ਅਹਿਮ ਖ਼ਬਰ : ਇਟਲੀ ਸਰਕਾਰ ਨੇ ‘ਦੇਕਰੂਤੋ ਫਲੂਸੀ’ ਰਾਹੀਂ 82,570 ਕਾਮਿਆਂ ਦੀ ਮੰਗ ਨੂੰ ਦਿੱਤੀ ਹਰੀ ਝੰਡੀ
Sunday, Jan 15, 2023 - 05:45 AM (IST)
ਰੋਮ (ਦਲਵੀਰ ਕੈਂਥ) : ਇਟਲੀ ਅੰਤਰਰਾਸ਼ਟਰੀ ਪੱਧਰ ’ਤੇ ਜਿੱਥੇ ਆਪਣੀਆਂ ਅਨੇਕਾਂ ਖੂਬੀਆਂ ਲਈ ਜਾਣਿਆ ਜਾਂਦਾ ਹੈ, ਉੱਥੇ ਹੀ ਏਸ਼ੀਅਨ ਦੇਸ਼ਾਂ ’ਚ ਸੰਨ 2009 ਤੋਂ ਇਟਲੀ ਅਜਿਹਾ ਜਹਾਜ਼ ਬਣਿਆ ਹੋਇਆ ਹੈ, ਜਿਸ ’ਚ ਉਥੋਂ ਦੇ ਲੋਕ ਕਾਨੂੰਨੀ ਤੇ ਗ਼ੈਰ-ਕਾਨੂੰਨੀ ਢੰਗ ਨਾਲ ਸਵਾਰ ਹੋ ਕੇ ਆਪਣੀ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਦੇ ਹਨ। ਇਟਲੀ ’ਚ ਹਾਲਾਤ ਕੁਝ ਵੀ ਹੋਣ ਮੌਜੂਦਾਂ ਸਰਕਾਰਾਂ ਨੇ ਇਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਗ਼ੈਰ-ਯੂਰਪੀਅਨ ਦੇਸ਼ਾਂ ਲਈ ਦੇਕਰੀਤੋ ਫਲੂਸੀ ਤੇ ਫਲੂਸੀ ਦੇ ਪੇਪਰਾਂ ਰਾਹੀਂ ਖੋਲ੍ਹੇ ਦਰਵਾਜ਼ੇ ਲੱਖਾਂ ਨੌਜਵਾਨਾਂ ਲਈ ਲੁਕਮਾਨ ਹਕੀਮ ਦੇ ਨੁਸਖ਼ਿਆਂ ਵਾਂਗ ਕੰਮ ਕਰ ਰਹੇ ਹਨ। ਬੇਸ਼ੱਕ ਇਨ੍ਹਾਂ ਪੇਪਰਾਂ ’ਚ ਇਟਲੀ ਦੇ ਸਰਕਾਰੀ ਖਜ਼ਾਨੇ ਨਾਲੋਂ ਅਖੌਤੀ ਏਜੰਟਾਂ ਦੀਆਂ ਜੇਬਾਂ ਲੱਖਾਂ ਬਾਹਰੋਂ ਆਉਣ ਵਾਲੇ ਨੌਜਵਾਨਾਂ ਦੀ ਲੁੱਟ-ਖਸੁੱਟ ਨਾਲ ਭਰਦੀਆਂ ਹਨ ਪਰ ਫਿਰ ਇਟਲੀ ਸਰਕਾਰ ਇਹ ਪੇਪਰ ਖੋਲ੍ਹ ਕੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਤਰਲੋਮੱਛੀ ਹੁੰਦੀ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸਾਲ 2022 ’ਚ ਦੇਕਰੀਤੋ ਫਲੂਸੀ ’ਚ ਲੱਖਾਂ ਏਸ਼ੀਅਨ ਨੌਜਵਾਨਾਂ ਨੇ ਪੇਪਰ ਭਰੇ, ਜਿਹੜੇ ਹੁਣ ਤੱਕ ਸਾਰੇ ਨਹੀਂ ਨਿਕਲੇ, ਇਸ ਦੇ ਬਾਵਜੂਦ ਇਟਲੀ ਸਰਕਾਰ ਫਰਵਰੀ ’ਚ ਫਿਰ ਦੇਕਰੂਤੋ ਫਲੂਸੀ ਖੋਲ੍ਹਣ ਦਾ ਮਤਾ ਪਾਸ ਕਰ ਚੁੱਕੀ ਹੈ, ਜਿਸ ਲਈ ਤਮਾਮ ਅਖੌਤੀ ਏਜੰਟਾਂ ਨੇ ਕਮਰ ਕੱਸ ਕੇ ਸਰਕਾਰ ਦੇ ਫ਼ੈਸਲੇ ਨੂੰ ਲਾਗੂ ਕਰਨ ਦੇ ਦਿਨ ਦੀ ਕੰਨਾਂ ’ਚ ਧੂਮ ਲਗਾ ਉਡੀਕ ਕਰ ਰਹੇ ਹਨ। ਇਥੇ ਅਸੀਂ ਆਪਣੇ ਪਾਠਕਾਂ ਨੂੰ ਇਨ੍ਹਾਂ ਪੇਪਰਾਂ ਸੰਬਧੀ ਵਿਸ਼ੇਸ਼ ਜਾਣਕਾਰੀ ਦੇਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਇਹ ਦੱਸ ਰਹੇ ਹਾਂ ਕਿ ਇਨ੍ਹਾਂ ਪੇਪਰਾਂ ਦੇ ਨਿਯਮ ਪਹਿਲਾਂ ਵਾਂਗ ਨਹੀਂ ਹਨ ।
ਇਹ ਖ਼ਬਰ ਵੀ ਪੜ੍ਹੋ : ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਇਟਲੀ ਸਰਕਾਰ ਨੇ ਪਿਛਲੇ ਸਮੇਂ ਕੰਮ ਦੀ ਮੰਗ ਕਰਨ ਵਾਲੇ ਮਾਲਕਾਂ ਦੀਆਂ ਦਰਖ਼ਾਸਤਾਂ ਦੀ ਜਾਂਚ ਕਰਦਿਆਂ ਇਹ ਦੇਖਿਆ ਕਿ ਜਿੰਨੇ ਵੀ ਹੁਣ ਤੱਕ ਦੇਕਰੂਤੋ ਫਲੂਸੀ ਰਾਹੀਂ ਇਟਲੀ ਆਏ, ਉਨ੍ਹਾਂ ਸਾਰਿਆਂ ਨੇ ਇਟਲੀ ’ਚ ਕੰਮ ਨਹੀਂ ਕੀਤਾ, ਜਿਸ ਕਾਰਨ ਸਰਕਾਰ ਨੂੰ ਓਨਾ ਟੈਕਸ ਨਹੀਂ ਆਇਆ, ਜਿੰਨਾ ਆਉਣਾ ਸੀ। ਬਹੁਤ ਸਾਰੇ ਕਾਮਿਆਂ ਨੇ ਇਟਲੀ ਨੂੰ ਯੂਰਪ ’ਚ ਦਾਖਲ ਹੋਣ ਦਾ ਰਾਹ ਹੀ ਸਮਝਿਆ ਤੇ ਦੇਕਰੇਤੋ ਫਲੂਸੀ ਨਾਲ ਇਟਲੀ ’ਚ ਦਾਖ਼ਲ ਹੋ ਕੇ ਅੱਗੇ ਕਿਸੇ ਹੋਰ ਦੇਸ਼ ’ਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ ਇਟਲੀ ਸਰਕਾਰ ਨੇ ਇਸ ਸਾਰੇ ਧੰਦੇ ਨੂੰ ਠੱਲ੍ਹ ਪਾਉਣ ਲਈ ਬਹੁਤ ਹੀ ਸਾਰਥਿਕ ਨਿਯਮਾਂ ਨੂੰ ਹੋਂਦ ’ਚ ਲਿਆਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਚੱਲਦੀ ਬੱਸ ’ਚ ਵਿਦਿਆਰਥਣ ਨੂੰ ਮਾਰੀ ਗੋਲ਼ੀ, ਹੋਇਆ ਫਰਾਰ
ਇਸ ਵਾਰ ਇਟਲੀ ਸਰਕਾਰ ਨੇ ਜਿੱਥੇ ਇਨ੍ਹਾਂ ਪੇਪਰਾਂ ਦੇ 82,570 ਕੋਟੇ ਨੂੰ ਹਰੀ ਝੰਡੀ ਦਿੱਤੀ ਹੈ, ਉੱਥੇ ਹੀ ਇਨ੍ਹਾਂ ਪੇਪਰਾਂ ਵੱਲੋਂ ਕਾਮਿਆਂ ਦੀ ਮੰਗ ਕਰਨ ਵਾਲੇ ਮਾਲਕਾਂ ਨੂੰ ਸਰਕਾਰ ਇਟਲੀ ’ਚ ਬੇਰੁਜ਼ਗਾਰ ਕਾਮੇ ਮੁਹੱਈਆ ਕਰਕੇ ਵੀ ਪੂਰਾ ਕਰ ਸਕਦੀ ਹੈ, ਜਿਸ ਕਰਨ ਹੋ ਸਕਦਾ ਕਈ ਮਾਲਕ ਜਿਹੜੇ ਯੂਰੋ ਕਮਾਉਣ ਲਈ ਪੇਪਰਾਂ ਰਾਹੀਂ ਕਾਮਿਆਂ ਦੀ ਮੰਗ ਕਰਕੇ ਮੋਟੀਆਂ ਰਕਮਾਂ ਕਮਾਉਂਦੇ ਸਨ, ਉਹ ਹੁਣ ਭਾਰਤ ਜਾਂ ਹੋਰ ਏਸ਼ੀਅਨ ਦੇਸ਼ਾਂ ਤੋਂ ਕਾਮੇ ਬੁਲਾਉਣ ਲਈ ਪੇਪਰ ਨਾ ਭਰਨ ਕਿਉਂਕਿ ਜੇਕਰ ਇਹ ਮਾਲਕ ਪੇਪਰ ਭਰਦੇ ਹਨ, ਹੋ ਸਕਦਾ ਸਰਕਾਰ ਇਟਲੀ ਦੇ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਦੇਣ ਲਈ ਉਨ੍ਹਾਂ ਨੂੰ ਕਹਿ ਦੇਵੇ, ਜਿਸ ਤੋਂ ਮੁਨਕਰ ਹੋਣਾ ਮਾਲਕਾਂ ਦੇ ਵੱਸ ’ਚ ਨਹੀਂ ਹੋਵੇਗਾ। ਇਸ ਸਾਰੇ ਤਾਣੇ-ਬਾਣੇ ਦੀ ਨਿਗਰਾਨੀ ਨੈਸ਼ਨਲ ਏਜੰਸੀ ਫਾਰ ਐਕਟਿਵ ਲੇਬਰ ਪਾਲਿਸੀ (ਅਨਪਲ) ਤੇ ਇਟਲੀ ਦੇ ਬੇਰੁਜ਼ਗਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਪੇਪਰਾਂ ’ਚ ਬਹੁਤ ਸਾਰੇ ਇਟਲੀ ਦੇ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ।
ਬਹੁਤ ਘੱਟ ਅਜਿਹੇ ਕੇਸ ਹੋ ਸਕਦੇ ਹਨ, ਜਿਨ੍ਹਾਂ ’ਚ ਮਾਲਕ ਨੂੰ ਇਟਲੀ ’ਚੋਂ ਕਾਮੇ ਨਾ ਮਿਲਣ, ਨਹੀਂ ਤਾਂ ਬਹੁਤ ਸੂਬਿਆਂ ’ਚ ਬੇਰੁਜ਼ਗਾਰ ਕਾਮਿਆਂ ਨੂੰ ਸਰਕਾਰ ਆਪਣੇ ਕੋਲੋਂ ਬੇਰੁਜ਼ਗਾਰੀ ਭੱਤਾ ਦੇ ਉਨ੍ਹਾਂ ਦਾ ਡੰਗ ਟਪਾ ਰਹੀ ਹੈ। ਜ਼ਿਕਰਯੋਗ ਹੈ ਕਿ ਜਿਹੜੇ ਅਖੌਤੀ ਏਜੰਟਾਂ ਨੇ ਮਜਬੂਰ ਤੇ ਲਾਚਾਰ ਲੋਕਾਂ ਨੂੰ ਲੁੱਟਣਾ ਹੀ ਆਪਣਾ ਮਕਸਦ ਬਣਾ ਰੱਖਿਆ ਹੈ, ਉਹ ਇਸ ਵਾਰ ਵੀ ਲੋਕਾਂ ਦੀ ਇਨ੍ਹਾਂ ਪੇਪਰਾਂ ਦੀ ਆੜ ’ਚ ਲੁੱਟ ਕਰਨੋਂ ਕੋਈ ਕਸਰ ਨਹੀਂ ਛੱਡਣਗੇ ਪਰ ਇਨ੍ਹਾਂ ਪੇਪਰਾਂ ’ਚ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਸਹੀ ਕਾਮਿਆਂ ਨੂੰ ਰੁਜ਼ਗਾਰ ਮਿਲੇ, ਹੁਣ ਮਿਲਦਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।