ਇਟਲੀ ''ਚ ਫੜੇ ਗਏ 9 ਭਾਰਤੀ ਨੌਜਵਾਨ ! ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਕਰਦੇ ਸੀ ਇਹ ਕੰਮ, ਫਿਰ...

Thursday, Oct 01, 2026 - 08:38 PM (IST)

ਇਟਲੀ ''ਚ ਫੜੇ ਗਏ 9 ਭਾਰਤੀ ਨੌਜਵਾਨ ! ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਕਰਦੇ ਸੀ ਇਹ ਕੰਮ, ਫਿਰ...

ਇਟਲੀ, (ਦਲਵੀਰ ਸਿੰਘ ਕੈਂਥ)-ਇਟਲੀ ਦੀ ਪੁਲਸ ਨੇ ਇੱਕ ਵਿਸ਼ੇਸ਼ ਜਾਂਚ ਤੋਂ ਬਾਅਦ ਇੱਕ ਗੁੰਝਲਦਾਰ ਘਟਨਾ ਨੂੰ ਅੰਜਾਮ ਦੇਣ ਵਾਲੇ 9 ਵਿਦੇਸ਼ੀਆਂ 'ਤੇ ਕਾਰਵਾਈ ਕਰਦਿਆਂ ਇੱਕ ਪ੍ਰਵਾਸੀ ਅਪਰਾਧਿਕ ਟੋਲੇ ਦਾ ਪਰਦਾਫਾਸ਼ ਕੀਤਾ ਹੈ। ਇਟਲੀ ਦੇ ਰਾਸ਼ਟਰੀ ਮੀਡੀਏ 'ਚ ਵਿਸ਼ੇਸ਼ ਸੁਰਖੀ ਬਣਨ ਵਾਲੀ ਇਹ ਘਟਨਾ, ਜਿਸ ਵਿੱਚ ਸੂਬਾ ਲੰਬਾਰਦੀਆਂ ਦੀ ਪੁਲਸ ਨੇ 9 ਅਜਿਹੇ ਭਾਰਤੀ ਫੜੇ ਹਨ, ਜਿਹੜੇ ਕਿ ਆਪਣੇ ਹੀ ਦੇਸ਼ ਨਾਗਰਿਕ ਨੂੰ ਕਥਿਤ ਤੌਰ ਤੇ ਅਗਵਾ ਕਰ ਕੁੱਟਮਾਰ ਕਰ ਉਸ ਤੋਂ ਫਿਰੌਤੀ ਮੰਗ ਰਹੇ ਸਨ। ਇਹ ਦਿਲ ਦਹਿਲਾਉਣ ਵਾਲੀ ਕਹਾਣੀ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਗੇਧੀ ਤੋਂ ਇਸੇ ਹੀ ਸਾਲ ਦੇ ਜਨਵਰੀ ਮਹੀਨੇ ਦੀ 9 ਤਾਰੀਕ ਤੋਂ ਸ਼ੁਰੂ ਹੁੰਦੀ ਹੈ। ਇਸ ਦਿਨ ਬਰੇਸ਼ੀਆਂ ਦੀ ਪੁਲਸ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹੜੇ ਕਿ ਇੱਕ ਭਾਰਤੀ ਨੌਜਵਾਨ ਤੇ ਉਸ ਦੀ ਮਾਂ ਨੂੰ ਸ਼ਹਿਰ ਗੇਧੀ ਦੇ ਡਾਕਘਰ ਧੱਕੇ ਨਾਲ ਲੈਕੇ ਗਏ।

ਇਨ੍ਹਾਂ 3 ਭਾਰਤੀ ਨੌਜਵਾਨਾਂ ਨੇ ਪਿਸਤੌਲ ਨਾਲ ਧਮਕਾਉਂਦਿਆਂ ਬੰਦੀ ਬਣਾਏ ਭਾਰਤੀ ਨੂੰ ਆਪਣੇ ਬੱਚਤ ਖਾਤੇ ਵਿੱਚੋਂ 6000 ਯੂਰੋ ਕਢਵਾਉਣ ਲਈ ਮਜ਼ਬੂਰ ਕੀਤਾ ਪਰ ਬੰਦੀ ਭਾਰਤੀ ਨੇ ਹੌਸਲਾ ਨਹੀਂ ਛੱਡਿਆ ਤੇ ਕਿਸੇ ਤਰ੍ਹਾਂ ਅੱਖ ਬਚਾ ਉਹ ਇੱਕ ਪੁਲਸ ਵਾਲੇ ਤੋਂ (ਜਿਹੜਾ ਉਸ ਸਮੇਂ ਨਾ ਵਰਦੀ ਵਿੱਚ ਸੀ ਤੇ ਨਾਂਹੀ ਡਿਊਟੀ ਉਪੱਰ) ਮਦਦ ਲੈਣ ਵਿੱਚ ਕਾਮਯਾਬ ਹੋ ਗਿਆ। ਸਾਰੇ ਮਾਮਲੇ ਨੂੰ ਸਮਝ ਬਰੇਸ਼ੀਆਂ ਪੁਲਸ ਤੁਰੰਤ ਹਰਕਤ ਵਿੱਚ ਆ ਗਈ ਤੇ ਉਸ ਨੇ ਪਲਕ ਝਪਕਦਿਆਂ ਹੀ ਉਨ੍ਹਾਂ 3 ਭਾਰਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਹਨਾਂ ਕਿ ਭਾਰਤੀ ਨੌਜਵਾਨ ਨੂੰ ਕਥਿਤ ਤੌਰ 'ਤੇ ਬੰਦੀ ਬਣਾਇਆ ਹੋਇਆ ਸੀ।ਇਸ ਭਾਰਤੀ ਗਿਰੋਹ ਕੋਲੋ ਪੁਲਸ ਨੂੰ ਜਦੋਂ 2 ਪਿਸਤੌਲ ਮਿਲੇ ਤੇ ਨਾਲ 25 ਰਾਉਂਦ ਗੋਲਾ ਬਾਰੂਦ ਮਿਲਿਆ ।
2 ਪਿਸਤੌਲਾਂ ਵਿੱਚੋਂ ਵੀ 1 ਚੋਰੀ ਦਾ ਬਰਾਮਦ ਕੀਤਾ ਗਿਆ ।ਕਥਿਤ ਭਾਰਤੀ ਗਿਰੋਹ ਦੇ ਫੋਨਾਂ ਦੇ ਰਿਕਾਰਡ ਤੇ ਹੋਰ ਸੋਸ਼ਲ ਮੀਡੀਏ ਦੇ ਖਾਤੇ ਚੈੱਕ ਕੀਤੇ ਗਏ, ਜਿਹਨਾਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਗਿਰੋਹ ਨੇ ਬੰਦੀ ਬਣਾਏ ਭਾਰਤੀ ਦੀ ਇੱਕ ਗਲਤ ਢੰਗ ਨਾਲ ਵੀਡਿਓ ਵੀ ਬਣਾਈ ਸੀ, ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਉਹ ਬੰਦੀ ਭਾਰਤੀ ਤੋਂ ਫਿਰੌਤੀ ਮੰਗਦੇ ਸਨ। ਇਸ ਤੋਂ ਇਲਾਵਾ ਪੁਲਸ ਨੂੰ ਬਾਲ ਪੋਰਨੋਗ੍ਰਾਫੀ ਸਮੱਗਰੀ ਵੀ ਮਿਲੀ ਹੈ। ਇਸ ਸਾਰੇ ਮਾਮਲੇ ਵਿੱਚ ਪੁਲਸ ਨੇ ਹੁਣ ਤੱਕ 9 ਭਾਰਤੀ ਨੌਜਵਾਨਾਂ ਨੂੰ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋ 8 ਨੂੰ ਜੇਲ ਭੇਜ ਦਿੱਤਾ, ਜਦੋਂ ਕਿ 1 ਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਹੈ।

ਮਾਮਲੇ ਦੀ ਗੰਭੀਰ ਨੂੰ ਦੇਖਦੇ ਜ਼ਿਲ੍ਹਾ ਬਰੇਸ਼ੀਆਂ ਦੇ ਪੁਲਸ ਕਮਿਸ਼ਨਰ ਪਾਓਲੋ ਸਰਤੋਰੀ ਨੇ ਦੋਸ਼ੀ ਭਾਰਤੀ ਨੌਜਵਾਨ ਜਿਹੜੇ ਕਿ ਸਾਰੇ ਕਾਨੂੰਨੀ ਨਿਵਾਸ ਆਗਿਆ ਨਾਲ ਇਟਲੀ ਰਹਿੰਦੇ ਸਨ ਤੇ ਖੇਤੀਬਾੜੀ ਦਾ ਕੰਮ ਕਰਦੇ ਸਨ ਉਨ੍ਹਾਂ ਦੀ ਨਿਵਾਸ ਆਗਿਆ ਰੱਦ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਹਨ ਤਾਂ ਜੋ ਸਜ਼ਾ ਤੋ ਬਾਅਦ ਸਭ ਦੋਸ਼ੀਆਂ ਨੂੰ ਇਹਨਾਂ ਦੇ ਮੂਲ ਦੇਸ਼ ਭਾਰਤ ਭੇਜਿਆ ਜਾ ਸਕੇ। ਉਕਤ 9 ਭਾਰਤੀਆਂ ਨੇ 1 ਭਾਰਤੀ ਨਾਲ ਅਜਿਹਾ ਬਹਿਸ਼ੀਪੁਣੇ ਵਾਲਾ ਸਲੂਕ ਕਿਓ ਕੀਤਾ ,ਕਿਸ ਗੱਲ ਤੋਂ ਉਹ ਬੰਦੀ ਬਣਾਏ ਭਾਰਤੀ ਤੋਂ ਫਿਰੌਤੀ ਮੰਗਦੇ ਸਨ ਜਾਂ ਕਿਉਂ ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਦੁਰਵਿਵਹਾਰ ਕੀਤਾ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਬੇਸ਼ੱਕ ਹਾਲੇ ਤੱਕ ਸਪੱਸ਼ਟ ਨਹੀ ਹੋਏ ਪਰ ਇਸ ਘਟਨਾ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਇਟਲੀ ਵਿੱਚ ਪ੍ਰਵਾਸੀ ਗੈਂਗਵਰਾਂ ,ਨਸ਼ਾ ਤਸਕਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੀ ਹੁਣ ਖੈਰ ਨਹੀਂ, ਜਿਹੜੇ ਕਿ ਪ੍ਰਵਾਸੀਆਂ ਦੇ ਨਾਲ-ਨਾਲ ਇਟਾਲੀਅਨ ਲੋਕਾਂ ਲਈ ਵੱਡੀ ਮੁਸਬੀਤ ਬਣਨ ਦੀ ਕੋਸ਼ਿਸ ਕਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Shubam Kumar

Content Editor

Related News