ਸਿੱਖ ਧਰਮ ਰਜਿਸਟਰਡ ਨਹੀਂ ਹੁੰਦਾ, ਉਦੋਂ ਤੱਕ ਇਹ ਵਧੀਕੀ ਹੁੰਦੀ ਰਹਿ ਸਕਦੀ ਹੈ। ਜ਼ਿਕਰਯੋਗ ਹੈ ਕਿ ਇਟਲੀ ’ਚ ਭਾਰਤੀ ਧਾਰਮਿਕ ਅਸਥਾਨਾਂ ਦੇ ਪ੍ਰਬੰਧਾਂ ’ਚ ਘਾਟਾਂ ਨੂੰ ਲੈ ਕੇ ਕਈ ਵਾਰ ਸਥਾਨਕ ਪੁਲਸ ਨੇ ਸਖ਼ਤੀ ਦਿਖਾਉਂਦਿਆਂ ਜਿੱਥੇ ਪ੍ਰਬੰਧਕਾਂ ਨੂੰ ਜੁਰਮਾਨੇ ਕੀਤੇ, ਉੱਥੇ ਅਜਿਹੇ ਫੈਸਲੇ ਵੀ ਦਿੱਤੇ, ਜਿੱਥੇ ਕਿ ਪ੍ਰਸ਼ਾਸਨ ਨੇ ਧਾਰਮਿਕ ਅਸਥਾਨ ਨੂੰ ਹੀ ਬੰਦ ਕਰਨ ਦਾ ਮੰਦਭਾਗਾ ਫ਼ੈਸਲਾ ਸੁਣਾ ਦਿੱਤਾ, ਜਿਸ ਕਾਰਨ ਸੰਗਤ ਨੂੰ ਕਾਫ਼ੀ ਨਿਰਾਸ਼ਾ ਸਹੇੜਨੀ ਪੈਂਦੀ ਹੈ ਪਰ ਇਸ ਦੇ ਬਾਵਜੂਦ ਸੰਗਤ ਸਦਾ ਚੜ੍ਹਦੀ ਕਲਾ ’ਚ ਹੀ ਰਹਿੰਦੀ ਹੈ।


author

Manoj

Content Editor

Related News