ਇਟਲੀ ਪੁਲਸ ਨੇ ਪਾਕਿਸਤਾਨੀ ਗਿਰੋਹ ਦੇ 9 ਮੈਂਬਰ ਕੀਤੇ ਕਾਬੂ, 2 ਭਾਰਤੀ ਬਣਾਏ ਸਨ ਬੰਧਕ

Friday, May 23, 2025 - 02:32 PM (IST)

ਇਟਲੀ ਪੁਲਸ ਨੇ ਪਾਕਿਸਤਾਨੀ ਗਿਰੋਹ ਦੇ 9 ਮੈਂਬਰ ਕੀਤੇ ਕਾਬੂ, 2 ਭਾਰਤੀ ਬਣਾਏ ਸਨ ਬੰਧਕ

ਤ੍ਰੀਏਸਤੇ (ਦਲਵੀਰ ਸਿੰਘ ਕੈਂਥ)- ਕਈ ਵਾਰ ਲਾਲਚ ਬੰਦੇ ਨੂੰ ਅਜਿਹੇ ਮਕੜੀ ਜਾਲ ਵਿੱਚ ਫਸਾ ਲੈਂਦਾ ਹੈ ਜਿਸ ਦਾ ਪਤਾ ਫਿਰ ਸਲਾਖਾਂ ਵਿੱਚ ਜਾਣ ਤੋਂ ਬਾਅਦ ਹੀ ਲੱਗਦਾ ਹੈ। ਅਜਿਹਾ ਹੀ ਇਟਲੀ ਵਿੱਚ ਰਹਿਣ ਬਸੇਰਾ ਕਰਦੇ ਪਾਕਿਸਤਾਨੀ ਗਿਰੋਹ ਦੇ ਉਹਨਾਂ 9 ਮੈਂਬਰਾਂ ਨਾਲ ਹੋਇਆ, ਜਿਹੜੇ ਕਿ ਮਜ਼ਬੂਰ ਤੇ ਬੇਵਸ ਲੋਕਾਂ ਨੂੰ ਇਟਲੀ ਪਹੁੰਚਾਉਣ ਦੇ ਇਰਾਦੇ ਨਾਲ ਰੱਜ ਕੇ ਲੁੱਟਦੇ ਤੇ ਕੁੱਟਦੇ ਪਰ ਇਸ ਗਿਰੋਹ ਨੂੰ ਨਹੀਂ ਪਤਾ ਸੀ ਕਿ ਇਟਲੀ ਦੀ ਪੁਲਸ ਉਹਨਾਂ ਦਾ ਇੱਕ ਦਿਨ ਸੋਧਾ ਲਗਾ ਹੀ ਦਵੇਗੀ। ਮਿਲੀ ਜਾਣਕਾਰੀ ਅਨੁਸਾਰ ਤ੍ਰੀਏਸਤੇ ਸਟੇਟ ਪੁਲਸ (ਪੁਲਸ ਹੈੱਡਕੁਆਰਟਰ ਦਾ ਮੋਬਾਈਲ ਸਕੁਐਡ ਅਤੇ ਸੈਂਟਰਲ ਆਪ੍ਰੇਸ਼ਨ ਸਰਵਿਸ) ਨੇ ਸਲੋਵੇਨੀਆ, ਕਰੋਸ਼ੀਆ ਅਤੇ ਬੋਸਨੀਆ ਅਤੇ ਹਰਜ਼ੇਗੋਵਿਨਾ ਦੇ ਪੁਲਸ ਬਲਾਂ ਦੇ ਸਹਿਯੋਗ ਨਾਲ ਅਨਿਯਮਿਤ ਇਮੀਗ੍ਰੇਸ਼ਨ ਤਹਿਤ ਕੰਮ ਕਰਨ ਵਾਲੇ ਇੱਕ ਸੰਗਠਨ ਦਾ ਪਰਦਾਫਾਸ਼ ਕੀਤਾ ਹੈ।

2 ਭਾਰਤੀਆਂ ਨੂੰ ਬਣਾਇਆ ਬੰਧਕ

ਇਸ ਕਾਰਵਾਈ ਵਿਚ ਪਾਕਿਸਤਾਨੀ ਮੂਲ ਦੇ 9 ਲੋਕਾਂ ਖਿਲਾਫ਼ ਸੰਗੀਨ ਜੁਰਮ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਹਨਾਂ ਨੂੰ ਡਕੈਤੀ, ਜਬਰੀ ਵਸੂਲੀ, ਜਬਰੀ ਵਸੂਲੀ ਦੇ ਉਦੇਸ਼ ਨਾਲ ਅਗਵਾ ਅਤੇ ਗੰਭੀਰ ਹਮਲੇ ਵਰਗੇ ਹੋਰ ਅਪਰਾਧਾਂ ਲਈ ਦੋਸ਼ੀ ਪਾਇਆ ਗਿਆ ਹੈ। ਫਰਵਰੀ 2024 ਵਿੱਚ ਭਾਰਤੀ ਮੂਲ ਦੇ 2 ਗੈਰ ਕਾਨੂੰਨੀ ਪ੍ਰਵਾਸੀਆਂ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਸ ਵੱਲੋਂ ਬਹੁਤ ਹੀ ਬਾਰੀਕੀ ਨਾਲ ਜਾਂਚ ਸ਼ੁਰੂ ਹੋਈ ਸੀ। ਇਹ ਗਿਰੋਹ ਜੰਗਲੀ ਰਸਤਿਆਂ ਰਾਹੀਂ ਤਸਕਰਾਂ ਦੀ ਅਗਵਾਈ ਵਿੱਚ ਬੋਸਨੀਆ, ਕ੍ਰੋਏਸ਼ੀਆ, ਸਲੋਵੇਨੀਆ ਅਤੇ ਇਟਲੀ ਦੀਆਂ ਸਰਹੱਦਾਂ ਨੂੰ ਗੁਪਤ ਰੂਪ ਵਿੱਚ ਪਾਰ ਕਰਦਾ ਸੀ। ਇਸ ਪਾਕਿਸਤਾਨੀ ਗਿਰੋਹ ਦਾ ਭਾਂਡਾ ਉਸ ਸਮੇ ਫੁੱਟ ਗਿਆ ਜਦੋਂ ਇਹਨਾਂ ਗੈਰ-ਕਾਨੂੰਨੀ ਇਟਲੀ ਪਹੁੰਚੇ ਦੋ ਭਾਰਤੀਆਂ ਨੂੰ ਘਰ ਵਿੱਚ ਬੰਦੀ ਬਣਾਕੇ ਰੱਖਿਆ। ਇਸ ਸੰਦਰਭ ਵਿੱਚ ਉਹਨਾਂ ਦੋ ਭਾਰਤੀ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਸ਼ਿਕਾਰ ਬਣਾਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-'ਜੇ ਤੁਸੀਂ ਪਾਣੀ ਰੋਕਿਆ ਤਾਂ ਅਸੀਂ....', ਪਾਕਿ ਜਨਰਲ ਨੇ ਭਾਰਤ ਨੂੰ ਦਿੱਤੀ ਗਿੱਦੜ ਭਬਕੀ

ਭਾਰਤੀ ਪਰਿਵਾਰਾਂ ਤੋਂ ਕੀਤੀ ਪੈਸੇ ਦੀ ਮੰਗ

ਪਾਕਿਸਤਾਨੀ ਗਿਰੋਹ ਨੇ ਬੰਦੀ ਭਾਰਤੀਆਂ ਨੂੰ ਤਸੀਹੇ ਦਿੰਦਿਆਂ ਇੱਕ ਵਿਸ਼ੇਸ਼ ਵੀਡਿਓ ਬਣਾ ਕੇ ਭਾਰਤ ਵਿਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭੇਜੀ ਤੇ 2000 ਯੂਰੋ ਦੀ ਰਕਮ ਦੀ ਮੰਗ ਕੀਤੀ। ਬਾਅਦ ਵਿੱਚ ਇਹ ਪੁਸ਼ਟੀ ਹੋਈ ਕਿ ਪੈਸੇ ਦੀ ਅਦਾਇਗੀ ਅਸਲ ਵਿੱਚ ਮਨੀ ਟ੍ਰਾਂਸਫਰ ਸਰਕਟ ਰਾਹੀਂ ਹੋਈ, ਜਿਸ ਵਿਚ ਕਈ ਰਾਜਾਂ (ਪਾਕਸਿਤਾਨ-ਫਰਾਂਸ-ਇਟਲੀ) ਵਿੱਚੋਂ ਪੈਸੇ ਦੇ ਕਈ ਟ੍ਰਾਂਸਫਰ ਵੱਖ-ਵੱਖ ਪ੍ਰਾਪਤਕਰਤਾਵਾਂ ਦੇ ਸੰਕੇਤ ਨਾਲ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਸੰਭਾਵੀ ਪੁਲਸ ਜਾਂਚ ਨੂੰ ਗੁੰਮਰਾਹ ਕੀਤਾ ਜਾ ਸਕੇ। ਅਦਾ ਕੀਤੀ ਗਈ ਰਕਮ ਦਾ ਹਿੱਸੇਦਾਰ ਇੱਕ ਵਿਦੇਸ਼ੀ ਨਾਗਰਿਕ ਪਾਇਆ ਗਿਆ, ਜਿਸ ਕੋਲ ਇਟਲੀ ਦੇ ਪੇਪਰ ਸਨ ਤੇ ਉਹ ਤ੍ਰੀਏਸਤੇ ਦਾ ਬਾਸ਼ਿੰਦਾ ਸੀ।

ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕਈ ਮਹੀਨਿਆਂ ਤੱਕ ਚੱਲੀ ਇਸ ਜਾਂਚ ਲਈ ਖੇਤਰ 'ਤੇ ਕਈ ਸੇਵਾਵਾਂ ਤੋਂ ਇਲਾਵਾ ਤਕਨੀਕੀ ਗਤੀਵਿਧੀਆਂ (ਟੈਲੀਫੋਨ, ਟੈਲੀਮੈਟਿਕ, ਵਾਤਾਵਰਣ ਅਤੇ ਵੀਡੀਓ ਇੰਟਰਸੈਪਸ਼ਨ) ਦੇ ਨਾਲ-ਨਾਲ ਸ਼ੱਕੀਆਂ ਦੁਆਰਾ ਵਰਤੇ ਗਏ ਸੋਸ਼ਲ ਪ੍ਰੋਫਾਈਲਾਂ ਦੀ ਨਿਰੰਤਰ ਨਿਗਰਾਨੀ ਰੱਖੀ ਗਈ। ਗਤੀਵਿਧੀਆਂ ਦੌਰਾਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਹਾਇਤਾ ਅਤੇ ਉਕਸਾਉਣ ਦੀਆਂ ਕਈ ਘਟਨਾਵਾਂ ਤੋਂ ਇਲਾਵਾ ਇਸ ਅਧਿਕਾਰ ਖੇਤਰ ਅਤੇ ਹੋਰ ਥਾਵਾਂ 'ਤੇ ਹਮੇਸ਼ਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨੁਕਸਾਨ ਲਈ ਸਵਾਲ ਵਿੱਚ ਅਪਰਾਧਿਕ ਸੰਗਠਨ ਦੇ ਮੈਂਬਰਾਂ ਦੁਆਰਾ ਕੀਤੀਆਂ ਗਈਆਂ ਗੰਭੀਰ ਅਪਰਾਧਿਕ ਘਟਨਾਵਾਂ ਦੇ ਸੰਬੰਧ ਵਿੱਚ ਕਾਰਵਾਈਆਂ ਵਿੱਚ ਤੱਤ ਪ੍ਰਾਪਤ ਕੀਤੇ ਗਏ ਸਨ। ਦਰਅਸਲ ਇਹ ਸਾਹਮਣੇ ਆਇਆ ਹੈ ਕਿ ਸ਼ੱਕੀ ਲੋਕ, ਇੱਕ ਗਿਰੋਹ ਵਜੋਂ ਕੰਮ ਕਰਦੇ ਹੋਏ ਗੁਆਂਢੀ ਦੇਸ਼ਾਂ ਸਲੋਵੇਨੀਆ ਨਾਲ ਸਬੰਧਤ ਸਰਹੱਦੀ ਖੇਤਰ ਵਿੱਚ ਵੀ ਜਬਰੀ ਵਸੂਲੀ ਦੇ ਉਦੇਸ਼ਾਂ ਲਈ ਡਕੈਤੀਆਂ ਅਤੇ ਅਗਵਾ ਕਰਨ ਦੇ ਆਦੀ ਸਨ।

ਪੜ੍ਹੋ ਇਹ ਅਹਿਮ ਖ਼ਬਰ-Birth certificate 'ਤੇ ਰਜਿਸਟ੍ਰੇਸ਼ਨ ਸਬੰਧੀ ਅਦਾਲਤ ਨੇ ਸੁਣਾਇਆ ਇਤਿਹਾਸਿਕ ਫ਼ੈਸਲਾ

ਮਹੀਨਿਆਂ ਤੋਂ ਚੱਲ ਰਹੀਆਂ ਜਾਂਚਾਂ ਨੇ ਪੁਲਸ ਬੋਸਨੀਆ ਦੇ ਸ਼ਰਨਾਰਥੀ ਕੈਂਪਾਂ ਤੋਂ ਵੱਖ-ਵੱਖ ਨਸਲਾਂ (ਪਾਕਸਿਤਾਨੀ, ਨੇਪਾਲੀ, ਅਫਗਾਨ, ਭਾਰਤੀ) ਦੇ ਪ੍ਰਵਾਸੀਆਂ ਦੀਆਂ ਕਈ ਗੈਰ-ਕਾਨੂੰਨੀ ਗਤੀਵਿਧੀਆਂ ਦਾ ਖੁਲਾਸਾ ਕੀਤਾ ਹੈ। ਇਸ ਗੋਰਖ ਧੰਦੇ ਦੀ ਕੀਮਤ 4000 ਤੋਂ 6000 ਯੂਰੋ ਵਸੂਲੀ ਜਾਂਦੀ ਸੀ। ਗੁੰਝਲਦਾਰ ਜਾਂਚਾਂ ਤੋਂ ਬਾਅਦ ਇਕੱਠੀ ਕੀਤੀ ਗਈ ਸਬੂਤ ਸੰਬੰਧੀ ਸਾਰਥਕਤਾ ਦੀ ਭਰਪੂਰ ਸਮੱਗਰੀ, ਜਿਸ ਨੂੰ ਰਾਜ ਪੁਲਸ ਦੀ ਕੇਂਦਰੀ ਸੰਚਾਲਨ ਸੇਵਾ ਅਤੇ ਤ੍ਰੀਏਸਤੇ ਦੇ ਫਲਾਇੰਗ ਸਕੁਐਡ ਦੇ ਕਰਮਚਾਰੀਆਂ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ।

ਤਲਾਸ਼ੀ ਦੌਰਾਨ ਪੁਲਸ ਨੇ ਨਸ਼ੇ ਦੇ ਹੋਰ ਪਦਾਰਥਾਂ, ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦੇ ਕਬਜ਼ੇ ਵਿੱਚ ਲੈਂਦਿਆਂ ਇੱਕ ਘਰ ਵਿੱਚ 30 ਕੁ ਸਾਲ ਦਾ ਇੱਕ ਪਾਕਿਸਤਾਨੀ ਨਾਗਰਿਕ ਵੀ ਕਾਬੂ ਕੀਤਾ ਹੈ। ਇਟਲੀ ਪੁਲਸ ਨੂੰ ਗੈਰ-ਕਾਨੂੰਨੀ ਗੌਰਖ ਧੰਦੇ ਨੂੰ ਅੰਜਾਮ ਦੇਣ ਵਾਲੇ ਇਸ 9 ਮੈਂਬਰੀ ਪਾਕਿਸਤਾਨੀ ਗਿਰੋਹ ਨੂੰ ਕਾਬੂ ਕਰਨ ਲਈ ਕਾ਼ਫ਼ੀ ਜੱਦੋ-ਜਹਿਦ ਕਰਨੀ ਪਈ ਤੇ ਆਖਿਰ ਹੁਣ ਜਾਕੇ ਇਸ ਕੇਸ ਵਿੱਚ ਮੁੱਖ ਕਸੂਰਵਾਰ ਲੋਕ ਕਾਬੂ ਕੀਤੇ ਗਏ ਹਨ। ਇਹ ਲੋਕ ਜ਼ਿਆਦਾਤਰ ਭਾਰਤੀ ਲੋਕਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਸਨ ਜਿਹੜੇ ਕਿ ਗੈਰ-ਕਾਨੂੰਨੀ ਢੰਗ ਨਾਲ ਸਲੋਵੇਨੀਆ, ਕਰੋਸ਼ੀਆ ਅਤੇ ਬੋਸਨੀਆ ਆਦਿ ਦੇਸ਼ਾਂ ਵਿੱਚ ਜਹਾਜ ਰਾਹੀ ਪਹੁੰਚਦੇ ਤੇ ਉਹਨਾਂ ਨੂੰ ਅੱਗੇ ਇਟਲੀ ਆਦਿ ਦੇਸ਼ਾਂ ਵਿੱਚ ਪਹੁੰਚਾਉਣ ਲਈ ਇਹ ਗਿਰੋਹ ਕੰਮ ਕਰਦਾ ਸੀ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਹੋਰ ਕਈ ਲੋਕ ਵੀ ਇਸ ਧੰਦੇ ਵਿੱਚ ਸ਼ਰੀਕ ਹਨ, ਜਿਹਨਾਂ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News