ਇਜ਼ਰਾਇਲੀ ਸਰਕਾਰ ''ਚ ਹਲਚਲ, ਸਿਹਤ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਕੋਰੋਨਾ

04/02/2020 10:09:27 AM

ਤੇਲ ਅਵੀਵ : ਹੁਣ ਇਜ਼ਰਾਇਲ ਦੇ ਸਿਹਤ ਮੰਤਰੀ ਯਾਕੋਵ ਲਿਤਜ਼ਮੈਨ ਤੇ ਉਨ੍ਹਾਂ ਦੀ ਪਤਨੀ ਵੀ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੀਟਿਵ ਪਾਏ ਗਏ ਹਨ। ਇਜ਼ਰਾਇਲੀ ਸਿਹਤ ਵਿਭਾਗ ਨੇ ਬੁੱਧਵਾਰ ਅੱਧੀ ਰਾਤ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਫਿਲਹਾਲ ਲਿਤਜ਼ਮੈਨ ਤੇ ਉਨ੍ਹਾਂ ਦੀ ਪਤਨੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।

71 ਸਾਲਾ ਲਿਤਜ਼ਮੈਨ ਦੇਸ਼ ਵਿਚ ਕੋਰੋਨਾ ਨਾਲ ਪੀੜਤ ਹੋਣ ਵਾਲੇ ਸਭ ਤੋਂ ਉੱਚ ਇਜ਼ਰਾਇਲੀ ਅਧਿਕਾਰੀ ਹਨ। ਬਿਆਨ ਮੁਤਾਬਕ ਲਿਤਜ਼ਮੈਨ ਅਤੇ ਉਨ੍ਹਾਂ ਦੀ ਪਤਨੀ ਆਈਸੋਲੇਸ਼ਨ ਵਿਚ ਹਨ ਅਤੇ ਦੋਹਾਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਿਗਰਾਨੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਵੀ ਕੁਆਰੰਟੀਨ ਵਿਚ ਭੇਜ ਦਿੱਤਾ ਗਿਆ ਹੈ।

ਇਜ਼ਰਾਇਲ 'ਚ 25 ਮੌਤਾਂ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਵੀ ਲਿਤਜ਼ਮੈਨ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਨੇਤਨਯਾਹੂ ਨੇ ਵੀ ਬੁੱਧਵਾਰ ਨੂੰ ਹੀ ਆਪਣੀ ਕੁਆਰੰਟੀਨ ਦਾ ਸਮਾਂ ਪੂਰਾ ਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਨੇਤਨਯਾਹੂ ਸਰਕਾਰ ਵੱਲੋਂ ਇਸ ਸੰਕਟ ਨਾਲ ਨਿਜੱਠਣ ਵਿਚ ਸਿਹਤ ਮੰਤਰੀ ਯਾਕੋਵ ਨੇ ਖਾਸ ਭੂਮਿਕਾ ਨਿਭਾਈ ਹੈ। ਉਹ ਪ੍ਰਧਾਨ ਮੰਤਰੀ ਨਾਲ ਹਰ ਮਹੱਤਵਪੂਰਣ ਬੈਠਕ ਵਿਚ ਸ਼ਾਮਲ ਹੁੰਦੇ ਰਹੇ ਹਨ ਅਤੇ ਦੇਸ਼ ਵਿਚ ਕੋਰੋਨਾ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ। ਇਜ਼ਰਾਇਲ ਵਿਚ ਹੁਣ ਤੱਕ 25 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 6,092 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
 


Lalita Mam

Content Editor

Related News