ਪੁਲਸ ਨਾਕੇ 'ਤੇ ਨਾ ਰੁੱਕਣ ਵਾਲੇ ਵਿਅਕਤੀ ਨੂੰ ਗਵਾਉਣੀ ਪਈ ਜਾਨ

4/10/2021 4:18:04 PM

ਮਿਲਾਨ/ਇਟਲੀ (ਸਾਬੀ ਚੀਨੀਆ) - ਇਟਲੀ ਪੁਲਸ ਦੀ ਇਮਾਨਦਾਰੀ ਅਤੇ ਕੰਮਕਾਜੀ ਤਰੀਕੇ ਦੀ ਪ੍ਰਸ਼ੰਸਾ ਤਾਂ ਤੁਸੀਂ ਅਕਸਰ ਅਖ਼ਬਾਰ ਆਦਿ ਵਿਚ ਸੁਣਦੇ ਰਹਿੰਦੇ ਹੋ ਪਰ ਕਈ ਵਾਰ ਅਜਿਹੀਆਂ ਅਨਹੋਣੀਆ ਵੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਰਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਤਾਜ਼ਾ ਮਾਮਲਾ ਉੱਤਰੀ ਇਟਲੀ ਦੇ ਜ਼ਿਲਾ ਤਰੈਨਤੋ ਦਾ ਹੈ ਜਿਥੇ ਪੁਲਸ ਨਾਕੇ 'ਤੇ ਨਾ ਰੁਕਣ ਕਾਰਨ ਇਕ 44 ਸਾਲਾ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ। ਪ੍ਰਾਪਤ ਵੇਰਵਿਆਂ ਅਨੁਸਾਰ ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਨੂੰ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਚਮਕਾ ਦੇ ਕਿ ਕਾਰ ਭਜਾ ਕੇ ਲੈ ਗਿਆ। ਪੁਲਸ ਪਿੱਛੇ ਕਰਦੇ ਵਿਅਕਤੀ ਦੇ ਘਰ ਤੱਕ ਪਹੁੰਚੀ ਤਾਂ ਉਸ ਨੇ ਦਾਤਰ ਰੂਪੀ ਤੇਜ਼ ਹਥਿਆਰ ਲੈਕੇ ਪੁਲਸ ਵਾਲਿਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਸਿਪਾਹੀ ਵੱਲੋਂ ਆਤਮ ਰੱਖਿਆ ਲਈ ਉਕਤ ਵਿਅਕਤੀ ਦੇ ਪੈਰਾਂ ਵਿਚ ਗੋਲੀ ਮਾਰੀ ਗਈ। ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਇਟਲੀ ਵਿਚ ਪਿਛਲੇ ਲੰਮੇ ਸਮੇਂ ਤੋਂ ਤਾਲਾਬੰਦੀ ਚੱਲ ਰਹੀ ਹੈ। ਸਥਾਨਕ ਪੁਲਿਸ ਘਰਾਂ 'ਚੋਂ ਬਾਹਰ ਆਉਣ-ਜਾਣ ਵਾਲਿਆਂ ਨੂੰ ਪੁੱਛ-ਪੜਾਤਲ ਲਈ ਰੋਕ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਲੱਗ ਰਿਹਾ ਹੈ ਕਿ ਲੋਕ ਪੁਲਸ ਦੇ ਰਵੱਈਏ ਤੋਂ ਨਿਰਾਜ਼ ਹਨ ਅਤੇ ਸਰਕਾਰੀ ਪਾਬੰਦੀਆ ਤੋਂ ਅਜਾਦ ਹੋ ਕੇ ਪਹਿਲਾਂ ਵਰਗੀ ਜਿੰਦਗੀ ਜਿਊਣਾ ਚਾਹੁੰਦੇ ਹਨ। ਇਸ ਹਾਦਸੇ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲਸ ਨੇ ਆਤਮ ਰੱਖਿਆ ਲਈ ਗੋਲੀ ਚਲਾਈ ਥੋੜ੍ਹਾ ਸੰਜਮ ਵਰਤਦੇ ਤਾਂ ਇਕ ਕੀਮਤੀ ਜਾਨ ਬੱਚ ਜਾਂਦੀ।
 


cherry

Content Editor cherry