ਮੈਟਾ ਤੇ ਟਿਕਟੋਕ ਡਿਲੀਟ ਕਰਨਗੇ ਜੰਗ ਨਾਲ ਜੁੜੀਆਂ 8 ਹਜ਼ਾਰ ਪੋਸਟਾਂ, ਇਜ਼ਰਾਈਲ ਨੇ ਦਿੱਤਾ ਆਦੇਸ਼
Wednesday, Nov 22, 2023 - 04:25 PM (IST)
ਗੈਜੇਟ ਡੈਸਕ- ਕਰੀਬ ਡੇਢ ਮਹੀਨੇ ਤਕ ਲਗਾਤਾਰ ਚੱਲੀ ਜੰਗ ਤੋਂ ਬਾਅਦ ਹਮਾਸ ਅਤੇ ਇਜ਼ਲਾਈਲ ਜੰਗਬੰਦੀ ਲਈ ਤਿਆਰ ਹੋਏ। ਅਮਰੀਕਾ ਨੇ ਗਾਜ਼ਾ 'ਚ 5 ਦਿਨਾਂ ਦੀ ਜੰਗਬੰਦੀ ਦੇ ਬਦਲੇ ਦਰਜਨਾਂ ਬੰਦੀਆਂ ਨੂੰ ਰਿਹਾਅ ਕਰਨ ਲਈ ਇਜ਼ਰਾਈਲ-ਹਮਾਸ ਵਿਚਾਲੇ ਇਕ ਸਮਝੌਤਾ ਕਰਵਾਇਆ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਨੇ ਹਮਾਸ ਦੇ ਨਾਲ ਜੰਗਬੰਦੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਵਿਚਕਾਰ ਇਜ਼ਰਾਈਲ ਨੇ ਮੈਟਾ ਅਤੇ ਟਿਕਟੋਕ ਨੂੰ ਜੰਗ ਨਾਲ ਸੰਬੰਧਿਤ ਕਰੀਬ 8 ਹਜ਼ਾਰ ਪੋਸਟਾਂ ਨੂੰ ਡਿਲੀਟ ਕਰਨ ਦਾ ਆਦੇਸ਼ ਦਿੱਤਾ ਹੈ।
ਇਜ਼ਰਾਈਲੀ ਸਟੇਟ ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ, ਇਹ ਪੋਸਟਾਂ ਕੰਪਨੀ ਦੀਆਂ ਨੀਤੀਆਂ ਦੀ ਉਲੰਘਣਾ ਕਰਦੀਆਂ ਹਨ। ਏਜੰਸੀ ਦਾ ਕਹਿਣਾ ਹੈ ਕਿ ਪ੍ਰਮੁੱਖ ਸੋਸ਼ਲ ਸਾਈਟਾਂ 'ਤੇ ਫਲੈਗ ਕੀਤੀ ਗਈ 94 ਫੀਸਦੀ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ। ਇਜ਼ਰਾਈਲ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਪੋਸਟਾਂ ਵਿੱਚ ਹਿੰਸਾ ਅਤੇ ਅੱਤਵਾਦ ਨੂੰ ਭੜਕਾਉਣ ਵਾਲੀ ਸਮੱਗਰੀ ਸ਼ਾਮਲ ਹੈ। ਕਈ ਗਰੁੱਪਾਂ ਵੱਲੋਂ ਅਜਿਹੀ ਸਮੱਗਰੀ ਪੋਸਟ ਕੀਤੀ ਜਾ ਰਹੀ ਸੀ। ਟਿਕਟੋਕ 'ਤੇ ਬਹੁਤ ਸਾਰੇ ਵੀਡੀਓਜ਼ ਹਨ ਜਿਨ੍ਹਾਂ ਵਿਚ ਹਮਾਸ ਦੀ ਤਾਰੀਫ ਕਰਨ ਵਾਲੇ ਗੀਤ ਹਨ। ਟਿਕਟੋਕ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਆਦੇਸ਼ ਤੋਂ ਬਾਅਦ ਅਜਿਹੀਆਂ ਪੋਸਟਾਂ ਨੂੰ ਹਟਾ ਦਿੱਤਾ ਗਿਆ ਹੈ।
ਹਾਲਾਂਕਿ ਹਮਾਸ ਦਾ ਸਮਰਥਨ ਕਰਨ ਵਾਲੀ ਸਮੱਗਰੀ ਇੰਟਰਨੈੱਟ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਮੌਜੂਦ ਹੈ ਪਰ ਗੂਗਲ, ਟਿਕਟੋਕ ਅਤੇ ਫੇਸਬੁੱਕ ਨੇ ਹਮਾਸ ਸਮੇਤ ਅੱਤਵਾਦੀ ਸਮੂਹਾਂ ਨੂੰ ਉਤਸ਼ਾਹਿਤ ਕਰਨ ਵਾਲੀ ਹਰ ਸਮੱਗਰੀ 'ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਅਮਰੀਕਾ ਨੇ ਹਮਾਸ ਨੂੰ ਅੱਤਵਾਦੀ ਸਮੂਹ ਐਲਾਨਿਆ ਹੋਇਆ ਹੈ।