ਇਟਲੀ ਪੁਲਸ ਨੂੰ ਫਲੈਟ ਦੀ ਕੰਧ ਅੰਦਰੋਂ ਮਿਲੇ 15 ਮਿਲੀਅਨ ਯੂਰੋ , 3 ਨਸ਼ਾ ਤਸਕਰ ਕਾਬੂ
Thursday, Jun 11, 2020 - 12:34 PM (IST)

ਰੋਮ, (ਕੈਂਥ)- ਕੋਵਿਡ -19 ਦਾ ਝੰਬਿਆ ਇਟਲੀ ਹੁਣ ਹੌਲੀ-ਹੌਲੀ ਆਪਣੇ ਪੈਰਾਂ ਹੁੰਦਾ ਜਾ ਰਿਹਾ ਹੈ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ।
ਇਸੇ ਲੜੀ ਤਹਿਤ ਇਟਲੀ ਪੁਲਸ ਨੂੰ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਮਿਲਾਨ ਵਿਚ ਇਕ ਫਲੈਟ ਦੀ ਕੰਧ ਦੇ ਅੰਦਰੋਂ ਨਸ਼ਾ ਤਸਕਰਾਂ ਵਲੋਂ ਲੁਕੋ ਕੇ ਰੱਖੇ 15 ਮਿਲੀਅਨ ਯੂਰੋ ਲੱਭੇ। ਇਸ ਤੋਂ ਬਾਅਦ ਤਿੰਨ ਲੋਕਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਕਾਬੂ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਗਿਰੋਹ ਵਲੋਂ ਇੱਕ ਬਹੁਤ ਵੱਡਾ ਰੈਕੇਟ ਚਲਾਇਆ ਜਾਂਦਾ ਸੀ, ਜਿਸ ਤੋਂ ਮੋਟੀ ਕਮਾਈ ਕਰਕੇ ਕੰਧ ਵਿਚ ਪੈਸੇ ਰੱਖੇ ਜਾਂਦੇ ਸਨ। 45 ਸਾਲਾ ਕਾਰਮੇਲੋ ਪੇਨਸੀ ਨੇ ਮੰਨਿਆ ਕਿ ਕੰਧ ਵਿਚ ਯੂਰੀਆ ਨਾਲ ਭਰੇ 28 ਬਕਸੇ ਰੱਖੇ ਗਏ ਸਨ।
ਇੱਕ ਹੋਰ ਕਾਰਵਾਈ ਦੌਰਾਨ ਦੱਖਣੀ ਇਟਲੀ ਦੇ ਕਲਾਬਰੀਆ ਇਲਾਕੇ ਵਿਚ ਪੁਲਸ ਨੇ 14 ਖੇਤਾਂ ਉਪੱਰ ਨਜ਼ਾਇਜ ਕਬਜ਼ਾ ਕਰਨ ਲਈ ਗੈਂਗਸਟਰਾਂ ਦੇ 60 ਸਾਥੀਆਂ ਨੂੰ ਹਿਰਾਸਤ ਵਿਚ ਲਿਆ । ਕਬਜ਼ਾ ਕੀਤੇ ਫ਼ਾਰਮਾਂ ਦੀ ਕੀਮਤ 80 ਲੱਖ ਯੂਰੋ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਸੈਂਕੜੇ ਗੈਂਗਸਟਰ ਅਫ਼ਰੀਕੀਆਂ ਤੋਂ ਘੱਟ ਪੈਸਿਆਂ ਵਿੱਚ 12-12 ਘੰਟੇ ਕੰਮ ਕਰਵਾਉਂਦੇ ਸਨ ਅਤੇ ਇਨ੍ਹਾਂ ਲਈ ਬਹੁਤ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦੇ ਸਨ।