ਇਟਲੀ ਦੇ ਸ਼ਹਿਰ ਵੈਨਿਸ ''ਚ ਭਾਰੀ ਮੀਂਹ ਕਾਰਨ ਫਿਰ ਭਰਿਆ ਪਾਣੀ

Wednesday, Dec 09, 2020 - 05:25 PM (IST)

ਰੋਮ, (ਕੈਂਥ)- ਇਟਲੀ ਦਾ ਵੈਨਿਸ ਸ਼ਹਿਰ ਅਤੇ ਦੁਨੀਆ ਵਿਚ ਪਾਣੀ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਵੀਨਸ (ਵੈਨਿਸ) ਨੂੰ ਦੁਨੀਆ ਭਰ ਤੋਂ ਲੋਕ ਦੇਖਣ ਆਉਂਦੇ ਹਨ। ਇਨ੍ਹੀਂ ਦਿਨੀਂ ਖਰਾਬ ਮੌਸਮ ਕਰਕੇ ਸ਼ਹਿਰ ਨੂੰ ਦੇਖਣ ਲਈ ਬਣਾਏ ਗਏ ਰਸਤੇ ਵਿਚ ਵੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਣੀ ਆ ਜਾਣ ਕਾਰਨ ਹਾਲਾਤ ਖਰਾਬ ਹੋ ਗਏ ਹਨ। 

PunjabKesari

ਵੈਨਿਸ ਸ਼ਹਿਰ ਦੇ ਪਿਆਸਾ ਸੰਨ ਮਾਰਕੋ ਵਿਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ, ਪਾਣੀ ਭਰ ਜਾਣ ਕਰਕੇ ਇੱਥੇ ਰਹਿੰਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਬਹੁਤ ਸਾਰੇ ਘੁੰਮਣ ਵਾਲੇ ਸੈਲਾਨੀਆਂ ਲਈ ਵੀ ਪ੍ਰੇਸ਼ਾਨੀ ਹੋ ਗਈ ਹੈ ਕਿਉਂਕਿ ਵੈਨਿਸ ਸ਼ਹਿਰ ਵਿਚ ਪਾਣੀ ਵੜਨ ਤੋਂ ਰੋਕਣ ਵਾਲੇ ਸਿਸਟਮ ਦੇ ਨਾ ਚੱਲਣ ਕਾਰਨ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਅੱਜ ਇਹ ਸ਼ਹਿਰ ਫਿਰ ਤੋਂ ਪਾਣੀ ਨਾਲ ਨੱਕੋ-ਨੱਕ ਭਰ ਗਿਆ ਹੈ। 

ਪਾਣੀ ਦਾ ਪੱਧਰ ਅੱਜ ਸਵੇਰੇ 122 ਸੈਂਟੀਮੀਟਰ ਤੱਕ ਪਹੁੰਚ ਗਿਆ ਸੀ, ਦੁਪਹਿਰ ਤੱਕ ਮਿਉਂਸੀਪੈਲਟੀ ਵੱਲੋਂ ਇਹ ਪਾਣੀ ਦਾ ਪੱਧਰ 145  ਮੀਟਰ ਸੈਂਟੀਮੀਟਰ ਤਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਮ ਤੌਰ 'ਤੇ ਜਦ ਪਾਣੀ ਦਾ ਪੱਧਰ 130 ਸੈਂਟੀਮੀਟਰ ਪੁੱਜ ਜਾਵੇ ਤਾਂ ਬਚਾਅ ਟੀਮਾਂ ਨੂੰ ਵੀ ਪਹੁੰਚਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਖਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਵੈਨਿਸ ਸ਼ਹਿਰ ਵਿਚ ਮਾਲੀ ਨੁਕਸਾਨ ਹੋਇਆ ਸੀ ਅਤੇ ਸ਼ਹਿਰ ਦੇ ਅੰਦਰ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਪਾਣੀ ਭਰ ਗਿਆ ਸੀ। ਬੀਤੇ ਸਾਲ ਵੈਨਿਸ ਦੇ ਲੋਕਾਂ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਸੀ।


Lalita Mam

Content Editor

Related News