ਇਟਲੀ ''ਚ ਕੋਰੋਨਾ ਖ਼ਿਲਾਫ਼ ਚੱਲ ਰਹੀ ਜੰਗ ''ਚ ਹੁਣ ਤੱਕ 188 ਡਾਕਟਰ ਕੁਰਬਾਨ

Friday, Nov 13, 2020 - 10:34 AM (IST)

ਰੋਮ/ਇਟਲੀ (ਕੈਂਥ): ਕੋਰੋਨਾਵਾਇਰਸ ਨੇ ਜਿੱਥੇ ਪੂਰੀ ਦੁਨੀਆ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਉਥੇ ਇਟਲੀ ਵਿੱਚ ਫਰਵਰੀ ਵਿੱਚ ਸ਼ੁਰੂ ਹੋਈ ਇਹ ਮਹਾਮਾਰੀ ਸਾਲ ਦੇ ਅਖੀਰ ਵਿੱਚ ਦੁਬਾਰਾ ਦੂਸਰੀ ਲਹਿਰ ਵਿੱਚ ਆ ਕੇ ਪਹਿਲਾਂ ਨਾਲੋਂ ਵੱਧ ਤਬਾਹੀ ਕਰਦੀ ਨਜ਼ਰ ਆ ਰਹੀ ਹੈ। ਪੂਰੀ ਦੁਨੀਆਂ ਦੇ ਵਿਗਿਆਨੀ ਤੇ ਡਾਕਟਰ ਇਸ ਬਿਮਾਰੀ ਅੱਗੇ ਕਿਤੇ ਨਾ ਕਿਤੇ ਜਾ ਕੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਡਾਕਟਰ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਵਾਇਰਸ ਨਾਲ ਪੂਰੀ ਟੱਕਰ ਲੈ ਰਹੇ ਹਨ, ਜਿਸ ਕਾਰਨ ਰੱਬ ਦਾ ਦੂਸਰਾ ਰੂਪ ਮੰਨੇ ਜਾਂਦੇ ਡਾਕਟਰਾਂ ਨੂੰ ਵੀ ਇਸ ਬਿਮਾਰੀ ਨੇ ਆਪਣੀ ਚਪੇਟ  ਵਿੱਚ ਲਿਆ ਹੈ।

ਇਸ ਭਿਆਨਕ ਮਹਾਮਾਰੀ ਵਿੱਚ ਦੁਨੀਆ ਭਰ ਦੇ ਡਾਕਟਰਾਂ ਦੁਆਰਾ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਹੈ  ਪਰ ਅਫ਼ਸੋਸ ਵੱਡੀ ਗਿਣਤੀ ਵਿੱਚ ਪੂਰੀ ਦੁਨੀਆ ਵਿੱਚ ਡਾਕਟਰਾਂ ਨੂੰ ਵੀ ਆਪਣੀਆਂ ਜਾਨਾਂ ਲੋਕਾਂ ਦੀ ਕੋਰੋਨਾ ਤੋਂ ਜਿੰਦਗੀ ਬਚਾਉਦੀਆਂ ਕੁਰਬਾਨ ਕਰਨੀਆਂ ਪੈ ਰਹੀਆਂ ਹਨ। ਗੱਲ ਇਟਲੀ ਦੀ ਕਰੀਏ ਤਾਂ ਪਿਛਲੇ ਦਿਨੀਂ ਇਟਲੀ ਦੇ ਵਿੱਚ ਇਸ ਕੋਰੋਨਾ ਮਹਾਮਾਰੀ ਦੇ ਨਾਲ 2 ਹੋਰ ਡਾਕਟਰਾਂ ਦੀ ਕੀਮਤੀ ਜਾਨ ਚਲੇ ਗਈ ਹੈ।

ਪੜ੍ਹੋ ਇਹ ਅਹਿਮ ਖਬਰ-  ਦੀਵਾਲੀ ਤੋਂ ਮਿਲਣ ਵਾਲੇ ਸੰਦੇਸ਼ ਦੀ ਇਸ ਸਾਲ 'ਖਾਸ ਮਹੱਤਤਾ' ਹੈ : ਮੌਰੀਸਨ (ਵੀਡੀਓ)

ਇਸ ਸੰਬੰਧੀ ਇਟਲੀ ਦੀ ਨੈਸ਼ਨਲ ਫੈਡਰੇਸ਼ਨ ਆਫ ਮੈਡੀਕਲ ਆਰਡਰਜ਼ (ਫਨੋਮਸੀਉ) ਦੁਆਰਾ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ 2 ਹੋਰ ਡਾਕਟਰਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ, ਜੋ ਕਿ 52 ਸਾਲਾ ਡਾਕਟਰ ਦੋਮੇਨਿਕੋ ਪਸੀਲੀਓ ਅਤੇ ਜੌਰਜੀਓ ਡਰੈਗੋ ਸਨ।ਕੋਵਿਡ-19 ਖ਼ਿਲਾਫ਼  ਇਟਲੀ ਦੀ ਇਸ ਲੜਾਈ ਵਿੱਚ ਹੁਣ ਤੱਕ 188 ਡਾਕਟਰਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਜੋ ਕਿ ਇਹਨਾਂ ਮਰਹੂਮ ਡਾਕਟਰਾਂ ਦਾ ਮਹਾਨ ਯੋਗਦਾਨ ਹੈ।


Vandana

Content Editor

Related News