ਇਟਲੀ ਪੁਲਸ ਦਾ ਬਹਾਦਰੀ ਵਾਲਾ ਕਾਰਨਾਮਾ, ਲੈਂਬਰਗਿਨੀ ਕਾਰ ਨਾਲ ਮਰੀਜ਼ ਨੂੰ ਤੁਰੰਤ ਪਹੁੰਚਾਇਆ ਗੁਰਦਾ
Sunday, Jul 24, 2022 - 02:23 PM (IST)
ਰੋਮ/ਇਟਲੀ (ਦਲਵੀਰ ਕੈਂਥ) ਤੁਸੀਂ ਅਕਸਰ ਇਹ ਬਹਾਦਰੀ ਵਾਲਾ ਕਾਰਨਾਮਾ ਫਿਲਮਾਂ ਵਿੱਚ ਦੇਖਿਆ ਹੋਵੇਗਾ ਜਿਸ ਵਿੱਚ ਪੁਲਸ ਸੈਂਕੜੇ ਕਿਲੋਮੀਟਰ ਦੀ ਦੂਰੀ ਚੰਦ ਘੰਟਿਆਂ ਵਿੱਚ ਤੈਅ ਕਰ ਲੋੜਵੰਦ ਮਰੀਜ਼ ਨੂੰ ਗੁਰਦਾ, ਜਿਗਰ ਆਦਿ ਪਹੁੰਚਾ ਦਿੰਦੀ ਹੈ ਪਰ ਇਸ ਕਾਰਨਾਮੇ ਨੂੰ ਹਕੀਕਤ ਵਿੱਚ ਇਟਲੀ ਪੁਲਸ ਨੇ ਕਰ ਦਿਖਾਇਆ ਹੈ। ਬੀਤੇ ਦਿਨ ਇਟਲੀ ਦੀ ਪ੍ਰਸਿੱਧ ਲੈਂਬਰਗਿਨੀ ਹੂਰਾਕਨ ਕਾਰ ਦੀ ਸਹਾਇਤਾ ਨਾਲ ਇਟਲੀ ਦੀ ਪੁਲਸ (polizia) ਦੇ ਦੋ ਕਰਮਚਾਰੀਆਂ ਵਲੋਂ ਇਨਸਾਨੀਅਤ ਦਿਖਾਉਂਦਿਆਂ ਹੋਇਆਂ ਇੱਕ ਮਰੀਜ਼ ਦੀ ਜਾਨ ਬਚਾਈ ਗਈ।
ਇਟਲੀ ਦੇ ਸੂਬਾ ਲਾਸੀਓ ਦੇ ਹਸਪਤਾਲ ਵਿੱਚ ਦਾਖ਼ਲ ਇੱਕ ਮਰੀਜ਼ ਜਿਸ ਦੇ ਦੋਵੇਂ ਗੁਰਦੇ ਖ਼ਰਾਬ ਹੋ ਚੁੱਕੇ ਸਨ ਅਤੇ ਇਹ ਮਰੀਜ਼ ਮੌਤ ਦੇ ਕਿਨਾਰੇ ਖੜ੍ਹਾ ਸੀ, ਨੂੰ ਇਕ ਗੁਰਦੇ ਦੀ ਲੋੜ ਸੀ।ਡਾਕਟਰੀ ਅਮਲੇ ਵਲੋਂ ਮਿਲਾਨ ਵਿੱਚ ਇੱਕ ਇਨਸਾਨ ਵਲੋਂ ਦਾਨ ਕੀਤੇ ਗੁਰਦੇ ਨੂੰ ਸੂਬਾ ਲਾਸੀਓ ਦੇ ਹਸਪਤਾਲ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਇਟਲੀ ਦੀ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਆਪਣੀ ਡਿਊਟੀ ਬਾਖ਼ੂਬੀ ਨਾਲ ਨਿਭਾਉਂਦਿਆਂ ਹੋਇਆਂ ਦੋ ਘੰਟਿਆਂ ਦੇ ਵਿੱਚ ਕਿਡਨੀ ਨੂੰ ਮਿਲਾਨ ਤੋਂ ਲਾਸੀਓ ਤੱਕ ਪਹੁੰਚਾਇਆ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਪੰਜਾਬ ਦੀ ਧੀ ਨੇ 8 ਭਾਸ਼ਾਵਾਂ 'ਚ ਕੀਤਾ ਟਾਪ, ਵਧਾਇਆ ਦੇਸ਼ ਦਾ ਮਾਣ
ਪੁਲਸ ਨੇ ਇਸ ਕਾਰਵਾਈ ਦੌਰਾਨ ਇਟਲੀ ਦੀ ਪ੍ਰਸਿੱਧ ਅਤੇ ਖੂਬਸੂਰਤ ਲੈਬਰਗਿਨੀ ਹੂਰਾਕਨ ਕਾਰ ਦੀ ਵਰਤੋਂ ਕਰਦਿਆਂ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਿੱਚ ਜੀਵਨ ਰੱਖਿਅਕ ਬਣ ਕੇ ਮਿਸ਼ਨ ਨੂੰ ਪੂਰਾ ਕੀਤਾ। ਦੱਸਣਯੋਗ ਹੈ ਪਹਿਲਾਂ ਵੀ ਇਟਲੀ ਦੀ ਪੁਲਸ ਵਲੋਂ ਉੱਤਰੀ ਸੂਬੇ ਦੇ ਪਾਦੋਵਾ ਸ਼ਹਿਰ ਤੋਂ ਰੋਮ ਅਤੇ ਰੋਮ ਤੋ ਪਾਦੋਵਾ ਲਈ 230 ਪ੍ਰਤੀ ਕਿਲੋਮੀਟਰ ਦੀ ਰਫ਼ਤਾਰ ਨਾਲ ਇੱਕ ਪੀੜਤ ਮਰੀਜ਼ ਲਈ ਗੁਰਦਾ ਲੈ ਕੇ ਗਏ ਸਨ ਅਤੇ ਪੁਲਸ ਦੀ ਇਸ ਇਨਸਾਨੀਅਤ ਦੀ ਮਿਸਾਲ ਨਾਲ ਉਸ ਮਰੀਜ਼ ਨੂੰ ਨਵਾਂ ਜੀਵਨ ਦਾਨ ਵਿੱਚ ਮਿਲ ਗਿਆ ਸੀ। ਉਸ ਸਮੇਂ ਡਾਕਟਰਾਂ ਵਲੋਂ ਪੁਲਸ ਦੀ ਇਸ ਕਾਰਵਾਈ ਦੀ ਬਾਖੂਬੀ ਸ਼ਲਾਘਾ ਕੀਤੀ ਗਈ ਸੀ ਅਤੇ ਪੁਲਸ ਕਰਮਚਾਰੀਆਂ ਵਲੋਂ ਇਸ ਕਾਰਵਾਈ ਦਾ ਸਾਰਾ ਸਿਹਰਾ ਲੈਂਬਰਗਿਨੀ ਕਾਰ ਨੂੰ ਦਿੱਤਾ ਗਿਆ ਸੀ, ਜਿਸ ਦੀ ਬਦੌਲਤ ਇਹ ਮਹਾਨ ਕਾਰਜ ਕਰਨ ਵਿੱਚ ਉਹਨਾਂ ਨੂੰ ਸਫ਼ਲਤਾ ਹਾਸਲ ਹੋਈ।